HOME » NEWS » Life

ਇਟਲੀ ’ਚ 2 ਹਫ਼ਤਿਆਂ ‘ਚ ਕਿਵੇਂ ਮੱਚੀ ਤਬਾਹੀ, ਗੱਲ ਜ਼ਰਾ ਲੰਮੀ ਹੈ, ਠਰ੍ਹੰਮੇ ਨਾਲ ਪੜ੍ਹਿਓ....

News18 Punjabi | News18 Punjab
Updated: March 20, 2020, 12:34 PM IST
share image
ਇਟਲੀ ’ਚ 2 ਹਫ਼ਤਿਆਂ ‘ਚ ਕਿਵੇਂ ਮੱਚੀ ਤਬਾਹੀ, ਗੱਲ ਜ਼ਰਾ ਲੰਮੀ ਹੈ, ਠਰ੍ਹੰਮੇ ਨਾਲ ਪੜ੍ਹਿਓ....
ਇਟਲੀ ’ਚ 2 ਹਫ਼ਤਿਆਂ ‘ਚ ਕਿਵੇਂ ਮੱਚੀ ਤਬਾਹੀ, ਗੱਲ ਜ਼ਰਾ ਲੰਮੀ ਹੈ, ਠਰ੍ਹੰਮੇ ਨਾਲ ਪੜ੍ਹਿਓ....

ਇਹ ਇੱਕ ਟਵਿੱਟਰ ਥ੍ਰੈਡ ਹੈ ਇਟਲੀ ਦੇ ਲੋਕਾਂ ਦਾ, ਮੈਂ ਇਸਦਾ ਆਪਣੇ ਪੰਜਾਬੀ ਲੋਕਾਂ ਲਈ ਤਰਜ਼ਮਾ ਕਰ ਰਿਹਾ ਹਾਂ, ਇਸਨੂੰ ਥੋੜ੍ਹਾ ਸਹਿਜ ਨਾਲ ਪੜਿਓ ਤੇ ਸਮਝਿਓ ਕਿ ਤੁਹਾਡਾ ਸਾਹਮਣਾ ਕਿਸ ਖਤਰਨਾਕ ਆਪਦਾ ਨਾਲ ਹੋਣ ਵਾਲਾ ਹੈ ।

  • Share this:
  • Facebook share img
  • Twitter share img
  • Linkedin share img
ਜੇ ਤੁਸੀਂ ਆਪਣੇ ਦੋਸਤਾਂ ਨਾਲ ਘੁੰਮ ਰਹੇ ਓ, ਪਾਰਟੀ ਕਰ ਰਹੇ ਓ ਤੇ ਥੋਨੂੰ ਲੱਗ ਰਿਹਾ ਕਿ ਇਹ (ਕਰੋਨਾਵਾਇਰਸ) ਥੋਡੇ ਲਈ ਕੋਈ ਵੱਡੀ ਮੁਸੀਬਤ ਨਹੀਂ ਹੈ ਤਾਂ ਤੁਸੀਂ ਬਹੁਤ ਵੱਡੇ ਭਰਮ ਚ ਹੋ, ਇਹ ਇਟਲੀ ਦੇ ਲੋਕਾਂ ਦੁਆਰਾ ਪੋਸਟ ਕੀਤਾ ਗਿਆ ਮੈਸੇਜ ਹੈ ਜਿਸਦਾ ਮੈੰ ਹੂ-ਬ-ਹੂ ਪੰਜਾਬੀ ਤਰਜ਼ਮਾ ਕਰ ਰਿਹਾ ਹਾਂ।
“ਸਾਰੀ ਦੁਨੀਆਂ ਲਈ ਸੰਦੇਸ਼, ਜਿੰਨਾਂ ਨੂੰ ਇਹ ਪਤਾ ਨੀਂ ਕਿ ਉਹਨਾਂ ਦਾ ਸਾਹਮਣਾ ਕਿਸ ਆਫਤ ਨਾਲ ਹੋਣ ਵਾਲਾ ਹੈ”

