Travel Packing Tips: ਇਕੱਲਿਆਂ, ਦੋਸਤਾਂ ਮਿੱਤਰਾਂ ਨਾਲ ਜਾਂ ਪਰਿਵਾਰ ਨਾਲ ਘੁੰਮਣ ਜਾਣਾ ਇਹ ਬਹੁਤ ਹੀ ਅਦਭੁਤ ਤਜਰਬਾ ਹੁੰਦਾ ਹੈ। ਹਰ ਕੋਈ ਘੁੰਮਣ ਜਾਣ ਦਾ ਚਾਹਵਾਨ ਹੁੰਦਾ ਹੈ। ਜਦ ਵੀ ਅਸੀਂ ਘਰੋਂ ਦੂਰ ਕੁਝ ਸਮੇਂ ਲਈ ਜਾਂਦੇ ਹਾਂ ਤਾਂ ਬੈਗ ਪੈਕ ਕਰਨਾ ਇਕ ਹੁਨਰਮੰਦੀ ਵਾਲਾ ਕੰਮ ਹੈ। ਤੁਹਾਡਾ ਸਾਮਾਨ ਤੁਹਾਡੀ ਯਾਤਰਾ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਘੁੰਮਣ ਜਾਣ ਸਮੇਂ ਹੀ ਨਹੀਂ ਬਲਕਿ ਵਿਦੇਸ਼ ਜਾਂਦੇ ਸਮੇਂ ਜਾਂ ਘਰ ਤੋਂ ਹੋਸਟਲ ਤੇ ਹੋਸਟਲ ਤੋਂ ਘਰ ਜਾਂਦੇ ਸਮੇਂ ਵੀ ਬੈਗ ਪੈਕ ਕਰਨਾ ਇਕ ਮੁਸ਼ਕਲ ਵਾਲਾ ਕੰਮ ਹੈ। ਜੇਕਰ ਅਸੀਂ ਆਪਣਾ ਬੈਗ ਸਹੀ ਢੰਗ ਨਾਲ ਪੈਕ ਨਹੀਂ ਕਰਦੇ ਤਾਂ ਸਾਡੀ ਯਾਤਰਾ ਬਹੁਤ ਪ੍ਰਭਾਵਿਤ ਹੋ ਸਕਦੀ ਹੈ। ਤਾਂ ਆਉ ਤੁਹਾਨੁੰ ਦੱਸਦੇ ਹਾਂ ਕਿ ਜਦ ਵੀ ਤੁਸੀਂ ਕਿਤੇ ਘੁੰਮਣ ਜਾਣਾ ਹੈ ਜਾਂ ਵਿਦੇਸ਼ ਜਾਣਾ ਹੈ ਤਾਂ ਆਪਣਾ ਬੈਗ ਪੈਕ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੈ –
ਸਹੀ ਬੈਗ ਦੀ ਚੋਣ
ਹਰ ਯਾਤਰਾ ਸਮੇਂ ਬੈਗ ਦੀ ਸਹੀ ਚੋਣ ਬਹੁਤ ਜ਼ਰੂਰੀ ਹੈ। ਮੰਨ ਲਵੋ ਕਿ ਤੁਸੀਂ ਵਿਦੇਸ਼ ਜਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਅਜਿਹਾ ਬੈਗ ਚੁਣੋ ਜੋ ਹੈਂਡ ਬੈਗ ਹੀ ਮੰਨਿਆ ਜਾਵੇ ਤੇ ਲਗੇਜ ਵਿਚ ਨਾ ਦੇਣਾ ਪਵੇ। ਜੇਕਰ ਤੁਸੀਂ ਬਹੁਤ ਵੱਡਾ ਬੈਗ ਚੁੱਕਦੇ ਹੋ ਤਾਂ ਉਸਨੂੰ ਲਗੇਜ ਵਿਚ ਦੇਣਾ ਪੈਂਦਾ ਹੈ ਤੇ ਫੇਰ ਲੰਮੀ ਲਾਈਨ ਵਿਚ ਲੱਗਕੇ ਬੈਗ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸਦੇ ਨਾਲ ਹੀ ਏਅਰਲਾਈਨਜ਼ ਵਿਚ ਬੈੱਗ ਦੇ ਭਾਰ ਦੀ ਵੀ ਲਿਮਟ ਹੁੰਦੀ ਹੈ। ਅਜਿਹੇ ਵਿਚ ਤੁਸੀਂ ਮਜ਼ਬੂਤ ਪਰ ਹਲਕਾ ਬੈਗ ਚੁਣੋ, ਤਾਂ ਕਿ ਤੁਸੀਂ ਸਾਰਾ ਜ਼ਰੂਰੀ ਸਾਮਾਨ ਕੈਰੀ ਕਰ ਸਕੋ ਨਾ ਕਿ ਤੁਹਾਡੇ ਬੈਗ ਦਾ ਭਾਰ ਹੀ ਜ਼ਿਆਦਾ ਹੋਵੇ ਤੇ ਜ਼ਰੂਰੀ ਸਾਮਾਨ ਰਹਿ ਜਾਵੇ।
ਸੋਚ ਸਮਝ ਕੇ ਪਲਾਨ ਬਣਾਓ
ਜਦ ਵੀ ਤੁਸੀਂ ਕਿਸੇ ਟੂਰ ਨੂੰ ਪਲਾਨ ਕਰਦੇ ਹੋ ਤਾਂ ਜ਼ਰੂਰੀ ਹੈ ਕਿ ਉਸਦੀ ਇਕ ਰੂਪ ਰੇਖਾ ਜ਼ਰੂਰ ਬਣਾ ਲਵੋ। ਇਹ ਪਹਿਲਾਂ ਹੀ ਤਹਿ ਕਰ ਲਵੋ ਕਿ ਤੁਸੀਂ ਦਿਨ ਵਿਚ ਕੀ ਕੁਝ ਕਰਨਾ ਹੈ ਅਤੇ ਇਸ ਹਿਸਾਬ ਨਾਲ ਹੀ ਜ਼ਰੂਰਤ ਵਾਲੀਆਂ ਚੀਜ਼ਾਂ ਪੈਕ ਕਰੋ। ਮਿਸਾਲ ਵਜੋਂ ਤੁਸੀਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੋ ਅਤੇ ਤੁਸੀਂ ਮਹੀਨੇ ਵਿਚ ਇਕ ਕਿਤਾਬ ਪੜ੍ਹ ਲੈਂਦੇ ਹੋ। ਤਾਂ ਅਜਿਹੇ ਵਿਚ ਜੇਕਰ ਤੁਸੀਂ ਇਕ ਮਹੀਨੇ ਲਈ ਵੀ ਘੁੰਮਣ ਨਿਕਲੇ ਹੋ ਤਾਂ ਵੱਧ ਤੋਂ ਵੱਧ ਦੋ ਕਿਤਾਬਾਂ ਲਿਜਾ ਸਕਦੇ ਹੋ। ਇਸ ਤੋਂ ਵੱਧ ਕਿਤਾਬਾਂ ਨਾਲ ਰੱਖਣੀਆਂ ਗਲਤ ਫੈਸਲਾ ਹੀ ਹੋਵੇਗਾ ਜੋ ਸਿਰਫ਼ ਬੈਗ ਦਾ ਭਾਰ ਵਧਾਉਣਗੀਆਂ।
ਭਾਰੀ ਕੱਪੜੇ ਬੈਗ ਵਿਚ ਨਾ ਪਾਓ
