PKVY: ਭਾਰਤ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਮੰਤਰਾਲਾ ਇੱਕ ਨਵੀਂ ਕੇਂਦਰੀ ਯੋਜਨਾ ਤਿਆਰ ਕਰ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਅੰਦਾਜ਼ਨ 2500 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਸਤਾਵਿਤ ਨਵੀਂ ਯੋਜਨਾ ਨੂੰ ਜਲਦੀ ਹੀ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਰੱਖਿਆ ਜਾਵੇਗਾ। ਜੇਕਰ ਇਸ ਯੋਜਨਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੁਦਰਤੀ ਖੇਤੀ (Progressive Aggriculture) ਕਰਨ ਵਾਲੇ ਕਿਸਾਨਾਂ ਲਈ ਬਹੁਤ ਵੱਡੀ ਖੁਸ਼ਖ਼ਬਰੀ ਹੈ। ਇਸ ਯੋਜਨਾ ਨਾਲ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਲਾਭ ਹੋਵੇਗਾ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਦਸੰਬਰ 'ਚ ਗੁਜਰਾਤ 'ਚ ਕੁਦਰਤੀ ਖੇਤੀ 'ਤੇ ਇਕ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਖਾਦ ਅਤੇ ਕੀਟਨਾਸ਼ਕ 'ਤੇ ਆਧਾਰਿਤ ਖੇਤੀ ਦੇ ਬਦਲਾਂ ਦੀ ਖੋਜ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਵਿੱਚ ਕਿਹਾ ਸੀ ਕਿ ਕੁਦਰਤੀ ਖੇਤੀ ਬਿਹਤਰ ਉਤਪਾਦ ਲਿਆ ਸਕਦੀ ਹੈ, ਜਿਸ ਦਾ ਕੋਈ 'ਸਾਈਡ ਇਫੈਕਟ' ਨਹੀਂ ਹੈ।
ਇਸ ਤੋਂ ਕੁਝ ਮਹੀਨਿਆਂ ਬਾਅਦ ਇਹ ਨਵੀਂ ਯੋਜਨਾ ਬਣਾਈ ਗਈ ਹੈ। ਸਟੇਕਹੋਲਡਰਾਂ ਨਾਲ ਗੱਲਬਾਤ ਤੋਂ ਬਾਅਦ, ਕੁਦਰਤੀ ਖੇਤੀ ਬਾਰੇ ਇੱਕ ਡਰਾਫਟ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਖੇਤੀ ਦੀ ਮੌਜੂਦਾ ਪ੍ਰਣਾਲੀ ਵਿੱਚ ਵਿਘਨ ਪਾਏ ਬਿਨਾਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ।
ਪ੍ਰਸਤਾਵਿਤ ਯੋਜਨਾ ਤਹਿਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੇ ਮੰਡੀਕਰਨ ਲਈ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਸਤ੍ਰਿਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਕੇਂਦਰੀ ਬਜਟ 2022 'ਚ ਸਰਕਾਰ ਨੇ ਦੇਸ਼ ਭਰ 'ਚ ਕੈਮੀਕਲ ਮੁਕਤ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਐਲਾਨ ਕੀਤਾ ਸੀ। ਇਹ ਗੰਗਾ ਨਦੀ ਦੇ ਨਾਲ ਖੇਤਾਂ ਦੇ ਪੰਜ ਕਿਲੋਮੀਟਰ ਦੇ ਘੇਰੇ ਨਾਲ ਸ਼ੁਰੂ ਹੋਣੀ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰੀ ਖੋਜ ਸੰਸਥਾ ਨੀਤੀ ਆਯੋਗ ਦੇ ਅਨੁਸਾਰ, ਕੁਦਰਤੀ ਖੇਤੀ ਇੱਕ ਰਸਾਇਣ ਮੁਕਤ ਰਵਾਇਤੀ ਖੇਤੀ ਵਿਧੀ ਹੈ। ਭਾਰਤ ਵਿੱਚ ਕੁਦਰਤੀ ਖੇਤੀ ਨੂੰ ਕੇਂਦਰੀ ਪ੍ਰਯੋਜਿਤ ਸਕੀਮ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (PKVY) ਦੇ ਤਹਿਤ ਕੁਦਰਤੀ ਖੇਤੀ ਪ੍ਰਣਾਲੀ ਪ੍ਰੋਗਰਾਮ (BPKP) ਵੱਲੋਂ ਉਤਸ਼ਾਹਿਤ ਕੀਤਾ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, PM Kisan Samman Nidhi Yojna, Progressive Farmer, Progressive Farming