ਜਿਵੇਂ ਕਿ ਮੈਂ ਸਮਝਦਾ ਹਾਂ ਕਿ ਇਸ ਵੇਲੇ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਪੂਰਾ ਇਟਲੀ ਕਵਾਰਨਟਾਇਨ ਕੀਤਾ ਜਾ ਚੁੱਕਿਆ ਹੈ, ਯਾਨੀ ਉਸਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਗਿਆ ਹੈ । ਇਹ ਸਥਿਤੀ ਬਹੁਤ ਬੁਰੀ ਹੈ ਪਰ ਉਹਨਾਂ ਲੋਕਾਂ ਕਈ ਜ਼ਿਆਦਾ ਬੁਰੀ ਹੈ ਜੋ ਇਹ ਸੋਚਦੇ ਨੇ ਕਿ ਉਹਨਾਂ ਦੇ ਨਾਲ ਅਜਿਹਾ ਕੁਝ ਨਹੀਂ ਹੋਏਗਾ ।
ਮੈਨੂੰ ਪਤਾ ਹੈ ਤੁਸੀੰ ਕੌ ਸੋਚ ਰਹੇ ਓ, ਕਿਉਂਕਿ ਅਸੀਂ ਵੀ ਪਹਿਲਾਂ ਇਹੀ ਸੋਚ ਰਹੇ ਸੀ..ਖੈਰ..ਆਓ ਪਹਿਲਾਂ ਦੇਖੀਏ ਕਿ ਇਹ ਹੋਇਐ ਕਿਵੇਂ

ਪਹਿਲਾ ਗੇੜ (1st Stage)


ਤੁਹਾਨੰ ਪਤਾ ਹੋਏਗਾ ਕਿ ਕੋਰੋਨਾ ਵਾਇਰਸ ਕੋਈ ਚੀਜ਼ ਹੈ, ਪਰ ਤੁਹਾਡੇ ਦੇਸ਼ ਚ ਹਜੇ ਇਹ ਮਾੜਾ ਮੋਟਾ ਈ ਦਿਖਣਾ ਸ਼ੁਰੂ ਹੋਇਆ ਹੈ । ਇਸਲਈ ਤੁਸੀੰ ਸੋਚਦੇ ਓ ਕਿ ਡਰਨ ਦੀ ਕੀ ਲੋੜ ਐ, ਕਿਉਂਕਿ ਇਹ ਤਾਂ ਮਹਿਜ ਇੱਕ ਜੁਖਾਮ ਹੈ, ਵੈਸੇ ਵੀ ਮੈਂ 75 ਸਾਲ ਦਾ ਹਾਂ ਇਸਲਈ ਮੈਂ ਕੀ ਡਰਨਾ..
ਪਹਿਲਾ ਗੇੜ ਅੱਗੇ ਵੱਧਦਾ ਹੈ....

ਤੁਸੀਂ ਸੋਚਦੇ ਹੋ ਕਿ ਇਹ ਕੀ ਆ, ਪਾਗਲ ਨੇ ਕਈ ਜੋ ਮਾਸਕ ਤੇ ਟਾਇਲਟ ਪੇਪਰ ਖਰੀਦ ਰਹੇ ਨੇ, ਮੇਰੀ ਜ਼ਿੰਦਗੀ ਤਾਂ ਅਰਾਮ ਨਾਲ ਚੱਲ ਰਹੀ ਆ...

ਫਿਰ ਆਂਉਦਾ ਹੈ..ਦੂਜਾ ਗੇੜ (2nd stage)


ਹੌਲੀ ਹੌਲੀ ਦੇਸ਼ ਚ ਮਰੀਜ਼ਾਂ ਦੀ ਸੰਖਿਆ ਵੱਧਣ ਲੱਗਦੀ ਹੈ, ਤੇ ਸਰਕਾਰ ਇੱਕ ਦੋ ਸ਼ਹਿਰਾਂ ਚ ਹੱਦਾਂ ਬੰਦ ਕਰ ਦਿੰਦੀ ਹੈ, ਨਾਲ ਹੀ ਥੋਨੂੰ ਸਮਝਾਂਉਦੀ ਹੈ ਕਿ ਡਰਨ ਦੀ ਕੋਈ ਲੋੜ ਨਹੀੰ ਸਭ ਕੁਝ ਠੀਕ ਹੈ (22 ਫਰਵਰੀ ਨੂੰ ਇਟਲੀ ਚ ਅਜਿਹਾ ਕੁਝ ਸੀ )
ਦੂਜਾ ਗੇੜ ਅੱਗੇ ਵੱਧਦਾ ਹੈ...

