ਸਾਡੇ ਖਾਣ ਦੇ ਸੁਆਦ ਨੂੰ ਵਧਾਉਣ ਲਈ ਆਚਾਰ ਅਤੇ ਚਟਨੀ ਬਹੁਤ ਹੀ ਮਹੱਤਵਪੂਰਨ ਸਾਧਨ ਹਨ। ਪੂਰੇ ਭਾਰਤ ਭਰ ਵਿਚ ਵੰਨ ਸੁਵੰਨੇ ਆਚਾਰ ਤੇ ਚਟਨੀਆਂ ਬਣਾਈਆਂ ਜਾਂਦੀਆਂ ਹਨ। ਜੇਕਰ ਚਟਨੀ ਦੀ ਗੱਲ ਕਰੀਏ ਤਾਂ ਧਨੀਏ, ਪੁਦੀਨੇ, ਪਿਆਜ਼, ਚਿੱਬੜਾਂ ਆਦਿ ਦੀ ਚਟਨੀ ਅਸੀਂ ਬਣਾ ਕੇ ਖਾਂਧੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਟਮਾਟਰਾਂ ਦੀ ਵੀ ਚਟਨੀ ਬਣਦੀ ਹੈ। ਟਮਾਟਰਾਂ ਨੂੰ ਅਕਸਰ ਹੀ ਦਾਲ ਸਬਜ਼ੀ ਦੇ ਤੜਕੇ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਇਸ ਤੋਂ ਟਮਾਟੋ ਸਾੱਸ ਵੀ ਤਿਆਰ ਕੀਤੀ ਜਾਂਦੀ ਹੈ। ਪਰ ਟਮਾਟਰ ਚਟਨੀ ਟਮਾਟੋ ਸਾੱਸ ਤੋਂ ਵੱਖਰੀ ਹੈ। ਇਹ ਸੁਆਦ ਵਿਚ ਖੱਟੀ ਮਿੱਠੀ ਬਣਦੀ ਹੈ ਤੇ ਸਿਹਤ ਲਈ ਬਹੁਤ ਹੀ ਹੈਲਥੀ ਹੁੰਦੀ ਹੈ।ਜੇਕਰ ਤੁਸੀਂ ਵੀ ਘਰ ਵਿਚ ਟਮਾਟਰਾਂ ਦੀ ਚਟਨੀ ਬਣਾ ਕੇ ਖਾਣਾ ਚਾਹੁੰਦੇ ਹੋ ਤਾਂ ਆਓ ਤੁਹਾਡੇ ਨਾਲ ਇਸਦੀ ਆਸਾਨ ਰੈਸਿਪੀ ਸਾਂਝੀ ਕਰਦੇ ਹਾਂ –
ਸਮੱਗਰੀ
ਟਮਾਟਰ ਚਟਨੀ ਬਣਾਉਣ ਲਈ ਚਾਰ ਪੰਜ ਟਮਾਟਰ, 5-7 ਲਸਨ ਦੀਆਂ ਕਲੀਆਂ, 3-4 ਹਰੀਆਂ ਮਿਰਚਾਂ, ਅੱਧੀ ਮੁੱਠੀ ਹਰਾ ਧਨੀਆਂ, ਇਕ ਚਮਚ ਕੱਦੂਕਸ਼ ਕੀਤਾ ਅਦਰਕ, ਅੱਧਾ ਚਮਚ ਜੀਰਾ, ਅੱਧਾ ਚਮਚ ਚੀਨੀ, ਇਕ ਚੌਥਾਈ ਚਮਚ ਆਮਚੂਰ, ਇਕ ਚਮਚ ਤੇਲ ਤੇ ਸੁਆਦ ਅਨੁਸਾਰ ਨਮਕ ਦੀ ਲੋੜ ਪੈਂਦੀ ਹੈ।
ਰੈਸਿਪੀ
ਸਭ ਤੋਂ ਪਹਿਲਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਚਾਰ ਜਾਂ ਛੇ ਟੁਕੜਿਆਂ ਵਿਚ ਕੱਟ ਲਵੋ। ਫੇਰ ਲਸਨ, ਅਦਰਕ, ਹਰੀ ਮਿਰਚ ਤੇ ਧਨੀਏ ਨੂੰ ਬਾਰੀਕ ਕੱਟ ਲਵੋ। ਇਕ ਕੜਾਹੀ ਨੂੰ ਗੈਸ ਉੱਤੇ ਰੱਖੋ ਤੇ ਇਸ ਵਿਚ ਇਕ ਚਮਚ ਤੇਲ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਬਾਰੀਕ ਕੱਟਿਆ ਹੋਇਆ ਅਦਰਕ, ਲਸਨ, ਹਰੀ ਮਿਰਚ ਤੇ ਜੀਰਾ ਪਾ ਕੇ ਭੁੰਨੋ। ਜਦੋਂ ਇਹ ਚੀਜ਼ਾਂ ਹਲਕੀਆਂ ਜਿਹੀਆਂ ਭੁੱਜ ਜਾਣ ਤਾਂ ਕੱਟੇ ਹੋਏ ਟਮਾਟਰ ਪਾ ਦਿਉ। ਫੇਰ ਇਹਨਾਂ ਨੂੰ ਹਿਲਾਉਂਦੇ ਹੋਏ ਪਕਾਓ। ਕੁਝ ਸਮੇਂ ਬਾਅਦ ਹੀ ਹਰਾ ਧਨੀਆ ਤੇ ਸੁਆਦ ਅਨੁਸਾਰ ਨਮਕ ਸ਼ਾਮਿਲ ਕਰੋ।
ਟਮਾਟਰਾਂ ਨੂੰ ਬਾਕੀ ਮਸਾਲਿਆਂ ਸਮੇਤ ਢੱਕ ਕੇ ਪੱਕਣ ਦਿਉ। ਜਦੋਂ ਟਮਾਟਰ ਪੱਕ ਕੇ ਨਰਮ ਹੋ ਜਾਣ ਤਾਂ ਇਹਨਾਂ ਵਿਚ ਚੀਨੀ ਤੇ ਆਮਚੂਰ ਪਾਊਡਰ ਸ਼ਾਮਿਲ ਕਰ ਦੇਵੋ। ਕੁਝ ਦੇਰ ਇਹਨਾਂ ਨੂੰ ਆਪਸ ਵਿਚ ਪੱਕਣ ਦਿਉ ਤੇ ਫੇਰ ਗੈਸ ਬੰਦ ਕਰ ਦੇਵੋ। ਤੁਹਾਡੀ ਸੁਆਦ ਭਰਪੂਰ ਟਮਾਟਰ ਚਟਨੀ ਤਿਆਰ ਹੈ। ਇਸਨੂੰ ਪਰਾਂਠੇ, ਰੋਟੀ ਨਾਲ ਖਾਣ ਦਾ ਆਨੰਦ ਮਾਣੋ।
ਚੀਨੀ ਪਾਉਣ ਨਾਲ ਟਮਾਟਰ ਚਟਨੀ ਖਟ ਮਿੱਠੀ ਬਣ ਜਾਂਦੀ ਹੈ ਜੋ ਕਿ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਪਸੰਦ ਆਉਂਦੀ ਹੈ। ਪਰ ਜੇਕਰ ਤੁਸੀਂ ਚਟਨੀ ਨੂੰ ਮਿੱਠੀ ਨਹੀਂ ਬਣਾਉਣਾ ਚਾਹੁੰਦੇ ਤਾਂ ਚੀਨੀ ਨੂੰ ਸਕਿਪ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Recipe