Strawberry Is The Fruit of Love: ਸਟ੍ਰਾਬੇਰੀ (strawberry) ਪੱਛਮੀ ਦੇਸ਼ਾਂ ਵਿਚ ਪਿਆਰ ਦਾ ਫਲ ਹੈ। ਇਹ ਸ਼ਕਲ ਵੀ ਦਿਲ ਵਾਂਗ ਹੈ ਤੇ ਲਾਲ ਰੰਗ ਕਾਰਨ ਇਹ ਬੇਹੱਦ ਖ਼ੂਬਸੂਰਤ ਦਿਖਦੀ ਹੈ। ਦਿਖ ਦੇ ਨਾਲੋ ਨਾਲ ਇਹ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦੀ ਹੈ ਜੋ ਕਿ ਮਨੁੱਖ ਦੇ ਦਿਲ ਅਤੇ ਦਿਮਾਗ ਦੋਹਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅੱਜਕੱਲ੍ਹ ਭਾਰਤ ਵਿਚ ਇਹ ਫਲ ਆਮ ਲੋਕਾਂ ਨੇ ਅਪਣਾ ਲਿਆ ਹੈ ਅਤੇ ਕੁਝ ਇਕ ਖੇਤਰਾਂ ਵਿਚ ਤਾਂ ਇਸਦੀ ਖੇਤੀ ਵੀ ਕੀਤੀ ਜਾਣ ਲੱਗੀ ਹੈ।
ਪਿਆਰ ਫਲ
ਗ੍ਰੀਕ ਮਿਥਿਹਾਸ (Greek mythology) ਸਟ੍ਰਾਬੇਰੀ ਨੂੰ ਪਿਆਰ ਦਾ ਫਲ ਮੰਨਦਾ ਹੈ। ਇਕ ਗ੍ਰੀਕ ਪੌਰਾਣਿਕ ਕਥਾ ਹੈ ਕਿ ਪਿਆਰ ਦੀ ਦੇਵੀ ਵੀਨਸ (Venus) ਦੇ ਪ੍ਰੇਮੀ ਐਡੀਸਨ (Adonis) ਨੂੰ ਇਕ ਜੰਗਲੀ ਸੂਰ ਨੇ ਮਾਰ ਦਿੱਤਾ ਸੀ। ਜਦ ਆਪਣੇ ਪਿਆਰੇ ਦੇ ਦੁੱਖ ਵਿਚ ਵੀਨਸ ਨੇ ਵਿਰਲਾਪ ਕੀਤਾ ਤਾਂ ਉਸਦੇ ਹੰਝੂ ਡਿੱਗੇ। ਇਹ ਹੰਝੂ ਧਰਤੀ ਤੱਕ ਪਹੁੰਚਦਿਆਂ ਦਿਲ ਦੇ ਆਕਾਰ ਵਾਲੇ ਲਾਲ ਫਲ ਵਿਚ ਬਦਲ ਗਏ। ਸਟ੍ਰਾਬੇਰੀ ਨੂੰ ਗੁਲਾਬ ਦੇ ਪਰਿਵਾਰ ਦਾ ਹੀ ਇਕ ਫਲ ਮੰਨਿਆ ਜਾਂਦਾ ਹੈ। ਗੁਲਾਬ ਵੀ ਪਿਆਰ ਭਾਵਨਾ ਦਾ ਪ੍ਰਤੀਕ ਹੈ ਤੇ ਸਟ੍ਰਾਬੇਰੀ ਵੀ ਪਿਆਰ ਭਾਵਨਾ ਦਾ ਹੀ ਪ੍ਰਤੀਕ ਮੰਨਿਆ ਜਾਂਦਾ ਹੈ।
ਨਵੀਂ ਵਿਆਹੀ ਜੋੜੀ ਨੂੰ ਜੂਸ ਦੇ ਰੂਪ ਵਿਚ
ਸਟ੍ਰਾਬੇਰੀ ਨਾਲ ਸੰਬੰਧਿਤ ਇਕ ਮਾਨਤਾ ਹੈ ਕਿ ਦੋ ਜੁੜੀਆਂ ਹੋਈਆਂ ਸਟ੍ਰਾਬੇਰੀ ਨੂੰ ਜੇਕਰ ਇਕ ਮੁੰਡਾ ਤੇ ਕੁੜੀ ਖਾ ਲੈਣ ਦਾ ਉਹਨਾਂ ਦਾ ਆਪਸ ਵਿਚ ਪਿਆਰ ਪੈ ਜਾਂਦਾ ਹੈ। ਲਾਲ ਰੰਗ ਨੂੰ ਕਾਮ ਉਤੇਜਕ ਮੰਨਿਆ ਜਾਂਦਾ ਹੈ। ਇਸੇ ਲਈ ਹੀ ਸਟ੍ਰਾਬੇਰੀ ਦਾ ਜੂਸ ਨਵੀਂ ਵਿਆਹੀ ਜੋੜੀ ਨੂੰ ਪਿਆਉਣ ਦਾ ਰਿਵਾਜ ਕਈ ਦੇਸ਼ਾਂ ਵਿਚ ਹੈ। ਮੱਧਕਾਲ ਵਿਚ ਬਣੀਆਂ ਕਈ ਚਰਚਾਂ ਅਤੇ ਗਿਰਜਾਘਰਾਂ ਦੀਆਂ ਕੰਧਾਂ ਉੱਪਰ ਸਟ੍ਰਾਬੇਰੀ ਦੇ ਚਿੱਤਰ ਦੇਖੇ ਜਾ ਸਕਦੇ ਹਨ।