ਕੁਝ ਲੋਕਾਂ ਦੀ ਮੌਤ ਹੁੰਦੀ ਹੈ, ਪਰ ਉਹ ਸਭ ਬੁੱਢੇ ਲੋਕ ਹੁੰਦੇ ਨੇ, ਮੀਡੀਆ ਇਸ ਤੇ ਹਾਏ ਤੌਬਾ ਮਚਾਂਉਦਾ ਹੈ, ਅਸੀੰ ਮੀਡੀਆ ਨੂੰ ਕੋਸਦੇ ਹਾਂ ਕਿ ਇਹ ਚੰਗੀ ਗੱਲ ਨਹੀਂ ਹੈ । ਬਾਕੀ ਲੋਕ ਆਪਣੇ ਦੋਸਤਾਂ ਯਾਰਾਂ ਨੂੰ ਮਿਲਦੇ ਰਹਿੰਦੇ ਨੇ, ਨਾਰਮਲ ਜ਼ਿੰਦਗੀ ਜ਼ਾਰੀ ਹੈ, ਸਾਨੂੰ ਹਜੇ ਵੀ ਲੱਗਦੈ ਕਿ ਕੁਝ ਨਹੀਂ ਹੋਣਾ ।

ਤੀਜਾ ਗੇੜ (3rd Stage)


ਹੌਲੀ ਹੌਲੀ ਵਾਇਰਸ ਤੋੰ ਪ੍ਰਭਾਵਿਤ ਲੋਕਾਂ ਦਾ ਅੰਕੜਾ ਵੱਧਣ ਲਗਦਾ ਹੈ, ਇੱਕ ਦਿਨ ਚ ਈ ਦੁੱਗਣੇ ਲੋਕ ਪ੍ਰਭਾਵਿਤ ਹੋ ਜਾਂਦੇ ਨੇ, ਮੌਤਾਂ ਦਾ ਅੰਕੜਾ ਵੀ ਵੱਧ ਜਾਂਦਾ ਹੈ ਤੇ ਸਰਕਾਰ ਚਾਰ ਵੱਡੇ ਇਲਾਕਿਆਂ ਨੂੰ ਬੈਨ ਕਰ ਦਿੰਦੀ ਹੈ ਜਿੱਥੇ ਸਭ ਤੋੰ ਵੱਧ ਕੇਸ ਹਨ (ਇਹ 7 ਮਾਰਚ ਨੂੰ ਇਟਲੀ ਚ ਹੁੰਦਾ ਹੈ ) ਤੇ ਫਿਰ ਇਟਲੀ ਦੇ 25% ਲੋਕਾਂ ਨੂੰ ਘਰਾਂ ਚ ਬੰਦ ਕਰ ਦਿੱਤਾ ਜਾਂਦਾ ਹੈ ।

ਕੁਝ ਖੇਤਰਾਂ 'ਚ ਸਕੂਲ, ਬਾਰ, ਰੈਸਟੋਰੈਂਟ ਬੰਦ ਕਰ ਦਿੱਤੇ ਜਾਂਦੇ ਨੇ, ਪਰ ਦਫਤਰ ਹਾਲੇ ਵੀ ਖੁੱਲੇ ਨੇ, ਅਖਬਾਰ ਤੇ ਟੈਲੀਵਿਜ਼ਨ ਸਰਕਾਰੀ ਨਿਯਮਾਂ ਨੂੰ ਪ੍ਰਕਾਸ਼ਿਤ ਕਰ ਰਹੇ ਨੇ ।
ਤੀਜਾ ਗੇੜ ਅੱਗੇ ਤੁਰਦਾ ਹੈ...

ਇਟਲੀ 'ਚ ਕਰੀਬ 10 ਹਜ਼ਾਰ ਲੋਕ, ਜਿੰਨਾਂ ਨੂੰ ਦੂਜੇ ਇਲਾਕਿਆਂ ਚ ਸਰਕਾਰ ਨੇ ਰੋਕ ਰੱਖਿਆ ਸੀ, ਉਹ ਇੱਕੋ ਰਾਤ ਚ ਹੀ ਨਿੱਕਲ ਕੇ ਆਪੋ-ਆਪਣੇ ਘਰੀਂ ਵਾਪਿਸ ਪਹੁੰਚ ਜਾਂਦੇ ਨੇ ਤੇ ਇਟਲੀ ਦੇ ਕਰੀਬ 75% ਲੋਕ ਆਪੋ ਆਪਣੇ ਕੰਮੀਂ ਧੰਦੀ ਹਜੇ ਵੀ ਵਿਅਸਤ ਨੇ ।
ਤੀਜਾ ਗੇੜ ਹੋਰ ਅੱਗੇ ਵੱਧ ਰਿਹਾ ਹੈ ..

