
PMSBY: ਸਾਲ ਦੇ 12 ਰੁਪਏ 'ਤੇ ਮਿਲੇਗਾ 2 ਲੱਖ ਰੁਪਏ ਦਾ ਬੀਮਾ, ਇਸ ਤਰ੍ਹਾਂ ਕਰੋ ਅਪਲਾਈ (ਫਾਈਲ ਫੋਟੋ)
PM Suraksha Bima Yojana: ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਕਦੋਂ ਕੀ ਵਾਪਰ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਦੁਰਘਟਨਾ, ਬਿਮਾਰੀ ਜਾਂ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ, ਬੀਮਾ ਸਾਡੇ ਸਭ ਤੋਂ ਵੱਧ ਤੇ ਸਭ ਤੋਂ ਪਹਿਲਾਂ ਕੰਮ ਆਉਂਦਾ ਹੈ। ਕੋਰੋਨਾ ਮਹਾਂਮਾਰੀ ਨੇ ਬੀਮਾ ਦੇ ਮਹੱਤਵ ਨੂੰ ਬਿਹਤਰ ਤਰੀਕੇ ਨਾਲ ਸਮਝਾਇਆ ਹੈ। ਬੀਮੇ ਰਾਹੀਂ ਘੱਟ ਕੀਮਤ 'ਤੇ ਵੱਡੀ ਵਿੱਤੀ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ। ਅਜਿਹਾ ਨਹੀਂ ਹੈ ਕਿ ਵੱਡੀ ਵਿੱਤੀ ਮਦਦ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਂਦੇ ਹਨ, ਪਰ ਮਾਮੂਲੀ ਪ੍ਰੀਮੀਅਮ 'ਤੇ ਲੱਖਾਂ ਰੁਪਏ ਦੇ ਬੀਮੇ ਦਾ ਲਾਭ ਲਿਆ ਜਾ ਸਕਦਾ ਹੈ।
ਅਜਿਹੀ ਇੱਕ ਬੀਮਾ ਯੋਜਨਾ ਹੈ - ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ। ਇਸ ਬੀਮਾ ਯੋਜਨਾ ਦੇ ਤਹਿਤ, ਸਿਰਫ 12 ਰੁਪਏ ਦੀ ਲਾਗਤ 'ਤੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਉਪਲਬਧ ਹੈ। ਯਾਨੀ ਹਰ ਮਹੀਨੇ ਸਿਰਫ਼ ਇੱਕ ਰੁਪਏ ਦਾ ਖਰਚਾ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ-PMSBY ਦੇ ਤਹਿਤ, ਜੇਕਰ ਬੀਮਾ ਕਰਵਾਉਣ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਨਾਮਜ਼ਦ ਵਿਅਕਤੀ ਨੂੰ 2 ਲੱਖ ਰੁਪਏ ਦਿੱਤੇ ਜਾਂਦੇ ਹਨ।
ਜੇਕਰ ਕਿਸੇ ਦੁਰਘਟਨਾ ਵਿੱਚ ਬੀਮੇ ਵਾਲੇ ਦੀਆਂ ਦੋਵੇਂ ਅੱਖਾਂ ਪੂਰੀ ਤਰ੍ਹਾਂ ਨਾਲ ਜਾਂ ਦੋਵੇਂ ਹੱਥ ਜਾਂ ਦੋਵੇਂ ਲੱਤਾਂ ਬੇਕਾਰ ਹੋ ਜਾਂਦੀਆਂ ਹਨ ਜਾਂ ਇੱਕ ਅੱਖ ਦੀ ਨਜ਼ਰ ਚਲੀ ਜਾਂਦੀ ਹੈ ਜਾਂ ਇੱਕ ਹੱਥ ਜਾਂ ਇੱਕ ਲੱਤ ਕੰਮ ਨਹੀਂ ਕਰਦੀ ਹੈ, ਤਾਂ ਬੀਮੇ ਵਾਲੇ ਨੂੰ 2 ਲੱਖ ਰੁਪਏ ਦਿੱਤੇ ਜਾਣਗੇ। ਜੇਕਰ ਵਿਅਕਤੀ ਅੰਸ਼ਿਕ ਤੌਰ 'ਤੇ ਅਪਾਹਜ ਹੈ, ਤਾਂ 1 ਲੱਖ ਤੱਕ ਦਾ ਕਵਰੇਜ ਉਪਲਬਧ ਹੈ।
ਕਿਵੇਂ ਪ੍ਰਾਪਤ ਕਰੀਏ ਬੀਮਾ
