ਵਿਆਹ ਔਰਤ ਮਰਦ ਦੇ ਸੰਬੰਧਾਂ ਨੂੰ ਸਮਾਜਕ ਆਧਾਰ ਬਖ਼ਸ਼ਣ ਵਾਲੀ ਪ੍ਰਣਾਲੀ ਹੈ। ਇਹ ਮਨੁੱਖ ਦੀਆਂ ਜੀਵ ਵਿਗਿਆਨਕ ਲੋੜਾਂ ਦੀ ਪੂਰਤੀ ਦਾ ਸਮਾਜ ਪ੍ਰਵਾਨਗੀ ਵਾਲਾ ਰਾਹ ਹੈ। ਇਸ ਲਈ ਵਿਆਹ ਇੱਕ ਸਮਾਜਿਕ ਪ੍ਰਣਾਲੀ ਹੀ ਨਹੀਂ, ਸਗੋਂ ਇਹ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਯੂਰੋਪੀਅਨ ਸੋਸਾਇਟੀ ਆਫ ਕਾਰਡੀਓਲਾਜੀ (European Society of Cardiology) ਦੁਆਰਾ ਕੀਤੀ ਗਈ ਇਕ ਖੋਜ ਵਿਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਅਣ-ਵਿਆਹੇ ਹਨ, ਜਾਂ ਜਿਨ੍ਹਾਂ ਦਾ ਜੀਵਨ ਸਾਥੀ ਨਹੀਂ ਹੈ, ਉਨ੍ਹਾਂ ਵਿੱਚ ਦਿਲ ਦੇ ਦੌਰੇ ਕਾਰਨ ਮੌਤ ਦਾ ਖ਼ਤਰਾ ਵੱਧ ਹੁੰਦਾ ਹੈ।
ਇਸ ਅਧਿਐਨ ਦੇ ਅਨੁਸਾਰ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਅਣ-ਵਿਆਹੇ ਲੋਕ ਸੀਮਤ ਸਮਾਜਿਕ ਸਬੰਧਾਂ ਕਾਰਨ ਵਿਆਹੇ ਲੋਕਾਂ ਦੇ ਮੁਕਾਬਲੇ ਆਪਣੀ ਆਪੇ ਨੂੰ ਸੰਭਾਲਣ ਵਿੱਚ ਘੱਟ ਆਤਮ ਵਿਸ਼ਵਾਸ ਰੱਖਦੇ ਹਨ। ਇਸ ਅੰਤਰ ਦੇ ਕਾਰਨ, ਅਣ-ਵਿਆਹੇ ਲੋਕਾਂ ਵਿੱਚ ਦਿਲ ਦੇ ਦੌਰੇ ਤੋਂ ਬਾਅਦ ਬਚਣ ਦੀ ਸੰਭਾਵਨਾ ਮੁਕਾਬਲਤਨ ਘੱਟ ਹੁੰਦੀ ਹੈ।
ਇਸ ਅਧਿਐਨ ਦੇ ਲੇਖਕ ਅਤੇ ਯੂਨੀਵਰਸਿਟੀ ਹਸਪਤਾਲ ਵੁਡਜ਼ਬਰਗ (University Hospital Woodsburg) ਜਰਮਨੀ ਦੇ ਡਾ. ਫੈਬੀਅਨ ਕੇਰਵੇਗਨ
(Dr. Fabian Kerwagen) ਦਾ ਕਹਿਣਾ ਹੈ ਕਿ ਸਮਾਜਿਕ ਸਹਿਯੋਗ ਸਦਕਾ ਲੰਬੇ ਸਮੇਂ ਦੀਆਂ ਸਥਿਤੀਆਂ ਨਾਲ ਨਜਿੱਠਣ ਵਿਚ ਲੋਕਾਂ ਦੀ ਮਦਦ ਹੁੰਦੀ ਹੈ। ਜੀਵਨ ਸਾਥੀ ਦਵਾਈ ਲੈਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਜਾਂ ਉਹ ਇਸਦੇ ਲਈ ਤਤਪਰਤਾ ਦਿਖਾ ਸਕਦਾ ਹੈ। ਇਸ ਨਾਲ ਮਰੀਜ਼ਾਂ ਲਈ ਸਿਹਤਮੰਦ ਵਿਵਹਾਰ ਵਿਕਸਿਤ ਕਰਨਾ ਆਸਾਨ ਹੋ ਜਾਂਦਾ ਹੈ। ਇਹ ਸਾਰੀਆਂ ਗੱਲਾਂ ਲੰਬੀ ਉਮਰ ਲਈ ਵਿਸ਼ੇਸ਼ ਮਹੱਤਤਾ ਰੱਖਦੀਆਂ ਹਨ।