ਇਟਲੀ ਦੇ ਲੋਕ ਹਾਲੇ ਵੀ ਇਸ ਵਾਇਰਸ ਦੀ ਆਪਦਾ ਨੂੰ ਸਮਝ ਨਹੀਂ ਪਾ ਰਹੇ, ਹਰ ਥਾਂ ਇਟਲੀ ਚ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਥੋੜ੍ਹੀ ਥੋੜ੍ਹੀ ਦੇਰ ਚ ਆਪਣੇ ਹੱਥ ਸਾਫ ਧੋਵੋ, ਲੋਕ ਭੀੜ੍ਹ ਚ ਨਾਂ ਜਾਣ, ਟੀਵੀ ਤੇ ਹਰ ਮਿੰਟ ਮਿੰਟ ਤੇ ਸਮਝਾਇਆ ਜਾ ਰਿਹਾ ਪਰ ਇਹ ਗੱਲਾਂ ਲੋਕਾ ਦੇ ਦਿਮਾਗ ਚ ਨਹੀੰ ਬੈਠ ਰਹੀਆਂ...

ਫਿਰ ਆਂਉਦਾ ਹੈ ਚੌਥਾ ਗੇੜ (4th Stage)


ਇਟਲੀ ਚ ਹਰ ਜਗ੍ਹਾ ਸਕੂਲ ਤੇ ਕਾਲਜ ਘੱਟੋ ਘੱਟ ਇੱਕ ਮਹੀਨੇ ਲਈ ਬੰਦ ਕਰ ਦਿੱਤੇ ਜਾਂਦੇ ਨੇ, ਕੌਮੀ ਐਮਰਜੰਸੀ ਲਗਾ ਦਿੱਤੀ ਜਾਂਦੀ ਹੈ, ਸਾਰੇ ਹਸਪਤਾਲਾਂ ਨੂੰ ਖਾਲੀ ਕਰਵਾ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਜਗ੍ਹਾ ਬਣਾ ਦਿੱਤੀ ਜਾਂਦੀ ਹੈ
ਚੌਥਾ ਗੇੜ ਹੋਰ ਅੱਗੇ ਵੱਧਦਾ ਹੈ ....

ਹੁਣ ਇਟਲੀ ਚ ਡਾਕਟਰ ਤੇ ਨਰਸਾਂ ਦੀ ਕਮੀ ਹੋਣ ਲੱਗੀ ਹੈ, ਜਿੰਨੇ ਵੀ ਡਾਕਟਰ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਵਾਪਿਸ ਨੌਕਰੀ ਤੇ ਬੁਲਾ ਲਿਆ ਜਾਂਦਾ ਹੈ, ਜਿੰਨਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਦੂਜਾ ਸਾਲ ਹੈ ਉਹਨਾਂ ਨੂੰ ਵੀ ਨੌਕਰੀ ਤੇ ਬੁਲਾ ਲਿਆ ਜਾਂਦਾ ਹੈ, ਕਿਸੇ ਵੀ ਡਾਕਟਰ ਤੇ ਨਰਸ ਦੀ ਕੋਈ ਸ਼ਿਫਟ ਨਹੀਂ ਹੈ, 24 ਘੰਟੇ ਕੰਮ ਕਰਨਾ ਹੈ ਸਭ ਨੇ, ਕਈ ਡਾਕਟਰ ਤੇ ਨਰਸਾਂ ਵੀ ਵਾਇਰਸ ਦੀ ਚਪੇਟ ਚ ਆਉਣ ਲੱਗੇ ਨੇ ਤੇ ਅੱਗੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਵਾਇਰਸ ਫੈਲ ਰਿਹਾ ਹੈ ।
ਚੌਥਾ ਗੇੜ ਹੋਰ ਅੱਗੇ ਵੱਧਦਾ ਹੈ...

