ਮਸ਼ਹੂਰ ਯੂਨੀਵਰਸਿਟੀ ਦੀ ਵੈੱਬਸਾਈਟ ਦੁਆਰਾ ਪ੍ਰਕਾਸ਼ਿਤ ਇੱਕ ਹਾਰਵਰਡ ਮੈਡੀਕਲ ਅਧਿਐਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਹੋਏ ਦੋ ਅਧਿਐਨਾਂ ਨੇ ਇਸ ਗੱਲ 'ਤੇ ਇੱਕ ਨਵੀਂ ਰੌਸ਼ਨੀ ਪਾਈ ਹੈ ਕਿ ਕਿਵੇਂ ਇਨਫਲਾਮੇਟਰੀ ਭੋਜਨ ਅਤੇ ਪੀਣ ਵਾਲੇ ਪਦਾਰਥ ਦਿਲ ਦੀ ਬਿਮਾਰੀ ਦੇ ਜੋਖ਼ਿਮ ਨੂੰ ਪ੍ਰਭਾਵਿਤ/ਵਧਾ ਸਕਦੇ ਹਨ। ਸਰਲ ਸ਼ਬਦਾਂ ਵਿੱਚ ਕਹੀਏ ਤਾਂ ਜੇਕਰ ਤੁਸੀਂ ਆਪਣੇ ਭੋਜਨ ਵਿੱਚ ਵਧੇਰੇ ਲਾਲ, ਪ੍ਰੋਸੈਸਡ ਅਤੇ ਓਰਗਨ ਮੀਟ ਲੈਂਦੇ ਹੋ, ਰਿਫਾਇੰਡ ਕਾਰਬੋਹਾਈਡ੍ਰੇਟਸ ਅਤੇ ਮਿੱਠੇ ਪੇਅ ਪਦਾਰਥ/ਡ੍ਰਿੰਕਸ ਦੀ ਖ਼ਪਤ ਕਰਦੇ ਹੋ ਤਾਂ ਤੁਸੀਂ ਇਨ੍ਹਾਂ ਇਨਫਲਾਮੇਟਰੀ ਭੋਜਨਾਂ ਦੁਆਰਾ ਹੋਣ ਵਾਲੀ ਦਿਲ ਦੀ ਗੰਭੀਰ ਬਿਮਾਰੀ ਦੇ ਖ਼ਤਰੇ ਨੂੰ ਸੱਦਾ ਦੇ ਰਹੇ ਹੋ।
TimesNow ਵਿੱਚ ਪ੍ਰਕਾਸ਼ਿਤ ਹੋਈ ਇੱਕ ਖ਼ਬਰ ਦੇ ਮੁਤਾਬਿਕ ਚਿਕਿਤਸਕਾਂ ਦਾ ਕਹਿਣਾ ਹੈ ਕਿ ਦਵਾਈਆਂ ਦੀ ਵਰਤੋਂ ਨਾਲ ਨਹੀਂ ਬਲਕਿ ਇੱਕ ਚੰਗੀ ਖ਼ੁਰਾਕ ਹੀ ਹੈ ਜਿਸ ਦੇ ਸੇਵਨ ਨਾਲ ਤੁਸੀਂ ਇਨਫਲਾਮੇਸ਼ਨ ਅਤੇ ਅਜਿਹੀਆਂ ਕਈ ਬਿਮਾਰੀਆਂ ਤੋਂ ਬੱਚ ਸਕਦੇ ਹੋ। ਇਸ ਖ਼ਬਰ ਦੇ ਅਨੁਸਾਰ ਹਾਰਵਰਡ ਅਧਿਐਨ ਕਹਿੰਦਾ ਹੈ ਕਿ ਇਨਫਲਾਮੇਟਰੀ/ਭੜਕਾਊ ਭੋਜਨ ਦੇ ਉਲਟ ਐਂਟੀ-ਇਨਫਲਾਮੇਟਰੀ ਖ਼ੁਰਾਕ ਜ਼ਿਆਦਾਤਰ ਹਰੀ ਪੱਤੇਦਾਰ ਸਬਜ਼ੀਆਂ (ਕਾਲੇ - ਇੱਕ ਤਰ੍ਹਾਂ ਦੀ ਗੋਭੀ, ਪਾਲਕ), ਗੂੜ੍ਹੀ ਪੀਲੀ ਅਤੇ ਸੰਤਰੀ ਸਬਜ਼ੀਆਂ (ਪੀਲੀ ਮਿਰਚ, ਗਾਜਰ), ਅਨਾਜ, ਫਲ, ਚਾਹ, ਕਾਫੀ ਅਤੇ ਰੈੱਡ ਵਾਈਨ ਦੀ ਦਰਮਿਆਨੀ ਮਾਤਰਾ 'ਤੇ ਜ਼ੋਰ ਦਿੰਦੀ ਹੈ।
ਅਧਿਐਨ ਦਾ ਰੂਪ ਅਤੇ ਅਵਧੀ/ਮਿਆਦ -