ਇਤਿਹਾਸ
ਜੇਕਰ ਸਟ੍ਰਾਬੇਰੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਕ ਫਲ ਤੇ ਖੇਤੀ ਉਪਜ ਵਜੋਂ ਇਸਦਾ ਇਤਿਹਾਸ ਬਹੁਤ ਪੁਰਾਣਾ ਨਹੀਂ ਹੈ। ਯੂਰਪ ਵਿਚ ਖੇਤੀ ਉਪਜ ਸਟ੍ਰਾਬੇਰੀ ਦੀ ਕਾਸ਼ਤ 13ਵੀਂ ਸਦੀ ਵਿਚ ਹੋਈ ਮੰਨੀ ਜਾਂਦੀ ਹੈ ਪਰ ਇਸ ਸਮੇਂ ਸਟ੍ਰਾਬੇਰੀ ਦਾ ਆਕਾਰ ਬਹੁਤ ਛੋਟਾ ਸੀ। ਅੱਜਕੱਲ੍ਹ ਪ੍ਰਚੱਲਿਤ ਗੁੱਦੇਦਾਰ ਤੇ ਵੱਡੀ ਆਕਾਰ ਵਾਲੀ ਸਟ੍ਰਾਬੇਰੀ ਦੀ ਖੇਤੀ 15ਵੀਂ ਸਦੀ ਦੇ ਆਖਿਰ ਵੀ ਆਰੰਭ ਹੋਈ ਮੰਨੀ ਜਾਂਦੀ ਹੈ। ਜੇਕਰ ਇਤਿਹਾਸ ਵਿਚ ਹੋਰ ਪਿੱਛੇ ਨਜ਼ਰ ਮਾਰੀਏ ਤਾਂ ਰੋਮਨ ਕਵੀ ਵਰਜਿਲ (Virgil) ਅਤੇ ਔਵਿਡ (Ovid) ਦੀਆਂ ਲਿਖਤਾਂ ਵਿਚ ਸਟ੍ਰਾਬੇਰੀ ਦਾ ਜ਼ਿਕਰ ਇਕ ਸਜਾਵਟੀ ਫਲ ਵਜੋਂ ਆਇਆ ਹੈ ਕਿਉਂਕਿ ਉਸ ਸਮੇਂ ਦੀ ਸਟ੍ਰਾਬੇਰੀ ਬਹੁਤ ਸਖ਼ਤ ਤੇ ਬੇਸੁਆਦ ਸੀ।
ਸਟ੍ਰਾਬੇਰੀ ਦੇ ਇਤਿਹਾਸ ਬਾਰੇ ਫੂਡ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਖੇਤੀ ਵਜੋਂ ਉਚਿਤ ਰੂਪ ਵਿਚ ਇਸਦਾ ਵਿਕਾਸ 16ਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਅਤੇ ਫਰਾਂਸ ਵਿਚ ਹੋਇਆ। ਜਿਸ ਤੋਂ ਅੱਗੇ ਇਹ 17ਵੀਂ ਸਦੀ ਵਿਚ ਇਹ ਬ੍ਰਿਟੇਨ ਵਿਚ ਪਹੁੰਚੀ।
ਭਾਰਤ ਵਿਚ ਸਟ੍ਰਾਬੇਰੀ ਅੰਗਰੇਜ਼ਾਂ ਰਾਹੀਂ ਆਈ। ਭਾਰਤ ਵਿਚ ਸਟ੍ਰਾਬੇਰੀ ਦੀ ਆਮਦ ਨੂੰ ਲੈ ਕੇ ਵਿਕਟੋਰੀਅਨ ਸਟੱਡੀਜ਼ ਜਨਰਲ ਨੇ ‘The First Strawberries in India’ ਨਾਮ ਦਾ ਲੇਖ ਪ੍ਰਕਾਸ਼ਿਤ ਕੀਤਾ ਜਿਸ ਵਿਚ ਲਿਖਿਆ ਗਿਆ ਹੈ ਕਿ ਭਾਰਤ ਵਿਚ 1836 ਤੋਂ 1842 ਦੇ ਦੌਰਾਨ ਲਾਰਡ ਆਕਲੈਂਡ ਗਵਰਨਰ ਜਨਰਲ ਰਹੇ ਜਿਸਦੇ ਕਾਰਜਕਾਲ ਦੌਰਾਨ ਸਟ੍ਰਾਬੇਰੀ ਦੀ ਖੇਤੀ ਭਾਰਤ ਵਿਚ ਕੀਤੀ ਜਾਣੀ ਸ਼ੁਰੂ ਹੋਈ ਸੀ।
ਦਿਲ, ਦਿਮਾਗ ਅਤੇ ਹੱਡੀਆਂ ਲਈ ਲਾਭਕਾਰੀ
