ਪੰਜਾਬ ਵਿੱਚ ਖਾਸ ਕਰਕੇ ਜਲੰਧਰ ਸ਼ਹਿਰ ਵਿੱਚ ਜੇ ਤੁਸੀਂ ਸਵੇਰੇ ਸਵੇਰੇ ਨਾਸ਼ਤਾ ਕਰਨਾ ਚਾਹੁੰਦੇ ਹੋ ਤਾਂ ਇੱਥੇ ਕਚੋਲੀ ਛੋਲੇ ਤੁਹਾਨੂੰ ਸਵੇਰੇ 6 ਵਜੋ ਹੀ ਖਾਣ ਨੂੰ ਆਸਾਨੀ ਨਾਲ ਮਿਲ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਕਚੋਰੀ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ। ਇਸ ਵਿੱਚ ਪਿੱਠੀ ਵਾਲੀ, ਪਿਆਜ਼ ਵਾਲੀ ਕਚੋਰੀ ਆਮ ਹੈ। ਖੈਰ ਇਹ ਤਾਂ ਹੋ ਗਈ ਪੰਜਾਬ ਦੀ ਗੱਲ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਥਾਂ ਦੀ ਸੈਰ ਕਰਾਵਾਂਗੇ ਜਿੱਥੇ ਕਚੋਰੀ ਨਹੀਂ ਬਲਕਿ 11 ਇੰਚ ਦਾ ਕਚੋਰਾ ਵੇਚਿਆ ਜਾਂਦਾ ਹੈ। ਰਾਜਸਥਾਨ ਆਪਣੇ ਖਾਸ ਖਾਣੇ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਸ਼ਹਿਰ ਭੀਲਵਾੜਾ ਵਿੱਚ ਇੱਕ ਕਾਸ ਕਿਸਮ ਦੀ ਕਚੋਰੀ ਵਿਕਦੀ ਹੈ ਜਿਸ ਦਾ ਆਕਾਰ 11 ਇੰਚ ਦਾ ਹੋਣ ਕਾਰਨ ਇਸ ਨੂੰ ਕਚੋਰਾ ਕਿਹਾ ਜਾਂਦਾ ਹੈ।
ਇਸ ਦਾ ਆਕਾਰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ ਇੱਕ ਵਾਰ ਇਸ ਨੂੰ ਖਾ ਲਿਆ ਤਾਂ ਸ਼ਾਇਦ ਸਾਰਾ ਦਿਨ ਭੁੱਖ ਨਹੀਂ ਲੱਗੇਗੀ। ਇਹ ਕਚੋਰਾ ਨਸੀਰਾਬਾਦ ਦਾ ਕਚੋਰਾ ਨਾਂ ਨਾਲ ਵੀ ਮਸ਼ੂਰ ਹੈ। ਸ਼ਹਿਰ ਦੇ ਗੰਗਾਪੁਰ ਚੌਕ ਨੇੜੇ ਸਥਿਤ ਬਾਦਲ ਟਾਕੀਜ਼ ਦੇ ਸਾਹਮਣੇ ਸ਼੍ਰੀ ਸਾਂਵਰੀਆ ਨਸੀਰਾਬਾਦ ਕਚੋਰਾ ਨਾਂ ਦਾ ਸਟਾਲ ਲਗਾਉਣ ਵਾਲੇ ਹਲਵਾਈ ਰੋਹਿਤ 11 ਇੰਚ ਦਾ ਕਚੋਰਾ ਬਣਾਉਂਦੇ ਹਨ। ਇਸ ਨੂੰ ਖਾਣ ਲਈ ਸਵੇਰੇ-ਸ਼ਾਮ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਵੱਡੇ ਆਕਾਰ ਦੇ ਕਚੋਰੇ ਨੇ ਭੀਲਵਾੜਾ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਇਹ ਕਚੋਰਾ ਆਕਾਰ ਵਿਚ ਜਿੰਨਾ ਵੱਡਾ ਹੁੰਦਾ ਹੈ, ਓਨਾ ਹੀ ਸਵਾਦੀ ਹੁੰਦਾ ਹੈ। ਇਸ ਦਾ ਸਵਾਦ ਅਜਿਹਾ ਹੈ ਕਿ ਰੋਜ਼ਾਨਾ ਸੈਂਕੜੇ ਲੋਕ ਇਸ ਨੂੰ ਖਾਣ ਲਈ ਆਉਂਦੇ ਹਨ।
ਹਲਵਾਈ ਰੋਹਿਤ ਦਾ ਕਹਿਣਾ ਹੈ ਕਿ ਭੀਲਵਾੜਾ ਦੇ ਲੋਕ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹਨ। ਇਸ ਲਈ ਗਾਹਕਾਂ ਦੇ ਸਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਭੀਲਵਾੜਾ ਦੇ ਨਸੀਰਾਬਾਦ ਦਾ ਕਚੋਰਾ ਬਣਾਉਣਾ ਸ਼ੁਰੂ ਕੀਤਾ ਹੈ। ਇਸ ਦੇ ਲਈ ਮੈਂ ਵਿਸ਼ੇਸ਼ ਤੌਰ 'ਤੇ ਅਜਮੇਰ ਜ਼ਿਲ੍ਹੇ ਦੇ ਨਸੀਰਾਬਾਦ ਵਿੱਚ ਕਚੋਰਾ ਬਣਾਉਣਾ ਸਿੱਖਿਆ। ਰੋਹਿਤ ਨੇ ਦੱਸਿਆ ਕਿ ਉਹ ਮੂੰਗਫਲੀ ਦੇ ਤੇਲ ਅਤੇ ਖਾਸ ਗਰਮ ਮਸਾਲਿਆਂ ਨਾਲ ਇਹ ਕਚੋਰਾ ਬਣਾਉਂਦੇ ਹਨ। ਉਹ ਇਸ ਵਿੱਚ ਘਰ ਦੇ ਬਣੇ ਮਸਾਲੇ ਪਾਉਂਦੇ ਹਨ ਅਤੇ ਇਸ ਨਾਲ ਖਾਣ ਲਈ ਵਿਸ਼ੇਸ਼ ਚਟਨੀ ਦਿੰਦੇ ਹਨ। ਇਸ ਕਚੋਰੇ ਨੂੰ 250 ਰੁਪਏ ਪ੍ਰਤੀ ਕਿੱਲੋ ਦਿ ਹਿਸਾਬ ਨਾਲ ਵੇਚਿਆ ਜਾਂਦਾ ਹੈ। ਜੇ ਤੁਸੀਂ ਵੀ ਰਾਜਸਥਾਨ ਦੀ ਸੈਰ ਕਰਦੇ ਹੋਏ ਭੀਲਵਾੜਾ ਆਓ ਤਾਂ ਇੱਕ ਵਾਰ ਇਹ 11 ਇੰਚ ਦਾ ਕਚੋਰਾ ਜ਼ਰੂਰ ਚਖੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।