ਹਾਰਵਰਡ ਦਾ ਪੇਪਰ ਕਹਿੰਦਾ ਹੈ ਕਿ ਅਮੇਰਿਕਨ ਕਾਲਜ ਆਫ਼ ਕਾਰਡੀਓਲੌਜੀ ਦੇ ਜਰਨਲ ਵਿੱਚ 10 ਨਵੰਬਰ, 2020 ਨੂੰ ਪ੍ਰਕਾਸ਼ਿਤ ਹੋਏ ਇੱਕ ਅਧਿਐਨ ਦੀ ਸ਼ੁਰੂਆਤ ਵਿੱਚ ਹਾਈ/ਜ਼ਿਆਦਾ ਅਤੇ ਘੱਟ/ਲੋ-ਇਨਫਲਾਮੇਟਰੀ ਖ਼ੁਰਾਕਾਂ ਦੇ ਪ੍ਰਭਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ 2,10,000 ਲੋਕ ਉਹ ਸਨ ਜੋ ਕਿ ਦਿਲ ਦੀ ਬਿਮਾਰੀ ਤੋਂ ਮੁਕਤ ਸਨ। ਇਸ ਅਧਿਐਨ ਵਿੱਚ ਭਾਗੀਦਾਰਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਹਰ ਚਾਰ ਸਾਲਾਂ ਵਿੱਚ ਲਗਭਗ 32 ਸਾਲਾਂ ਤੱਕ ਦਰਜ ਕੀਤੀਆਂ ਗਈਆਂ ਸਨ।
ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਲੋ-ਇਨਫਲਾਮੇਟਰੀ ਖ਼ੁਰਾਕ ਦੀ ਬਜਾਏ ਹਾਈ-ਇਨਫਲਾਮੇਟਰੀ ਖੁਰਾਕ ਦਾ ਸੇਵਨ ਕੀਤਾ ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਦਾ 38% ਵਧੇਰੇ ਜੋਖ਼ਿਮ ਪਾਇਆ ਗਿਆ ਅਤੇ ਸਟ੍ਰੋਕ ਦਾ ਵੀ 28% ਵਧੇਰੇ ਰਿਸਕ ਪਾਇਆ ਗਿਆ।
ਸਤੰਬਰ 2020 ਵਿੱਚ ਹਾਰਵਰਡ ਜਰਨਲ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਇਹ ਖ਼ੁਲਾਸਾ ਕੀਤਾ ਗਿਆ ਸੀ ਕਿ ਇਨਫਲਾਮੇਟਰੀ ਖ਼ੁਰਾਕ - ਜਿਵੇਂ ਪ੍ਰੋਸੈਸਡ ਮੀਟ, ਮਠਿਆਈਆਂ ਅਤੇ ਰਿਫਾਇੰਡ ਅਨਾਜ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਨਾਲ ਜੁੜੀ ਹੋਈ ਹੈ ਜਿਸ ਵਿੱਚ ਕੋਲਨ ਕੈਂਸਰ ਦਾ ਵੱਧਦਾ ਹੋਇਆ ਖ਼ਤਰਾ, ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਸ਼ੂਗਰ ਆਦਿ ਵੀ ਸ਼ਾਮਿਲ ਹੈ।