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਸਾਲ 2015 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਲਈ 18 ਸਾਲ ਤੋਂ 70 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਅਪਲਾਈ ਕਰ ਸਕਦਾ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਇੱਕ ਮਿਆਦੀ ਯੋਜਨਾ ਹੈ ਅਤੇ ਇੱਕ ਸਾਲ ਲਈ ਵੈਧ ਹੈ। ਇਸ ਤੋਂ ਬਾਅਦ ਇਸ ਨੂੰ ਹਰ ਸਾਲ ਰੀਨਿਊ ਕਰਵਾਉਣਾ ਪੈਂਦਾ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਲਈ ਅਪਲਾਈ ਬੈਂਕ ਖਾਤੇ ਰਾਹੀਂ ਕੀਤਾ ਜਾ ਸਕਦਾ ਹੈ।
ਬੀਮਾ ਲੈਣ ਵਾਲੇ ਵਿਅਕਤੀ ਦਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ। ਜਿਸ ਬੈਂਕ ਵਿੱਚ ਤੁਹਾਡਾ ਖਾਤਾ ਹੈ, ਤੁਹਾਨੂੰ PMSBY ਦਾ ਇੱਕ ਫਾਰਮ ਭਰਨਾ ਹੋਵੇਗਾ। ਫਾਰਮ ਭਰਨ ਤੋਂ ਬਾਅਦ, ਹਰ ਸਾਲ ਤੁਹਾਡੇ ਬੈਂਕ ਖਾਤੇ ਵਿੱਚੋਂ 12 ਰੁਪਏ ਕੱਟੇ ਜਾਂਦੇ ਹਨ। ਇਸ ਸਕੀਮ ਵਿੱਚ 1 ਜੂਨ ਤੋਂ 31 ਮਈ ਤੱਕ ਇੱਕ ਸਾਲ ਦੀ ਕਵਰੇਜ਼ ਦਿੱਤੀ ਜਾਂਦੀ ਹੈ। ਪਾਲਿਸੀਧਾਰਕ ਦੇ ਬੈਂਕ ਖਾਤੇ ਵਿੱਚ 31 ਮਈ ਤੱਕ ਇੰਨੇ ਪੈਸੇ ਹੋਣੇ ਚਾਹੀਦੇ ਹਨ ਤਾਂ ਕਿ ਬੈਂਕ ਖਾਤੇ ਵਿੱਚੋਂ 12 ਰੁਪਏ ਦਾ ਪ੍ਰੀਮੀਅਮ ਕੱਟਿਆ ਜਾ ਸਕੇ। ਦੁਰਘਟਨਾ ਦੀ ਸਥਿਤੀ ਵਿੱਚ, ਦਾਅਵਾ 30 ਦਿਨਾਂ ਦੇ ਅੰਦਰ ਕਰਨਾ ਹੁੰਦਾ ਹੈ ਅਤੇ ਦਾਅਵੇ ਦਾ ਨਿਪਟਾਰਾ ਵੱਧ ਤੋਂ ਵੱਧ 60 ਦਿਨਾਂ ਦੇ ਅੰਦਰ ਹੁੰਦਾ ਹੈ।
ਕਰੋੜਾਂ ਲੋਕ ਲੈ ਰਹੇ ਹਨ ਲਾਭ
ਦੇਸ਼ ਦੇ ਕਰੋੜਾਂ ਲੋਕ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਲਾਭ ਲੈ ਰਹੇ ਹਨ। ਇਸ ਸਕੀਮ ਤਹਿਤ ਲਾਭਪਾਤਰੀਆਂ ਦੀ ਗਿਣਤੀ ਵੀ 27.26 ਕਰੋੜ ਨੂੰ ਪਾਰ ਕਰ ਗਈ ਹੈ। ਵਿੱਤੀ ਸੇਵਾਵਾਂ ਵਿਭਾਗ (DFS) ਨੇ ਕਿਹਾ ਹੈ ਕਿ ਇਹ ਅਜਿਹੀ ਸਮਾਜਿਕ ਸੁਰੱਖਿਆ ਯੋਜਨਾ ਹੈ ਜਿਸ ਵਿੱਚ ਪਾਲਿਸੀਧਾਰਕ ਨੂੰ 12 ਰੁਪਏ ਦਾ ਸਾਲਾਨਾ ਪ੍ਰੀਮੀਅਮ ਅਦਾ ਕਰਨਾ ਪੈਂਦਾ ਹੈ ਅਤੇ ਬਦਲੇ ਵਿੱਚ ਉਨ੍ਹਾਂ ਨੂੰ 2 ਲੱਖ ਰੁਪਏ ਦਾ ਬੀਮਾ ਕਵਰ ਮਿਲਦਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।