ਹੁਣ ਨਿਮੋਨੀਆ ਦੇ ਮਰੀਜ਼ ਬਹੁਤ ਵੱਧ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ICU ਦੀ ਲੋੜ ਹੈ ਪਰ ICU ਚ ਸਭ ਲਾੀ ਜਗ੍ਹਾ ਨਹੀਂ ਹੈ, ਇਟਲੀ ਚ ਉਹ ਸਥਿਤੀ ਆ ਚੁੱਕੀ ਹੈ ਜਿੱਥੇ ਡਾਕਟਰ ਸਿਰਫ ਉਹਨਾਂ ਦਾ ਇਲਾਜ਼ ਕਰ ਰਹੇ ਨੇ ਜਿੰਨਾਂ ਦੇ ਬਚਣ ਦੀ ਉਮੀਦ ਹੈ, ਮਤਲਬ ਹੁਣ ਬੁੱਢੇ ਤੇ ਹੋਰ ਬਿਮਾਰੀਆਂ ਤੋਂ ਪੀੜਿਤ ਮਰੀਜਾਂ ਦਾ ਡਾਕਟਰ ਇਲਾਜ਼ ਹੀ ਨਹੀੰ ਕਰ ਰਹੇ ਕਿਉਂਕਿ ਸਿਰਫ ਕੋਰੋਨਾ ਵਾਇਰਸ ਵਾਲੇ ਲੋਕਾਂ ਨੂੰ ਬਣਾਉਣਾ ਹੈ, ਕਿਉਂਕਿ ਹਸਪਤਾਲਾਂ ਚ ਸਭ ਲਈ ਜਗ੍ਹਾ ਹੀ ਨਹੀਂ ਬਚੀ ਹੈ ।
ਚੌਥਾ ਗੇੜ ਹੋਰ ਅੱਗੇ ਵੱਧਦਾ ਹੈ....

ਹੁਣ ਹਸਪਤਾਲਾਂ ਚ ਲੋਕ ਮਰ ਰਹੇ ਨੇ ਕਿਉਂਕਿ ICU ਚ ਜਗ੍ਹਾ ਹੀ ਨਹੀਂ ਹੈ, ਮੇਰੇ ਇੱਕ ਦੋਸਤ ਡਾਕਟਰ ਨੇ ਦੱਸਿਆ ਕਿ ਉਸਨੇ ਤਿੰਨ ਲੋਕਾਂ ਨੂੰ ਮਰਨ ਲਈ ਹੀ ਛੱਡ ਦਿੱਤਾ ਕਿਉਂਕਿ ਜਗ੍ਹਾ ਹੀ ਨਹੀਂ ਸੀ, ਨਰਸਾਂ ਰੋ ਰਹੀਆਂ ਨੇ ਕਿਉਂਕਿ ਉਹ ਮਰਦੇ ਹੋਏ ਲੋਕਾਂ ਲਈ ਕੁਝ ਨਹੀਂ ਕਰ ਸਕਦੀਆਂ ਸਿਵਾਏ ਆਕਸੀਜ਼ਨ ਦੇਣ ਦੇ ।

ਹੁਣ ਆਂਉਦਾ ਹੇ ਪੰਜਵਾਂ ਗੇੜ (5th Stage)


ਯਾਦ ਕਰੋ ਉਹਨਾਂ ਬੇਵਕੂਫਾਂ ਨੂੰ ਜਿੰਨਾਂ ਨੂੰ ਸਰਕਾਰ ਨੇ ਸ਼ੁਰੂਆਤ ਚ ਇਟਲੀ ਦੇ ਵੱਖ ਵੱਖ ਰਾਜਾਂ ਚ ਰੋਕ ਕੇ ਰੱਖਿਆ ਸੀ, ਕੁਆਰਨਟਾਇਨ ਕੀਤਾ ਸੀ, ਪਰ ਉਹ ਆਪਣੇ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ, ਉਹਨਾਂ ਦੀ ਵਜ੍ਹਾ ਨਾਲ ਹੁਣ ਸਾਰੀ ਇਟਲੀ ਨੂੰ 9 ਮਾਰਚ ਨੂੰ ਕੁਆਰਨਟਾਇਨ ਕਰ ਦਿੱਤਾ ਗਿਆ ।

