
ਰਸੋਈ ਤੱਕ ਪਹੁੰਚਿਆਂ ਰੂਸ-ਯੂਕਰੇਨ ਯੁੱਧ ਦਾ ਸੇਕ, ਵਧ ਸਕਦੇ ਹਨ ਇਨ੍ਹਾਂ ਚੀਜ਼ਾਂ ਦੇ ਰੇਟ! (ਫਾਈਲ ਫੋਟੋ)
Russo-Ukrainian War: ਰੂਸ-ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਕਾਰਨ ਪੂਰੇ ਵਿਸ਼ਵ ਬਾਜ਼ਾਰ ਵਿੱਚ ਹੱਲ-ਚੱਲ ਮੱਚੀ ਹੋਈ ਹੈ। ਇਸ ਕਾਰਨ ਮਹਿੰਗਾਈ ਵਿੱਚ ਹੋਰ ਵਾਧਾ ਹੋਇਆ ਹੈ। ਇਸ ਯੁੱਧ ਦਾ ਸੇਕ ਹੁਣ ਸਾਡੀਆਂ ਰਸੋਈਆਂ ਤੱਕ ਪਹੁੰਚ ਚੁੱਕਾ ਹੈ। ਇਕ ਰਿਪੋਰਟ ਮੁਤਾਬਕ ਯੂਕਰੇਨ 'ਚ ਚੱਲ ਰਹੇ ਯੁੱਧ ਕਾਰਨ ਇਸ ਵਿੱਤੀ ਸਾਲ 'ਚ ਭਾਰਤ 'ਚ ਕੱਚੇ ਸੂਰਜਮੁਖੀ ਤੇਲ ਦੀ ਸਪਲਾਈ 'ਚ ਘੱਟੋ-ਘੱਟ 25 ਫੀਸਦੀ ਜਾਂ 4-6 ਲੱਖ ਟਨ ਦੀ ਕਮੀ ਆਉਣ ਦੀ ਉਮੀਦ ਹੈ। ਯੂਕਰੇਨ ਸੂਰਜਮੁਖੀ ਦਾ ਦੁਨੀਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਭਾਰਤ ਵਿੱਚ ਜ਼ਿਆਦਾਤਰ ਕੱਚੇ ਸੂਰਜਮੁਖੀ ਦੇ ਤੇਲ ਦੀ ਸਪਲਾਈ ਉੱਥੋਂ ਕੀਤੀ ਜਾਂਦੀ ਹੈ।
ਰੇਟਿੰਗ ਏਜੰਸੀ ਕ੍ਰਿਸਿਲ ਨੇ ਵੀਰਵਾਰ ਨੂੰ ਕਿਹਾ ਕਿ ਘਰੇਲੂ ਖਾਣ ਵਾਲੇ ਤੇਲ ਪ੍ਰੋਸੈਸਰ ਇਸ ਯੁੱਧ ਕਾਰਨ ਪੈਦਾ ਹੋਈ ਸਪਲਾਈ ਚੇਨ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ, ਪਰ ਇਸ ਸੰਕਟ ਦਾ ਉਸ ਦੀ ਉਤਪਾਦਨ ਯੋਜਨਾ 'ਤੇ ਬਹੁਤ ਜ਼ਿਆਦਾ ਅਸਰ ਪਵੇਗਾ। ਕ੍ਰਿਸਿਲ ਨੇ ਕਿਹਾ ਹੈ ਕਿ ਰੂਸ-ਯੂਕਰੇਨ ਟਕਰਾਅ ਕਾਰਨ ਸਪਲਾਈ 'ਚ ਵਿਘਨ ਪੈਣ ਕਾਰਨ ਇਸ ਵਿੱਤੀ ਸਾਲ 'ਚ ਭਾਰਤ ਨੂੰ ਕੱਚੇ ਸੂਰਜਮੁਖੀ ਤੇਲ ਦੀ ਸਪਲਾਈ 'ਚ ਘੱਟੋ-ਘੱਟ 4-6 ਲੱਖ ਟਨ ਦੀ ਕਮੀਂ ਆ ਸਕਦੀ ਹੈ। ਕ੍ਰਿਸਿਲ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਮਿਲ ਕੇ ਸਾਲਾਨਾ 10 ਲੱਖ ਟਨ ਕੱਚੇ ਸੂਰਜਮੁਖੀ ਤੇਲ ਦਾ ਨਿਰਯਾਤ ਕਰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਹਰ ਸਾਲ ਲਗਭਗ 230-240 ਲੱਖ ਟਨ ਖਾਣ ਵਾਲੇ ਤੇਲ ਦੀ ਖਪਤ ਹੁੰਦੀ ਹੈ। ਇਸ ਦਾ 10 ਫੀਸਦੀ ਰਿਫਾਇੰਡ ਸੂਰਜਮੁਖੀ ਦੇ ਤੇਲ ਨਾਲ ਮਿਲਦਾ ਹੈ। ਭਾਰਤ ਸੂਰਜਮੁਖੀ ਰਿਫਾਇੰਡ ਤੇਲ ਦੀ ਘਰੇਲੂ ਮੰਗ ਦਾ 60 