ਜਿਹੜੀ ਗੱਲ ਅਜਿਹੇ ਖਾਣਿਆਂ ਦੇ ਆਦੀ ਲੋਕਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾਉਂਦੀ ਹੈ, ਉਹ ਇਹ ਹੈ ਕਿ ਗੈਸਟ੍ਰੋਐਂਟਰੋਲੋਜੀ ਦੁਆਰਾ 7 ਮਈ, 2020 ਨੂੰ ਆਨਲਾਈਨ ਪ੍ਰਕਾਸ਼ਿਤ ਕੀਤੇ ਗਏ ਇੱਕ ਹੋਰ ਹਾਰਵਰਡ ਅਧਿਐਨ ਵਿੱਚ ਇੱਕ ਹੋਰ ਸੰਭਾਵਿਤ ਜੋਖ਼ਿਮ (ਬਿਮਾਰੀ) ਦਾ ਪਤਾ ਲੱਗਿਆ ਜਿਸ ਦਾ ਨਾਂ ਹੈ ਕਰੋਨਜ਼, ਇੱਕ ਅਜਿਹੀ ਸਥਿਤੀ ਜੋ ਵੱਡੀ ਅਤੇ ਛੋਟੀ ਅੰਤੜੀਆਂ ਵਿੱਚ ਇਨਫਲਾਮੇਸ਼ਨ ਦੇ ਖ਼ੇਤਰਾਂ ਨੂੰ ਦਰਸ਼ਾਉਂਦੀ ਹੈ। ਇਹ ਅਧਿਐਨ ਨਿਰੀਖਣਸ਼ੀਲ ਸੀ ਅਤੇ ਕੋਈ ਦਾਅਵਾ ਨਹੀਂ ਕਰਦਾ ਕਿ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇੱਕ ਇਨਫਲਾਮੇਟਰੀ ਖੁਰਾਕ ਹੀ ਕਰੋਨਜ਼ ਬਿਮਾਰੀ ਦਾ ਕਾਰਨ ਬਣਦੀ ਹੈ। ਪਰ ਅਜਿਹੇ ਭੋਜਨ ਜੋ ਇਨਫਲਾਮੇਸ਼ਨ ਦਾ ਕਾਰਨ ਬਣਦੇ ਹਨ, ਨਾਲ ਹੋਰ ਵੀ ਬਹੁਤ ਸਾਰੇ ਸਿਹਤ ਨੂੰ ਹੋਣ ਵਾਲੇ ਜੋਖ਼ਿਮ ਜੁੜੇ ਹੋਏ ਹਨ ਤਾਂ ਇਹ ਹੋਰ ਜ਼ਿਆਦਾ ਮਹੱਤਵਪੂਰਣ ਹੋ ਜਾਂਦਾ ਹੈ ਕਿ ਅਜਿਹੇ ਭੋਜਨ ਦਾ ਸੇਵਨ ਕੀਤਾ ਜਾਵੇ ਜੋ ਇਨਫਲਾਮੇਸ਼ਨ ਨਾਲ ਹਰ ਸੰਭਵ ਤੌਰ 'ਤੇ ਲੜਨ ਵਿੱਚ ਸਮਰਥ ਹੋਵੇ।
ਮਿੱਠੇ ਪੇਅ/ਪੀਣ ਵਾਲੇ ਪਦਾਰਥ ਵੀ ਹਨ ਖ਼ਤਰਨਾਕ -
3 ਨਵੰਬਰ, 2020 ਨੂੰ ਉਸੀ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਦੂਜੇ ਅਧਿਐਨ ਵਿੱਚ ਵੇਖਿਆ ਗਿਆ ਕਿ ਕਿਸ ਤਰ੍ਹਾਂ ਆਰਟੀਫਿਸ਼ੀਅਲ ਮਿੱਠੇ ਪੇਅ/ਪੀਣ ਵਾਲੇ ਪਦਾਰਥ ਅਤੇ ਸ਼ੂਗਰੀ ਡ੍ਰਿੰਕਸ (ਜਿਵੇਂ ਕਿ ਸਾਫਟ ਡ੍ਰਿੰਕਸ, ਜੂਸ ਡ੍ਰਿੰਕਸ ਅਤੇ 100% ਜੂਸ) ਨੇ ਲਗਭਗ 105,000 ਲੋਕਾਂ ਵਿੱਚ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ। ਖ਼ੋਜਕਰਤਾਵਾਂ ਨੇ ਪਾਇਆ ਕਿ ਜਿਹੜੇ ਲੋਕ ਔਸਤਨ ਪ੍ਰਤੀ ਦਿਨ 3/4 ਕੱਪ ਜਾਂ ਇਸ ਤੋਂ ਵੱਧ ਮਿੱਠੇ ਜਾਂ ਆਰਟੀਫਿਸ਼ੀਅਲ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਸਨ ਉਨ੍ਹਾਂ ਵਿੱਚ, ਉਨ੍ਹਾਂ ਲੋਕਾਂ ਨਾਲੋਂ ਜੋ ਇਨ੍ਹਾਂ ਪਦਾਰਥਾਂ ਵਿੱਚੋਂ ਬਹੁਤ ਘੱਟ ਜਾਂ ਕੁੱਝ ਵੀ ਨਹੀਂ ਪੀਂਦੇ ਦੀ ਬਜਾਏ ਦਿਲ ਦੀ ਬਿਮਾਰੀ ਦਾ ਜ਼ਿਆਦਾ ਜੋਖ਼ਿਮ/ਖ਼ਤਰਾ ਹੁੰਦਾ ਹੈ। ਇੱਥੋਂ ਤੱਕ ਕਿ ਹੈਲਥੀ ਡ੍ਰਿੰਕਸ ਵਜੋਂ ਜਾਣੇ ਜਾਣ ਵਾਲੇ ਪੇਅ ਪਦਾਰਥ ਜਿਵੇਂ ਕਿ ਡਾਈਟ ਸੋਡਾ ਅਤੇ ਫਲਾਂ ਦੇ ਜੂਸ, ਇਹ ਵੀ ਨਿਯਮਿਤ ਰੂਪ ਨਾਲ ਪੀਣ ਕਰਕੇ ਨੁਕਸਾਨ ਕਰ ਸਕਦੇ ਹਨ।
ਕੀ ਹੈ ਇਨਫਲਾਮੇਸ਼ਨ?
ਇਨਫਲਾਮੇਸ਼ਨ ਇੱਕ ਆਮ ਸ਼ਬਦ ਹੈ ਜਿਸ ਨੂੰ ਅਸੀਂ ਅਕਸਰ ਸੁਣਦੇ ਹਾਂ। ਖ਼ਾਸਕਰ ਉਦੋਂ ਜਦੋਂ ਕੋਈ ਇਨਫੈੱਕਸ਼ਨ, ਸੱਟ ਜਾਂ ਬੁਖਾਰ ਅਤੇ ਸਰੀਰ ਦੇ ਦਰਦ ਦੀ ਸ਼ਿਕਾਇਤ ਕਰਦਾ ਹੈ। ਅਸਲ ਵਿੱਚ ਇਹ ਬਾਹਰੀ ਤਣਾਅ ਪ੍ਰਤੀ ਸਰੀਰ ਦੀ ਪ੍ਰਤੀਕ੍ਰਿਆ ਹੁੰਦੀ ਹੈ ਅਤੇ ਇਹ ਇੱਕ ਸੰਕੇਤ ਹੁੰਦਾ ਹੈ ਕਿ ਸਰੀਰ ਉਸ ਵਜ੍ਹਾ/ਕਾਰਨ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਜੇਕਰ ਇਸ ਨੂੰ ਨਜ਼ਰਅੰਦਾਜ਼ ਕਰਕੇ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਕਦੀ-ਕਦਾਈਂ ਇਹ ਇੱਕ ਡੂੰਘੀ ਸਮੱਸਿਆ ਦਾ ਕਾਰਨ ਵੀ ਬਣ ਜਾਂਦਾ ਹੈ। ਜੇਕਰ ਕੋਈ ਮਹੀਨਿਆਂ ਜਾਂ ਸਾਲਾਂ ਤੱਕ ਸਰੀਰ 'ਚ ਇਨਫਲਾਮੇਸ਼ਨ ਨੂੰ ਗੌਰ ਨਹੀਂ ਕਰਦਾ ਜਾਂ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ ਤਾਂ ਇਹ ਮੋਟਾਪਾ, ਟਾਈਪ-2 ਸ਼ੂਗਰ, ਕੋਲੈਸਟ੍ਰੋਲ, ਗਠੀਆ, ਦਿਲ ਦੀਆਂ ਬਿਮਾਰੀਆਂ, ਕੈਨਰ ਅਤੇ ਇੱਥੋਂ ਤੱਕ ਕਿ ਐਲਜ਼ਾਈਮਰ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਆਪਣੀ ਖ਼ੁਰਾਕ ਵਿੱਚ ਅਜਿਹੇ ਇਨਫਲਾਮੇਟਰੀ ਭੋਜਨ ਦੀ ਵਰਤੋਂ ਨਾ ਕਰਕੇ ਅਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਕਾਮਯਾਬ ਹੋ ਸਕਦੇ ਹਾਂ।
ਭਾਰਤੀ ਪ੍ਰਸੰਗ ਵਿੱਚ ਹੇਠ ਲਿਖੀ ਸੂਚੀ ਦੇ ਅਨੁਸਾਰ ਇਹ ਖਾਣੇ ਹਨ ਇਨਫਲਾਮੇਟਰੀ ਫੂਡਜ਼ ਦੀ ਸ਼੍ਰੇਣੀ 'ਚ ਸ਼ਾਮਿਲ -
ਫ੍ਰੈਂਚ ਫ੍ਰਾਈਜ਼, ਫ੍ਰੋਜ਼ਨ ਮੀਲਜ਼, ਡੱਬਾਬੰਦ ਭੋਜਨ ਜਿਨ੍ਹਾਂ ਵਿੱਚ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ, ਡੌਨਟਸ, ਐਰੇਟਿਡ ਡ੍ਰਿੰਕਸ ਆਦਿ। ਰਿਫਾਇੰਡ ਫੂਡਜ਼ ਜਿਵੇਂ ਚਿੱਟੇ ਚਾਵਲ, ਪਾਸਤਾ, ਮੈਦਾ ਅਤੇ ਸੀਰੀਅਲਸ। ਇਸੀ ਤਰ੍ਹਾਂ ਦੇ ਹੋਰ ਇਨਫਲਾਮੇਟਰੀ ਫੂਡਜ਼ ਵਿੱਚ ਸ਼ਾਮਿਲ ਹੈ - ਵਾਈਟ ਬ੍ਰੈੱਡ, ਸਮੋਸਾ, ਅਚਾਰ, ਫਿਜ਼ੀ ਡ੍ਰਿੰਕਸ, ਕੌਰਨਫ਼ਲੌਰ, ਕੇਕ, ਟਮਾਟਰ ਕੈਚੱਪ, ਟਾਰਟਸ, ਪੀਜ਼ਾ ਆਦਿ।
ਤੁਹਾਨੂੰ ਬਿਨਾਂ ਕਿਸੀ ਸ਼ੂਗਰ ਦੇ ਅਨਪ੍ਰੋਸੈੱਸਡ ਫੂਡਜ਼/ਭੋਜਨ - ਜਿਵੇਂ ਸਬਜ਼ੀਆਂ, ਫਲ, ਅਨਾਜ, ਫਲ਼ੀ (ਬੀਨਜ਼, ਦਾਲ), ਮੱਛੀ, ਪੋਲਟਰੀ, ਨਟਸ, ਬੀਜ, ਥੋੜ੍ਹੀ ਜਿਹੀ ਘੱਟ ਚਰਬੀ ਵਾਲੀ ਡੇਅਰੀ ਅਤੇ ਜੈਤੂਨ ਦੇ ਤੇਲ ਨੂੰ ਆਪਣੀ ਖ਼ੁਰਾਕ 'ਚ ਸ਼ਾਮਿਲ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ। ਇੱਕ ਅਜਿਹੀ ਖ਼ੁਰਾਕ ਯੋਜਨਾ/ਡਾਈਟ ਪਲੈਨ ਤਿਆਰ ਕਰੋ ਜਿਸ ਵਿੱਚ ਫਲ, ਸਬਜ਼ੀਆਂ, ਨਟਸ, ਅਨਾਜ, ਮੱਛੀ ਅਤੇ ਸਿਹਤਮੰਦ ਤੇਲ ਭਰਪੂਰ ਮਾਤਰਾ 'ਚ ਸ਼ਾਮਿਲ ਹੋਣ।
ਤੁਸੀਂ ਆਪਣੀ ਖ਼ੁਰਾਕ ਵਿੱਚ ਹਲਦੀ, ਤਾਜ਼ੀ ਜ਼ਮੀਨੀ ਕਾਲੀ ਮਿਰਚ, ਨਿੰਬੂ ਪਾਣੀ, ਬਲੂਬੇਰੀ, ਸਟ੍ਰਾਬੇਰੀ, ਰਸਬੇਰੀ, ਸੇਬ, ਸੰਤਰੇ, ਆੜੂ, ਨਾਸ਼ਪਤੀ, ਪਲੱਮ, ਅਨਾਰ ਵਰਗੀਆਂ ਚੀਜ਼ਾਂ ਸ਼ਾਮਿਲ ਕਰੋ। ਇਸ ਦੇ ਨਾਲ-ਨਾਲ ਹਰੀਆਂ ਪੱਤੇਦਾਰ ਸਬਜ਼ੀਆਂ, ਨਟਸ ਅਤੇ ਬੀਜ, ਪਿਆਜ਼, ਲੱਸਣ ਅਤੇ ਅਦਰਕ, ਪੂਰੇ ਅਨਾਜ ਜਿਵੇਂ ਕਿਨੋਆ, ਜੌ, ਬਾਜਰਾ, ਜਵਾਰ, ਭੂਰੇ ਚਾਵਲ ਅਤੇ ਬੱਕਵੀਟ, ਚੁਕੰਦਰ, ਗਾਜਰ, ਪਿਆਜ਼, ਮਟਰ, ਬਰੁਜ਼ੈਲ ਸਪਰਾਊਟਸ, ਗੋਭੀ, ਲਾਲ ਚੈਰੀ, ਸ਼ਿਮਲਾ ਮਿਰਚ, ਜੈਤੂਨ ਦਾ ਤੇਲ ਅਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਚੀਜ਼ਾਂ ਨੂੰ ਵੀ ਤੁਸੀਂ ਆਪਣੇ ਭੋਜਨ 'ਚ ਸ਼ਾਮਿਲ ਕਰੋ।
(Disclaimer - ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਅਤੇ ਸੂਚਨਾ ਆਮ ਜਾਣਕਾਰੀ 'ਤੇ ਆਧਾਰਿਤ ਹੈ। ਇਸ ਨੂੰ ਪੇਸ਼ੇਵਰ ਡਾਕਟਰੀ ਸਲਾਹ ਦੇ ਤੌਰ 'ਤੇ ਨਹੀਂ ਸਮਝਿਆ ਜਾਣਾ ਚਾਹੀਦਾ। News18 Punjabi ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕੋਈ ਵੀ ਫਿੱਟਨੈੱਸ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਆਪਣੀ ਖ਼ੁਰਾਕ 'ਚ ਕੋਈ ਤਬਦੀਲੀ ਕਰਨ ਤੋਂ ਪਹਿਲਾਂ ਹਮੇਸ਼ਾ ਸੰਬੰਧਿਤ ਮਾਹਿਰ ਜਿਵੇਂ - ਡਾਕਟਰ ਜਾਂ ਇੱਕ ਡਾਈਟੀਸ਼ੀਅਨ ਤੋਂ ਸਲਾਹ ਜ਼ਰੂਰ ਲਓ।)
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Heart attack