ਹੁਣ ਸਰਕਾਰ ਦਾ ਇੱਕ ਹੀ ਟੀਚਾ ਹੈ ਕਿ ਕਿਵੇਂ ਇਸ ਵਾਇਰਸ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਣ ਤੋਂ ਰੋਕਿਆ ਜਾਵੇ...ਪਰ ਹਜੇ ਵੀ ਲੋਕਾਂ ਨੂੰ ਕੰਮ ਤੇ ਜਾਣ ਤੋਂ ਨਹੀਂ ਰੋਕਿਆ ਜਾ ਰਿਹਾ, ਜਰੂਰੀ ਸਮਾਨ ਦੀ ਖਰੀਦਦਾਰੀ ਕਰਨ ਦਿੱਤੀ ਜਾ ਰਹੀ ਹੈ, ਸਾਰੇ ਵਪਾਰ ਵੀ ਹਜੇ ਖੁੱਲੇ ਨੇ, ਕਿਉਂਕਿ ਅਜਿਹਾ ਨਾਂ ਕੀਤਾ ਤਾਂ ਸਾਰੀ ਇਕਾਨਮੀ ਬੈਠ ਜਾਏਗੀ, ਪਰ ਤੁਸੀਂ ਆਪਣੇ ਇਲਾਕੇ ਤੋੰ ਉਦੋਂ ਤੱਕ ਬਾਹਰ ਨੀ ਜਾਣਾ ਜਦੋੰ ਤੱਕ ਜਰੂਰੀ ਕੰਮ ਨਾਂ ਹੋਵੇ । ਪਰ ਲੋਕ ਕਿੱਥੇ ਸਮਝਦੇ ਨੇ, ਹਰ ਕੰਮ ਨੂੰ ਜਰੂਰੀ ਕੰਮ ਦਾ ਅਧਾਰ ਬਣਾ ਰਹੇ ਨੇ, ਘੁੰਮ ਫਿਰ ਰਹੇ ਨੇ, ਗਰੁੱਪ ਚ ਬੈਠ ਰਹੇ ਨੇ, ਸ਼ਰਾਬਾਂ ਪੀ ਰਹੇ ਨੇ, ਐਸ਼ਪ੍ਰਸਤੀ ਕਰ ਰਹੇ ਨੇ...

ਫਿਰ ਆਂਉਦਾ ਹੈ ਛੇਵਾਂ ਗੇੜ (6th Stage)


ਦੋ ਦਿਨ ਪਹਿਲ਼ਾਂ ਐਲਾਨ ਕਰ ਦਿੱਤਾ ਗਿਆ ਕਿ ਹੁਣ ਸਾਰੇ ਵਪਾਰ, ਸ਼ਾਪਿੰਗ ਮਾਲ, ਰੈਸਟੇਰੈਨਟ, ਬਾਰ ਤੇ ਸਾਰੀਅਥ ਦੁਕਾਨਾਂ ਵੀ ਬੰਦ ਰਹਿਣਗੀਆਂ ਸਿਰਫ ਸੁਪਰ ਮਾਰਕਿਟ ਤੇ ਕੈਮਿਸਟ ਸ਼ਾਪ ਤੋਂ ਇਲਾਵਾ..ਹੁਣ ਤੁਸੀਂ ਸਿਰਫ ਉਦੋੰ ਈ ਆਪਣੇ ਇਲਾਕੇ ਚੋਂ ਬਾਹਰ ਜਾ ਸਕਦੇ ਓ ਜੇ ਥੋਡੇ ਕੋਲੇ ਕੋਈ ਬਹੁਤ ਵੱਡੀ ਵਜ੍ਹਾ ਹੋਵੇ ਤੇ ਉਹਦੇ ਲਈ ਬਕਾਇਦਾ ਸਰਟੀਫਿਕੇਟ ਹੋਵੇ । ਉਸ ਸਰਟੀਫਿਕੇਟ ਚ ਥੋਡੇ ਬਾਰੇ ਪੂਰੀ ਜਾਣਕਾਰੀ ਹੋਵੇ ਜਿਸਤੇ ਨਾਮ, ਪਤਾ ਤੇ ਹੋਰ ਸਭ ਲਿਖਿਆ ਹੋਵੇ ।