ਠੰਡ ਤੋਂ ਬਚਣ ਲਈ ਭਾਰੀ ਕੱਪੜਿਆਂ ਦੀ ਵਰਤੋਂ ਹੁੰਦੀ ਹੈ ਅਤੇ ਜੇਕਰ ਤੁਸੀਂ ਠੰਡੇ ਇਲਾਕੇ ਵਿਚ ਜਾ ਰਹੇ ਹੋ ਤਾਂ ਭਾਰੀ ਕੱਪੜੇ ਪਹਿਲਾਂ ਹੀ ਪਹਿਨ ਲਵੋ ਜਾਂ ਆਪਣੇ ਲੱਕ ਜਾਂ ਗਰਦਨ ਦੁਆਲੇ ਲਪੇਟ ਲਵੋ। ਅਜਿਹਾ ਕਰਨ ਨਾਲ ਇਹ ਕੱਪੜੇ ਬੈਗ ਦੀ ਥਾਂ ਨਹੀਂ ਘੇਰਨਗੇ ਅਤੇ ਠੰਡ ਵਾਲੀ ਜਗ੍ਹਾ ਪਹੁੰਚਕੇ ਤਾਂ ਤੁਸੀਂ ਇਹ ਪਹਿਨ ਹੀ ਲੈਣੇ ਹਨ।
ਸਾਮਾਨ ਕਿਵੇਂ ਰੱਖੀਏ
ਜੋ ਕੱਪੜੇ ਤੁਸੀਂ ਲਿਜਾਣੇ ਹਨ ਉਹਨਾਂ ਨੂੰ ਛੋਟੇ ਤੋਂ ਛੋਟਾ ਫੋਲਡ ਕਰ ਲਵੋ। ਜਿਵੇਂ ਕਿ ਜੀਨਸ ਨੂੰ ਗੋਲ ਫੋਲਡ ਕਰਕੇ ਪੈਕ ਕਰੋ। ਇਸਦੇ ਨਾਲ ਹੀ ਕੋਸ਼ਿਸ਼ ਕਰੋ ਕਿ ਰਿੰਕਲਸ ਵਾਲੇ ਕੱਪੜੇ ਘੱਟ ਪੈਕ ਕਰੋ।
ਸ਼ੌਪਿੰਗ ਪਲਾਨ
ਜਦੋਂ ਵੀ ਤੁਸੀਂ ਕਿਤੇ ਘੁੰਮਣ ਜਾਂਦੇ ਹੋ ਤਾਂ ਸ਼ੌਪਿੰਗ ਕਰਨ ਸਮੇਂ ਹੀ ਜ਼ਰੂਰ ਧਿਆਨ ਵਿਚ ਰੱਖੋ ਕਿ ਅਜਿਹੀ ਕੋਈ ਚੀਜ਼ ਨਾ ਖਰੀਦੋ ਜਿਸਨੂੰ ਕੈਰੀ ਕਰਨਾ ਮੁਸ਼ਕਿਲ ਹੋਵੇ। ਇਸਦੇ ਨਾਲ ਹੀ ਜੋ ਚੀਜ਼ਾਂ ਤੁਸੀਂ ਆਪਣੇ ਘਰ ਦੇ ਨੇੜਲੇ ਸਟੋਰਾਂ ਜਾਂ ਬਾਜ਼ਾਰ ਵਿਚੋਂ ਖਰੀਦ ਸਕਦੇ ਹੋ ਉਹ ਘੁੰਮਣ ਗਏ ਨਾ ਖਰੀਦੋ। ਸ਼ੌਪਿੰਗ ਕਰਦੇ ਸਮੇਂ ਅਕਸਰ ਉਹ ਚੀਜ਼ਾਂ ਖਰੀਦਣਾ ਵਧੇਰੇ ਚੰਗਾ ਰਹਿੰਦਾ ਹੈ ਜੋ ਕਿਸੇ ਵੀ ਥਾਂ ਦੀਆਂ ਸਪੈਸ਼ਲ ਹੋਣ। ਇਸਦੇ ਨਾਲ ਹੀ ਜੇਕਰ ਤੁਸੀਂ ਕੁਝ ਖ਼ਰੀਦਣਾ ਚਾਹੁੰਦੇ ਹੋ ਪਰ ਉਸਨੂੰ ਕੈਰੀ ਕਰਨਾ ਔਖਾ ਹੈ ਤਾਂ ਲੋਕਲ ਕੂਰੀਅਰ ਦੀ ਮੱਦਦ ਵੀ ਲੈ ਸਕਦੇ ਹੋ। ਚੀਜ਼ ਨੂੰ ਖਰੀਦੋ ਅਤੇ ਆਪਣੇ ਘਰ ਦੇ ਪਤੇ ਉੱਤੇ ਕੂਰੀਅਰ ਕਰ ਦੇਵੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Road trip, Travel, Travel agent