Chilli Soya Nutrella: ਸਵੇਰ ਦਾ ਸਨੈਕ ਹੋਵੇ ਤੇ ਚਾਹੇ ਸ਼ਾਮ ਦਾ, ਇਹ ਵੀ ਸਾਡੀ ਰੋਜ਼ਾਨਾ ਦੀ ਡਾਇਟ ਦਾ ਇਕ ਅਹਿਮ ਹਿੱਸਾ ਹੁੰਦਾ ਹੈ। ਪਰ ਹੁੰਦਾ ਅਕਸਰ ਇਹ ਹੈ ਕਿ ਅਸੀਂ ਬ੍ਰੇਕਫਾਸਟ, ਡਿਨਰ ਤੇ ਲੰਚ ਉੱਤੇ ਤੇ ਕਾਫ਼ੀ ਧਿਆਨ ਦਿੰਦੇ ਹਾਂ ਪਰ ਕਈ ਵਾਰ ਸਨੈਕ ਦੇ ਮਾਮਲੇ ਵਿਚ ਅਣਗਹਿਲੀ ਵਰਤ ਜਾਂਦੇ ਹਾਂ। ਅਣਗਹਿਲੀ ਇਹ ਕਿ ਅਸੀਂ ਸਨੈਕ ਵਿਚ ਕੁਝ ਵੀ ਤਲਿਆ, ਭੁੰਨਿਆਂ ਖਾ ਲੈਂਦੇ ਹਾਂ। ਪਰ ਇਹ ਇਕ ਮਾੜੀ ਆਦਤ ਹੈ।
ਸਾਡੇ ਕਿਸੇ ਵੀ ਹੋਰ ਮੀਲ ਵਾਂਗ ਸਨੈਕ ਵੀ ਸਿਹਤ ਲਈ ਜ਼ਰੂਰੀ ਪੌਸ਼ਕ ਤੱਤਾਂ ਭਰਪੂਰ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਸਾਡਾ ਸਨੈਕ ਖਾਣ ਵਿਚ ਸੁਆਦਲਾ ਵੀ ਹੋਣਾ ਜ਼ਰੂਰੀ ਹੈ, ਕਿਉਂਕਿ ਸੁਆਦ ਵੀ ਇਕ ਤਰ੍ਹਾਂ ਨਾਲ ਕਿਸੇ ਭੋਜਨ ਦਾ ਜ਼ਰੂਰੀ ਅੰਗ ਹੈ। ਅਜਿਹੀ ਇਕ ਰੈਸਿਪੀ ਦਾ ਨਾਮ ਹੈ ਚਿਲੀ ਸੋਇਆ ਨਿਊਟ੍ਰੇਲਾ, ਜੋ ਕਿ ਸਿਹਤ ਤੇ ਸੁਆਦ ਦਾ ਮੇਲ ਹੈ। ਨਿਊਟ੍ਰੀ ਯਾਨੀ ਸੋਇਆ ਵਡੀਆਂ ਤੋਂ ਤੁਸੀਂ ਸਬਜ਼ੀ ਤਾਂ ਬਹੁਤ ਵਾਰ ਬਣਾਈ ਹੋਵੇਗੀ। ਪਰ ਇਹ ਇਕ ਸਨੈਕ ਰੈਸਿਪੀ ਹੈ, ਜੋ ਕਿ ਇਸ ਤਰ੍ਹਾਂ ਬਣਦੀ ਹੈ –
ਸਮੱਗਰੀ
ਇਕ ਕਟੋਰੀ ਸੋਇਆ ਚੰਕਸ (ਵਡੀਆਂ), ਇਕ ਚਮਚ ਮੈਦਾ, 2 ਚਮਚ ਕਾਰਨਫਲੋਰ, 1 ਚਮਚ ਲਾਲ ਮਿਰਚ ਪਾਊਡਰ, ਲਸਨ ਦੀਆਂ ਦੋ ਤਿੰਨ ਕਲੀਆਂ, ਇਕ ਵੱਡਾ ਪਿਆਜ਼, ਇਕ ਸ਼ਿਮਲਾ ਮਿਰਚ, ਅੱਧਾ ਚਮਚ ਸੋਇਆ ਸਾਸ, ਅੱਧਾ ਚਮਚ ਵਿਨੇਗਰ, ਅੱਧਾ ਚਮਚ ਟਮਾਟੋ ਸਾਸ, ਅੱਧਾ ਚਮਚ ਸਫੇਦ ਤਿਲ, ਸੁਆਦ ਅਨੁਸਾਰ ਨਮਕ ਤੇ ਲੋੜ ਮੁਤਾਬਿਕ ਤੇਲ ਦੀ ਲੋੜ ਪੈਂਦੀ ਹੈ।