ਜਗ੍ਹਾ ਜਗ੍ਹਾ ਪੁਲਿਸ ਚੈਕ ਪੋਸਟ ਬਣ ਗਏ ਨੇ, ਜੇ ਤੁਸੀਂ ਘਰੋਂ ਬਾਹਰ ਨਿੱਕਲਦੇ ਫੜ੍ਹੇ ਜਾਂਦੇ ਹੋ ਤਾਂ 206 ਪੌਂਡ ਦਾ ਜ਼ੁਰਮਾਨਾ ਹੈ ਤੇ ਜੇ ਤੁਸੀਂ ਕੋਰੋਨਾ ਤੋਂ ਪੀੜਿਤ ਹੋ ਤੇ ਘਰੋੰ ਬਾਹਰ ਨਿੱਕਲੇ ਫੜਝੇ ਜਾਂਦੇ ਓ ਤਾਂ ਤੁਹਾਨੂੰ ਇੱਕ ਤੋਂ ਲੈ ਕੇ 12 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ ।

ਆਖਰੀ ਸੰਦੇਸ਼ :


ਮੈਂ ਇਹ 16 ਮਾਰਚ ਨੂੰ ਲਿਖ ਰਿਹਾ ਹਾਂ ਤੇ ਇਸ ਵੇਲੇ ਤੱਕ ਹਾਲਾਤ ਇਹ ਨੇ ਜੋ ਮੈੰ ਉੱਪਰ ਦੱਸੇ ਨੇ, ਖਾਸ ਗੱਲ ਇਹ ਹੈ ਕਿ ਇਟਲੀ ਚ ਇਹ ਸਭ ਦੋ ਹਫਤਿਆਂ ਚ ਈ ਹੋ ਗਿਆ, ਸਿਰਫ ਪੰਜ ਦਿਨ ਲੱਗੇ ਸਰੇਜ ਤਿੰਨ ਤੋੰ ਅੱਜਤੱਕ ਪਹੁੰਚਣ ਦੇ ਲਈ, ਦੁਨੀਆਂ ਸੇ ਦੂਜੇ ਦੇਸ਼ ਹੌਲੀ ਹੌਲੀ ਉਹਨਾਂ ਸਟੇਜਾਂ ਵੱਲ ਵੱਧ ਰਹੇ ਨੇ, ਜਿੰਨਾਂ ਚੋੰ ਅਸੀੰ ਲੰਘ ਗਏ ਹਾਂ ਇਸਲਈ ਮੈਂ ਥੋਨੂੰ ਸਿਰਫ ਇਹੀ ਕਹਿਣਾ ਹੈ ਕਿ “ਥੋਨੂੰ ਕੋਈ ਅੰਦਾਜ਼ਾ ਹੀ ਨਹੀੰ ਕਿ ਅੱਗੇ ਕੀ ਹੋ ਸਕਦਾ ਹੈ, ਕਿਉਂਕਿ ਮੈਂ ਵੀ ਦੋ ਹਫਤੇ ਪਹਿਲਾਂ ਇਹੀ ਸੋਚਦਾ ਸੀ ਜੋ ਹੁਣ ਤੁਸੀਂ ਸੋਚ ਰਹੇ ਹੋ ਅਤੇ ਇਹ ਇਸਲਈ ਨਹੀੰ ਕਿ ਇਹ ਵਾਇਰਸ ਬਹੁਤ ਖਤਰਨਾਕ ਹੈ ਬਲਕਿ ਇਹ ਸਥਿਤੀਆਂ ਅਜਿਹੀਆਂ ਪੈਦਾ ਕਰ ਦੇਵੇਗਾ ਜਿਸ ਨਾਲ ਲੜਣ ਦੇ ਅਸੀੰ ਸਮਰੱਥ ਨਹੀੰ ਹਾਂ”

“ਇਹ ਦੇਖਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਕੁਝ ਦੇਸ਼ਾਂ ਦੇ ਲੋਕ ਸੋਚ ਰਹੇ ਨੇ ਉਹਨਾਂ ਨੂੰ ਕੁਝ ਨਹੀਂ ਹੋਏਗਾ ਤੇ ਉਹ ਜਰੂਰੀ ਬਚਾਅ ਨਹੀਂ ਕਰ ਰਹੇ ਪਰ ਉਹ ਸਮੇਂ ਰਹਿੰਦੇ ਬਚਾਅ ਕਰ ਲੈਣ ਤਾਂ ਬਹੁਤ ਬੱਚਤ ਰਹਿ ਸਕਦੀ ਹੈ ਇਸਲਈ ਜੇ ਤੁਸੀਂ ਇਸ ਲਿਖਤ ਨੂੰ ਪੜਝ ਰਹੇ ਹੋ ਤਾਂ ਸਮੇਂ ਰਹਿੰਦੇ ਜਾਗ ਜਾਓ”


