ਖੂਨਦਾਨ ਨੂੰ ਮਹਾਂਦਾਨ ਮੰਨਿਆ ਜਾਂਦਾ ਹੈ ਕਿਉਂਕਿ ਦਾਨ ਕੀਤੇ ਗਏ ਖੂਨ ਦੀ ਵਰਤੋਂ ਕਈ ਮਾਸੂਮ ਜਿੰਦਗੀਆਂ ਨੂੰ ਬਚਾਉਣ ਲਈ ਹੁੰਦੀ ਹੈ। ਇਸੇ ਲਈ ਕਈ ਥਾਵਾਂ 'ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਤੇ ਲੱਖਾਂ ਲੋਕ ਇਨ੍ਹਾਂ ਕੈਂਪਾਂ ਦੀ ਮਦਦ ਨਾਲ ਖੂਨਦਾਨ ਕਰਦੇ ਹਨ। ਦੇਖਿਆ ਜਾਵੇ ਤਾਂ ਖੂਨਦਾਨ ਦੁਆਰਾ ਹਰ ਸਾਲ ਹੀ ਲੱਖਾਂ ਜਾਨਾਂ ਵੀ ਬਚਾਈਆਂ ਜਾਂਦੀਆਂ ਹਨ। ਤੰਦਰੁਸਤ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਬਿਮਾਰੀਆਂ ਤੋਂ ਪੀੜਤ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਖੂਨ ਮਿਲ ਸਕੇ।
ਸਿਹਤਮੰਦ ਅਤੇ ਤੰਦਰੁਸਤ ਲੋਕ ਸਮੇਂ-ਸਮੇਂ 'ਤੇ ਖੂਨਦਾਨ ਕਰ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਖੂਨਦਾਨ ਕਰਨਾ ਚਾਹੀਦਾ ਹੈ। ਹੁਣ ਜੇਕਰ ਗੱਲ ਕਰੀਏ ਸ਼ੂਗਰ ਦੀ ਬਿਮਾਰੀ ਦੀ ਤਾਂ ਵੱਡੀ ਗਿਣਤੀ ਵਿੱਚ ਲੋਕ ਸ਼ੂਗਰ ਤੋਂ ਪੀੜਤ ਹਨ। ਕਈ ਵਾਰ ਅਜਿਹੇ ਲੋਕ ਵੀ ਖੂਨਦਾਨ ਕਰਨਾ ਚਾਹੁੰਦੇ ਹਨ। ਪਰ ਕੀ ਸ਼ੂਗਰ ਦੇ ਮਰੀਜ਼ਾਂ ਲਈ ਖੂਨਦਾਨ ਕਰਨਾ ਸੁਰੱਖਿਅਤ ਹੈ ਜਾਂ ਨਹੀਂ ਇਸ ਬਾਰੇ ਜਾਣਨਾ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ।
ਸ਼ੂਗਰ ਰੋਗੀਆਂ ਲਈ ਖੂਨਦਾਨ ਕਰਨਾ ਕਿੰਨਾ ਸੁਰੱਖਿਅਤ ਹੈ?