ਰੈਸਿਪੀ
ਸੋਇਆ ਚੰਕਸ ਯਾਨੀ ਵਡੀਆਂ ਨੂੰ ਸਾਦੇ ਪਾਣੀ ਨਾਲ ਧੋਕੇ ਕਿਸੇ ਪਤੀਲੀ ਜਾਂ ਕੁੱਕਰ ਵਿਚ ਪਾਣੀ ਪਾ ਕੇ ਉਬਾਲ ਲਵੋ। ਜਦੋਂ ਇਹ ਪੱਕ ਜਾਣ ਤਾਂ ਇਹਨਾਂ ਨੂੰ ਪਾਣੀ ਵਿਚੋਂ ਕੱਢਕੇ ਇਕ ਪਾਸੇ ਰੱਖ ਲਵੋ। ਹੁਣ ਸੋਇਆ ਚੰਕਸ ਨੂੰ ਇਕ ਕਟੋਰੀ ਵਿਚ ਪਾ ਕੇ ਇਹਨਾਂ ਉੱਪਰ ਮੈਦਾ, ਕਾਰਨਫਲੋਰ, ਲਾਲ ਮਿਰਚ, ਨਮਕ ਪਾ ਕੇ ਆਪਸ ਵਿਚ ਚੰਗੀ ਤਰ੍ਹਾਂ ਮਿਲਾਓ। ਹੁਣ ਇਕ ਪੈਨ ਜਾਂ ਕੜਾਹੀ ਵਿਚ ਤੇਲ ਪਾਓ ਤੇ ਕੋਟ ਕੀਤੀਆਂ ਸੋਇਆ ਚੰਕਸ ਨੂੰ ਡੀਪ ਫ੍ਰਾਈ ਕਰ ਲਵੋ।
ਇਕ ਛੋਟੇ ਪੈਨ ਵਿਚ ਤੇਲ ਗਰਮ ਕਰੋ। ਇਸ ਵਿਚ ਬਾਰੀਕ ਕੱਟਿਆ ਲਸਨ, ਪਿਆਜ ਤੇ ਸ਼ਿਮਲਾ ਮਿਰਚਾਂ ਨੂੰ ਪਾ ਕੇ ਭੁੰਨ ਲਵੋ। ਜਦ ਇਹ ਹਲਕੇ ਸੁਨਹਿਰੀ ਹੋ ਜਾਣ ਤਾਂ ਇਹਨਾਂ ਵਿਚ ਲਾਲ ਮਿਰਚ, ਨਮਕ, ਵਿਨੇਗਰ, ਸੋਇਆ ਸਾਸ, ਟਮਾਟੋ ਸਾਸ ਸ਼ਾਮਿਲ ਕਰੋ ਤੇ ਮਿਲਾ ਦੇਵੋ। ਥੋੜਾ ਜਿਹਾ ਕਾਰਨ ਫਲੋਰ ਲਵੋ ਤੇ ਇਸਨੂੰ ਪਾਣੀ ਵਿਚ ਘੋਲਕੇ ਪਿਆਜ਼ ਤੇ ਸ਼ਿਮਲਾ ਮਿਰਚਾਂ ਉੱਤੇ ਪਾਓ। ਫ੍ਰਾਈ ਕੀਤੇ ਹੋਇਆ ਸੋਇਆ ਚੰਕਸ ਵੀ ਸ਼ਾਮਿਲ ਕਰੋ ਤੇ ਦੋ ਤਿੰਨ ਪਕਾਓ। ਤੁਹਾਡੇ ਟੈਸਟੀ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਚਿਲੀ ਸੋਇਆ ਨਿਊਟ੍ਰੇਲਾ ਤਿਆਰ ਹੈ। ਇਹਨਾਂ ਨੂੰ ਗਰਮਾ ਗਰਮ ਸਰਵ ਕਰੋ ਤੇ ਸਵੇਰ ਜਾਂ ਸ਼ਾਮ ਦੀ ਚਾਹ ਨਾਲ ਖਾਣ ਦਾ ਆਨੰਦ ਲਵੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।