“ਇਟਲੀ ਦੀ ਸਰਕਾਰ ਚੰਗਾ ਕੰਮ ਕਰ ਰਹੀ ਹੈ, ਬਾਕੀ ਦੇਸ਼ਾਂ ਦੀਆਂ ਸਰਕਾਰਾਂ ਵੀ ਚੰਗਾ ਕੰਮ ਕਰ ਰਹੀਆਂ ਨੇ ਪਰ ਲੋੜ੍ਹ ਹੈ ਲੋਕਾਂ ਦੇ ਸਹਿਯੋਗ ਦੀ, ਲੋਕਾਂ ਨੂੰ ਘਰਾਂ ਚ ਬੰਦ ਕਰਨ ਵਰਗੇ ਕਠੋਰ ਫੈਸਲੇ ਹੀ ਸਾਨੂੰ ਬਚਾ ਸਕਦੇ ਨੇ, ਇਸਲਈ ਜੇ ਤੁਸੀਂ ਕਿਸੇ ਅਜਿਹੇ ਇਲਾਕੇ ਚ ਹੋ ਜਿੱਥੇ ਕੋਰੋਨਾ ਦੇ ਮਰੀਜ਼ ਨੇ ਤਾਂ ਸਮਝੋ ਤੁਸੀਂ ਉਸ ਭਿਆਨਕ ਸਥਿਤੀ ਤੋਂ ਇੱਕ ਦੋ ਹਫਤੇ ਈ ਪਿੱਛੇ ਹੋ ਜੇ ਗੰਭੀਰ ਨਾਂ ਹੋਏ ਜਾਂ ਬਚਾਅ ਨਾਂ ਕੀਤਾ ਤਾਂ”
..ਸਮਾਪਤਸੋ ਦੋਸਤੋ ਇਹ ਹੈ ਸਾਰੀ ਕਹਾਣੀ ਜਿਸਨੂੰ ਮੈਂ ਹੂ-ਬ-ਹੂ ਪੰਜਾਬੀ ਚ ਤਰਜ਼ਮਾ ਕੀਤਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਪੜ੍ਹ ਸਕਣ ਤੇ ਸਮਝ ਸਕਣ...ਇੱਥੇ ਵੀ ਬਾਹਰੋਂ ਆਏ ਲੋਕ ਐਧਰ ਓਧਰ ਲਾਪਤਾ ਹੋ ਕੇ ਸਥਿਤੀ ਵਿਗਾੜ ਰਹੇ ਨੇ, ਸੋ ਕਿਸੇ ਨੂੰ ਵੀ ਪਤਾ ਲੱਗੇ ਤਾਂ ਅਜਿਹੇ ਸ਼ੱਕੀ ਲੋਕਾਂ ਬਾਰੇ ਤਾਂ ਸਰਕਾਰਾਂ ਨੂੰ ਤੁਰੰਤ ਜਾਣਕਾਰੀ ਦਿਓ, ਬਾਕੀ ਦੇਸ਼ ਹੈਰਾਨ ਨੇ ਕਿ ਭਾਰਤ ਹਜੇ ਤਾਂਈ ਬਚਿਆ ਕਿਵੇੰ ਐ, ਪਰ ਬਚਿਆ ਹੀ ਰਹੂਗਾ ਇਹਦੀ ਕੋਈ ਗਰੰਟੀ ਨਹੀਂ, ਸੋ ਇਹ ਇੱਕ ਦਿਨ ਦੀ ਜਨਤਾ ਐਮਰਜੰਸੀ ਅਗਲੇ ਦਿਨਾਂ ਦਾ ਟ੍ਰਾਇਲ ਵੀ ਹੋ ਸਕਦੀ ਹੈ, ਕ੍ਰਿਪਾ ਕਰਕੇ ਗੰਭੀਰਤਾ ਨੂੰ ਸਮਝੋ ਤੇ ਅੱਗੇ ਵੀ ਸਮਝਾਓ🙏


ਵਿਜੇਪਾਲ ਸਿੰਘ ਬਰਾੜ, ਡਿਪਟੀ ਨਿਊਜ਼ ਐਡੀਟਰ, ਨਿਊਜ਼ 18 ਪੰਜਾਬ।
First published: March 20, 2020
ਹੋਰ ਪੜ੍ਹੋ
ਅਗਲੀ ਖ਼ਬਰ