Indian Hackers Spread All Over The World: ਇੰਟਰਨੈੱਟ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਕਰ ਦਿੱਤਾ ਹੈ। ਪਰ ਇਸਦੇ ਨਾਲ ਹੀ ਸਾਈਬਰ ਕਰਾਈਮ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਸਾਈਬਰ ਕਰਾਈਮ ਕਰਤਾ ਪੈਸੇ ਕਮਾਉਣ ਲਈ ਕਈ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕਰਦੇ ਹਨ। ਭਾਰਤ ਵਿੱਚ ਸਾਈਬਰ ਕਰਾਈਮ ਦੇ ਮਾਮਲਿਆਂ ਦੀ ਗਿਣਤੀ ਆਏ ਦਿਨ ਵਧ ਰਹੀ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤੀ ਹੈਕਰ ਜਾਂ ਸਾਈਬਰ ਕਰਾਈਮ ਕਰਤਾ ਦੁਨੀਆਂ ਭਰ ਵਿੱਚ ਫੈਲ ਗਏ ਹਨ। ਭਾਰਤੀ ਹੈਕਰ ਦੁਨੀਆਂ ਭਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀਆਂ ਈਮੇਲਾਂ ਹੈਕ ਕਰਕੇ ਹਜ਼ਾਰਾਂ ਡਾਲਰ ਕਮਾ ਰਹੇ ਹਨ।
ਇਸ ਸੰਬੰਧ ਵਿੱਚ ਹੋਈ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਭਾਰਤੀ ਹੈਕਰ ਈਮੇਲ ਨੂੰ ਹੈਕ ਕਰਨ ਲਈ ਪਹਿਲਾਂ ਸੋਸ਼ਲ ਮੀਡੀਆ ਉੱਤੇ ਦੋਸਤੀ ਦਾ ਹੱਥ ਵਧਾਉਂਦੇ ਹਨ। ਦੋਸਤੀ ਬਣਕੇ ਉਨ੍ਹਾਂ ਦੀਆਂ ਰੁਚੀਆਂ ਨੂੰ ਜਾਣਦੇ ਹਨ। ਫਿਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਰੁਚੀਆਂ ਅਨੁਸਾਰ ਕੋਈ ਦਿਲਚਸ ਚੀਜ਼ ਦਾ ਲਿੰਕ ਭੇਜਣ ਦਾ ਝਾਂਸਾ ਦਿੰਦੇ ਹਨ। ਜਦੋਂ ਹੀ ਵਰਤੋਂਕਾਰ ਇਸ ਲਿੰਕ ਉੱਤੇ ਕਲਿੱਕ ਕਰਦਾ ਹੈ, ਤਾਂ ਉਸਦੇ ਕੰਪਿਊਟਰ ਵਿੱਚ ਮਾਲਵੇਅਰ ਡਾਊਨਲੋਡ ਹੋ ਜਾਂਦਾ ਹੈ। ਇਸ ਜ਼ਰੀਏ ਇਹ ਹੈਕਰ ਵਰਤੋਂਕਾਰ ਦੀ ਈਮੇਲ ਤੱਕ ਪਹੁੰਚ ਜਾਂਦੇ ਹਨ ਅਤੇ ਉਸਨੂੰ ਪੈਸੇ ਭੇਜਣ ਲਈ ਬਲੈਕਮੇਲ ਕਰਦੇ ਹਨ।
ਭਾਰਤੀ ਹੈਕਰਾਂ ਸੰਬੰਧੀ ਸੰਡੇ ਟਾਈਮਜ਼ ਦੀ ਰਿਪੋਰਟ
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਅਖ਼ਬਾਰ ਸੰਡੇ ਟਾਈਮਜ਼ ਦੀ ਇਕ ਰਿਪੋਰਟ ਵਿੱਚ ਵੀ ਭਾਰਤੀ ਹੈਕਰਾਂ ਬਾਰੇ ਗੱਲ ਕੀਤੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਕੁਝ ਭਾਰਤੀ ਹੈਕਰਾਂ ਨਾਲ ਗੱਲ ਹੋਈ। ਇਨ੍ਹਾਂ ਭਾਰਤੀ ਹੈਕਰਾਂ ਨੇ ਦਾਅਵਾ ਕੀਤਾ ਕਿ ਉਹ ਕਦੇ ਵੀ ਫੜੇ ਨਹੀਂ ਗਏ। ਉਨ੍ਹਾਂ ਨੇ ਇਸ ਕੰਮ ਵਿੱਚੋਂ ਹਜ਼ਾਰਾਂ ਅਮਰੀਕੀ ਡਾਲਰ ਕਮਾਏ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਵਧੇਰੇ ਹੈਕਰਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਈਬਰ ਸੁਰੱਖਿਆ ਮਾਹਿਰਾਂ ਵਜੋਂ ਕੀਤੀ ਸੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੰਡੇ ਟਾਈਮਜ਼ ਇਨਸਾਈਟ ਟੀਮ ਅਤੇ ਬਿਊਰੋ ਆਫ਼ ਇਨਵੈਸਟੀਗੇਟਿਵ ਜਰਨਲਿਜ਼ਮ ਨੇ ਸਾਲ 2022 ਦੇ ਸ਼ੁਰੂ ਵਿੱਚ ਸਾਈਬਰ ਕਰਾਈਮ ਦੇ ਮਾਮਲੇ ਦੀ ਜਾਂਚ ਲਈ ਅੰਡਰਕਵਰ ਪੱਤਰਕਾਰਾਂ ਨੂੰ ਭਾਰਤ ਭੇਜਿਆ ਸੀ। ਇਨ੍ਹਾਂ ਗੁਪਤ ਪੱਤਰਕਾਰਾਂ ਨੇ ਮੇਫੇਅਰ, ਲੰਡਨ ਵਿੱਚ ਬਿਊਫੋਰਟ ਇੰਟੈਲੀਜੈਂਸ ਨਾਮਕ ਇੱਕ ਜਾਅਲੀ ਕਾਰਪੋਰੇਟ ਜਾਂਚ ਕੰਪਨੀ ਸਥਾਪਤ ਕੀਤੀ। ਗੁਪਤ ਪੱਤਰਕਾਰਾਂ ਨੇ ਗੈਰ-ਕਾਨੂੰਨੀ ਹੈਕਿੰਗ ਮਾਮਲਿਆਂ ਦੀ ਜਾਂਚ ਕਰਨ ਲਈ ਭਾਰਤ ਦੇ ਕੁਝ ਸਭ ਤੋਂ ਵੱਡੇ ਕੰਪਿਊਟਰ ਹੈਕਰਾਂ ਨੂੰ ਲੱਭਿਆ।
ਉਨ੍ਹਾਂ ਨੇ ਹੈਕਰਾਂ ਨਾਲ ਸੰਪਰਕ ਕਰਨ ਲਈ ਕਿਹਾ ਕਿ ਉਹ ਆਪਣੀ ਕੰਪਨੀ ਦੇ ਗਾਹਕਾਂ ਦੇ ਟੀਚਿਆਂ ਬਾਰੇ ਨਿੱਜੀ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਹਨ। ਜਦੋਂ ਹੈਕਰਾਂ ਦੇ ਇਸ ਸੰਬੰਧੀ ਜਵਾਬ ਆਉਣ ਲੱਗੇ, ਤਾਂ ਉਨ੍ਹਾਂ ਨੇ ਭਾਰਤ ਆ ਕੇ ਇੰਟਰਵਿਊ ਕੀਤੀ। ਇਸੇਦ ਨਾਲ ਹੀ ਉਨ੍ਹਾਂ ਨੇ ਹੈਕਿਗ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਗੁਪਤ ਸਟਿੰਗ ਆਪ੍ਰੇਸ਼ਨ ਕੀਤਾ।
ਸੰਡੇ ਟਾਈਮਜ਼ ਦੀ ਇਕ ਰਿਪੋਰਟ ਰਿਪੋਰਟ ਅਨੁਸਾਰ ਭਾਰਤ ਦੇ ਬੈਂਗਲੁਰੂ ਦੇ ਇੱਕ ਹੈਕਰ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਭਾਰਤ ਸਰਕਾਰ ਲਈ ਹੈਕਿੰਗ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਕੁਝ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਖ-ਵੱਖ ਵਿਭਾਗਾਂ ਦੇ ਕੰਪਿਊਟਰ ਸਿਸਟਮ ਨੂੰ ਤੋੜਨ ਦਾ ਕੰਮ ਸੌਂਪਿਆਂ ਸੀ। ਇਸਦੇ ਨਾਲ ਹੀ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਹੈਕਰਾਂ ਨੇ ਭਾਰਤੀ ਗੁਪਤ ਸੇਵਾਵਾਂ ਦੇ ਕਹਿਣ ਉੱਤੇ ਪਾਕਿਸਤਾਨੀ ਸਿਆਸਦਾਨਾਂ ਤੇ ਡਿਪਲੋਮੈਟਾਂ ਦੇ ਕੰਪਿਊਟਰ ਹੈਕ ਕਰਕੇ, ਉਨ੍ਹਾਂ ਦੀ ਨਿੱਜੀ ਜਾਣਕਾਰੀ ਚੁਰਾਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Cyber, Cyber crime, Technology