ਕਿਸੇ ਵੀ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਖੂਨਦਾਨ ਕਰਨ ਤੋਂ ਪਹਿਲਾਂ ਜਾਂਚ ਕਰਵਾਉਣੀ ਚਾਹੀਦੀ ਹੈ। ਹੈਲਥਲਾਈਨ ਦੀ ਰਿਪੋਰਟ ਮੁਤਾਬਕ ਸ਼ੂਗਰ ਦੇ ਮਰੀਜ਼ ਵੀ ਖੂਨਦਾਨ ਕਰ ਸਕਦੇ ਹਨ। ਟਾਈਪ 1 ਅਤੇ ਟਾਈਪ 2 ਸ਼ੂਗਰ ਵਾਲੇ ਮਰੀਜ਼ਾਂ ਲਈ ਖੂਨ ਦਾਨ ਕਰਨਾ ਆਮ ਤੌਰ 'ਤੇ ਸੁਰੱਖਿਅਤ ਹੁੰਦਾ ਹੈ, ਪਰ ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡੀ ਸ਼ੂਗਰ ਕੰਟਰੋਲ ਵਿੱਚ ਹੈ ਅਤੇ ਤੁਹਾਨੂੰ ਕੋਈ ਹੋਰ ਬਿਮਾਰੀ ਨਹੀਂ ਹੈ, ਤਾਂ ਡਾਕਟਰ ਦੀ ਸਲਾਹ ਲੈ ਕੇ ਖੂਨਦਾਨ ਕੀਤਾ ਜਾ ਸਕਦਾ ਹੈ।
ਖੂਨਦਾਨ ਕਰਨ ਤੋਂ ਪਹਿਲਾਂ, ਤੁਹਾਨੂੰ ਸਿਹਤ ਜਾਂਚ ਕਰਵਾਉਣੀ ਪਵੇਗੀ। ਸ਼ੂਗਰ ਦੇ ਮਰੀਜ਼ ਜੋ ਦਿਲ ਦੀ ਬਿਮਾਰੀ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਨੂੰ ਖੂਨਦਾਨ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਸ਼ੂਗਰ ਦੇ ਮਰੀਜਾਂ ਨੂੰ ਖੂਨਦਾਨ ਕਰਨ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਡਾਕਟਰ ਨਾਲ ਸੰਪਰਕ ਕਰਨ।
ਖੂਨਦਾਨ ਕਰਨ ਤੋਂ ਪਹਿਲਾਂ ਵਰਤੋ ਇਹ ਸਾਵਧਾਨੀਆਂ
ਬੇਸ਼ੱਕ ਬਿਮਾਰੀ ਪੀੜਤ ਲੋਕ ਵੀ ਖੂਨਦਾਨ ਕਰ ਸਕਦੇ ਹਨ ਪਰ ਇਸ ਦੌਰਾਨ ਕੁਝ ਸਾਵਧਾਨੀਆਂ ਜ਼ਰੂਰੀ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਵੀ ਖੂਨਦਾਨ ਕਰਨ ਤੋਂ ਪਹਿਲਾਂ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਖੂਨਦਾਨ ਕਰਨ ਤੋਂ ਪਹਿਲਾਂ ਭਰਪੂਰ ਪਾਣੀ ਪੀਓ। ਖੂਨ ਦਾਨ ਕਰਨ ਤੋਂ 1-2 ਹਫ਼ਤੇ ਪਹਿਲਾਂ ਆਇਰਨ ਨਾਲ ਭਰਪੂਰ ਭੋਜਨ ਖਾਓ ਜਾਂ ਆਇਰਨ ਸਪਲੀਮੈਂਟ ਲਓ। 8 ਘੰਟੇ ਜਾਂ ਵੱਧ ਨੀਂਦ ਲੈਣਾ ਯਕੀਨੀ ਬਣਾਓ।
ਸੰਤੁਲਿਤ ਖੁਰਾਕ ਲਓ ਅਤੇ ਸਮੇਂ-ਸਮੇਂ 'ਤੇ ਖਾਂਦੇ-ਪੀਂਦੇ ਰਹੋ। ਇਹ ਸ਼ੂਗਰ ਦੇ ਮਰੀਜ਼ਾਂ ਲਈ ਜ਼ਰੂਰੀ ਹੈ। ਸਿਹਤਮੰਦ ਖੁਰਾਕ ਲੈਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਕੈਫੀਨ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ੂਗਰ ਦੀਆਂ ਦਵਾਈਆਂ ਨੂੰ ਬਿਲਕੁਲ ਨਾ ਛੱਡੋ। ਡਾਕਟਰ ਨਾਲ ਸੰਪਰਕ ਵਿੱਚ ਰਹੋ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਕਿਸੇ ਮਾਹਰ ਦੀ ਸਲਾਹ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Blood Bank, Blood donation, Diabetes, Lifestyle