ਫੀਸਦੀ ਆਯਾਤ ਕਰਦਾ ਹੈ। ਭਾਰਤ ਵਿੱਚ ਮੰਗਵਾਏ ਜਾਣ ਵਾਲੇ ਸੂਰਜਮੁਖੀ ਦੇ ਤੇਲ ਦਾ ਲਗਭਗ 70 ਪ੍ਰਤੀਸ਼ਤ ਯੂਕਰੇਨ ਤੋਂ ਆਉਂਦਾ ਹੈ ਜਦੋਂ ਕਿ 20 ਪ੍ਰਤੀਸ਼ਤ ਰੂਸ ਤੋਂ ਆਉਂਦਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਸੂਰਜਮੁਖੀ ਦਾ ਤੇਲ ਅਰਜਨਟੀਨਾ ਅਤੇ ਹੋਰ ਦੇਸ਼ਾਂ ਤੋਂ ਆਉਂਦਾ ਹੈ।
ਇਹਨਾਂ ਚੀਜ਼ਾਂ ਦੀਆਂ ਕੀਮਤਾਂ ਹੋਣਗੀਆਂ ਪ੍ਰਭਾਵਿਤ
ਰਿਪੋਰਟ ਦੇ ਅਨੁਸਾਰ, ਜੇਕਰ ਸਪਲਾਈ ਲੜੀ ਦੀਆਂ ਸਮੱਸਿਆਵਾਂ ਲੰਬੇ ਸਮੇਂ ਤੱਕ ਜਾਰੀ ਰਹਿੰਦੀਆਂ ਹਨ, ਤਾਂ ਕੀਮਤਾਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਜਾਣਗੀਆਂ। ਰੂਸ-ਯੂਕਰੇਨ ਯੁੱਧ ਕਾਰਨ ਭਾਰਤ ਨੂੰ ਅਰਜਨਟੀਨਾ ਤੋਂ ਵਧੇਰੇ ਕੱਚੇ ਸੂਰਜਮੁਖੀ ਤੇਲ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ ਕਰਨੀ ਪਵੇਗੀ। ਹਾਲਾਂਕਿ, ਰੂਸ ਅਤੇ ਯੂਕਰੇਨ ਤੋਂ ਘੱਟ ਤੇਲ ਪ੍ਰਾਪਤ ਕਰਨ ਕਾਰਨ, ਇਹ ਮੰਗ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੋਵੇਗਾ।
ਖਾਣ ਵਾਲੇ ਤੇਲ ਦੀਆਂ ਕੀਮਤਾਂ ਪਹਿਲਾਂ ਹੀ ਸਾਲਾਨਾ ਆਧਾਰ 'ਤੇ 25 ਫੀਸਦੀ ਵਧੀਆਂ ਹਨ। ਇਸ ਦੇ ਨਾਲ ਹੀ ਸਪਲਾਈ ਦੀ ਕਮੀ ਕਰਕੇ ਵੀ ਕੱਚੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਕੱਚੇ ਮਾਲ ਦੀਆਂ ਕੀਮਤਾਂ ਵਿੱਚ ਕਿਸੇ ਵੀ ਹੋਰ ਵਾਧੇ ਨਾਲ ਪ੍ਰੋਸੈਸਰਾਂ ਨੂੰ ਵਧ ਰਹੀਆਂ ਨਿਵੇਸ਼ ਲੋੜਾਂ ਨੂੰ ਪੂਰਾ ਕਰਨ ਲਈ ਵਾਧੂ ਕਰਜ਼ੇ ਦੀ ਲੋੜ ਪਵੇਗੀ।
ਰਿਪੋਰਟ ਮੁਤਾਬਕ ਅਮਰੀਕਾ ਅਤੇ ਯੂਰਪੀ ਦੇਸ਼ਾਂ ਵੱਲੋਂ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਆਪਣੇ ਵੱਡੇ ਬੈਂਕਾਂ ਦਾ ਸਵਿਫਟ ਸਿਸਟਮ ਤੋਂ ਵੱਖ ਹੋਣਾ ਵੀ ਸਮੱਸਿਆ ਹੈ। ਹਾਲਾਂਕਿ, ਰੂਸ ਦੇ ਨਾਲ ਭੋਜਨ ਉਤਪਾਦਾਂ ਦੇ ਵਪਾਰ 'ਤੇ ਰੋਕ ਨਹੀਂ ਲਗਾਈ ਗਈ ਹੈ, ਬਸ ਵਪਾਰਕ ਸੌਦਾ ਮੁਸ਼ਕਲ ਹੋ ਗਿਆ ਹੈ, ਜਿਸ ਨਾਲ ਸਪਲਾਈ ਵਿੱਚ ਰੁਕਾਵਟ ਆਈ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।