ਬਿਨਾਂ ਸ਼ੱਕ ਖ਼ੂਬਸੂਰਤ ਹੋਣ ਦੇ ਨਾਲੋ ਨਾਲ ਸਟ੍ਰਾਬੇਰੀ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੈ। ਇਹ ਵੀ ਇਸਦੀ ਪ੍ਰਸਿਧੀ ਤੇ ਦੁਨੀਆਂ ਦੇ ਵਿਭਿੰਨ ਦੇਸ਼ਾਂ ਦੇ ਲੋਕਾਂ ਵਿਚ ਹਰਮਨ ਪਿਆਰੇ ਹੋਣ ਦਾ ਇਕ ਵੱਡਾ ਕਾਰਨ ਹੈ। ਮਾਹਿਰਾਂ ਅਨੁਸਾਰ 100 ਗ੍ਰਾਮ ਸਟ੍ਰਾਬੇਰੀ ਵਿਚ 0.67 ਗ੍ਰਾਮ ਪ੍ਰੋਟੀਨ, 0.3 ਗ੍ਰਾਮ ਫੈਟ, 7.68 ਗ੍ਰਾਮ ਕਾਰਬੋਹਾਈਡ੍ਰੇਟਸ, 2 ਗ੍ਰਾਮ ਫਾਈਬਰ, 4.89 ਗ੍ਰਾਮ ਗਲੂਕੋਜ਼, 59 ਮਿਲੀਗ੍ਰਾਮ ਵਿਟਾਮਿਨ ਸੀ, 16 ਮਿਲੀਗ੍ਰਾਮ ਕੈਲਸ਼ੀਅਮ, 0.41 ਮਿਲੀਗ੍ਰਾਮ ਆਈਰਨ ਅਤੇ 13 ਗ੍ਰਾਮ ਮੈਗਨੀਸ਼ਮ ਹੁੰਦਾ ਹੈ। ਇਹਨਾਂ ਤੋਂ ਇਲਾਵਾ ਸਟ੍ਰਾਬੇਰੀ ਵਿਚ ਇਲਾਜਿਕ ਐਸਿਡ, ਫਲੇਵੋਨੋ ਐਸਿਡ ਆਦਿ ਹੁੰਦੇ ਹਨ ਜੋ ਸਰੀਰ ਨੂੰ ਐਂਟੀ ਆਕਸੀਡੇਂਟ ਰੱਖਣ ਵਿਚ ਸਹਾਇਤਾ ਕਰਦੇ ਹਨ।
ਸਟ੍ਰਾਬੇਰੀ ਵਿਚ ਦਿਮਾਗ ਨੂੰ ਤਾਕਤ ਦੇਣ ਵਾਲੇ ਪੋਟਾਸ਼ੀਅਮ, ਫਾਈਟੋ ਕੈਮੀਕਲ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹਨਾਂ ਨਾਲ ਮਨੁੱਖ ਦੀਆਂ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ। ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹੁੰਦੀ ਹੈ। ਸਟ੍ਰਾਬੇਰੀ ਵਿਚ ਮੌਜੂਦ ਤੱਤ ਹੱਡੀਆਂ ਦੀ ਮਜ਼ਬੂਤੀ ਲਈ ਵੀ ਬੇਹੱਦ ਸਹਾਈ ਹੁੰਦੇ ਹਨ। ਇਸ ਵਿਚ ਮੌਜੂਦ ਐਂਟੀਆਕਸੀਡੇਂਟ ਗਠੀਆ ਰੋਗ ਦੇ ਦਰਦਾਂ ਤੋਂ ਰਾਹਤ ਦਿੰਦੇ ਹਨ।
ਇਸ ਤੋਂ ਇਲਾਵਾ ਜੇਕਰ ਸਟ੍ਰਾਬੇਰੀ ਦਾ ਪੇਸਟ ਬਣਾ ਕੇ ਸਕਿਨ ਉੱਤੇ ਲਗਾਇਆ ਜਾਵੇ ਤਾਂ ਇਹ ਸਕਿਨ ਨੂੰ ਤਾਜਾ ਅਤੇ ਕੋਮਲ ਬਣਾਈ ਰੱਖਦੀ ਹੈ। ਜੋ ਸਟ੍ਰਾਬੇਰੀ ਦਾ ਸੇਵਨ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ। ਹਾਂ ਗੱਲ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਪਦਾਰਥ ਦੀ ਬਹੁਤ ਜ਼ਿਆਦਾ ਵਰਤੋਂ ਨੁਕਸਾਨ ਕਰ ਸਕਦੀ ਹੈ। ਇਸ ਲਈ ਸਟ੍ਰਾਬੇਰੀ ਦਾ ਸੇਵਨ ਵੀ ਉਚਿਤ ਢੰਗ ਨਾਲ ਹੀ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fact Check, Fruits, Lifestyle