ਡਾਕਟਰ ਫੈਬੀਅਨ ਦੇ ਅਨੁਸਾਰ ਉਸ ਦੁਆਰਾ ਕੀਤੇ ਇਸ ਅਧਿਐਨ ਵਿੱਚ ਸ਼ਾਮਲ ਅਣ-ਵਿਆਹੇ ਮਰੀਜ਼ਾਂ ਵਿੱਚ ਵਿਆਹੇ ਹੋਏ ਮਰੀਜ਼ਾਂ ਦੇ ਮੁਕਾਬਲੇ ਸਮਾਜਿਕ ਸਬੰਧਾਂ ਦੀ ਕਮੀ ਦਿਖਾਈ ਦਿੱਤ ਹੈ। ਇਸ ਦੇ ਨਾਲ ਹੀ ਹਾਰਟ ਫੇਲ ਹੋਣ ਕਾਰਨ ਪੈਦਾ ਹੋਈ ਸਥਿਤੀ ਨੂੰ ਸੰਭਾਲਣ ਦਾ ਆਤਮ-ਵਿਸ਼ਵਾਸ ਵੀ ਘੱਟ ਪਾਇਆ ਗਿਆ। ਇਹਨਾਂ ਕਾਰਨਾਂ ਦੇ ਮੱਦੇਨਜ਼ਰ, ਅਸੀਂ ਜਾਂਚ ਕੀਤੀ ਕਿ ਕੀ ਇਹ ਕਾਰਕ ਜੀਵਨ ਕਾਲ ਨਾਲ ਵੀ ਸਬੰਧਤ ਹੋ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਅਧਿਐਨ ਇਕ ਲੰਮੀ ਪ੍ਰਕਿਰਿਆ ਦੇ ਰੂਪ ਵਿਚ ਹੋਇਆ ਸੀ। ਪਹਿਲਾਂ ਦੇ ਅਧਿਐਨਾਂ ਵਿੱਚ ਦੇਖਿਆ ਗਿਆ ਸੀ ਕਿ ਅਣ-ਵਿਆਹੇ ਲੋਕਾਂ ਵਿੱਚ ਬਿਮਾਰੀਆਂ ਦੇ ਨਿਦਾਨ ਬਾਰੇ ਘੱਟ ਜਾਗਰੂਕਤਾ ਹੁੰਦੀ ਹੈ। ਚਾਹੇ ਆਮ ਰੋਗ ਹੋਵੇ ਜਾਂ ਦਿਲ ਦੇ ਰੋਗੀ ਬਿਮਾਰੀ ਬਾਰੇ ਅਣ-ਵਿਆਹੇ ਲੋਕਾਂ ਵਿਚ ਜਾਗਰੂਕਤਾ ਮੁਕਾਬਲਤਨ ਘੱਟ ਦੇਖਣ ਨੂੰ ਮਿਲੀ ਹੈ।
ਇਸ ਅਧਿਐਨ ਵਿੱਚ 2004 ਅਤੇ 2007 ਦੇ ਵਿਚਕਾਰ ਦਿਲ ਦੀ ਬਿਮਾਰੀ ਵਾਲੇ ਹਸਪਤਾਲ ਵਿੱਚ ਦਾਖਲ 1022 ਮਰੀਜ਼ ਸ਼ਾਮਲ ਸਨ। ਇਨ੍ਹਾਂ ਵਿੱਚੋਂ 1008 ਮਰੀਜ਼ਾਂ ਨੇ ਵਿਆਹੁਤਾ ਸਥਿਤੀ ਦੀ ਰਿਪੋਰਟ ਕੀਤੀ, ਜਿਨ੍ਹਾਂ ਵਿੱਚੋਂ 633 ਯਾਨੀ ਲਗਭਗ 67% ਵਿਆਹੇ ਅਤੇ 375 ਯਾਨੀ ਲਗਭਗ 37% ਅਣ-ਵਿਆਹੇ ਸਨ। ਜੀਵਨ ਸਾਥੀ ਦੀ ਮੌਤ ਵਾਲੇ 195, ਕਦੇ ਵਿਆਹੇ ਨਾ ਜਾਣ ਵਾਲੇ 96 ਅਤੇ ਤਲਾਕਸ਼ੁਦਾ 84 ਨੂੰ ਅਣ-ਵਿਆਹੇ ਲੋਕਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਹਾਰਟ ਫੇਲ ਵਾਲੇ ਮਰੀਜ਼ਾਂ ਲਈ ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਕਾਰਡੀਓਮਿਓਪੈਥੀ ਪ੍ਰਸ਼ਨਾਵਲੀ ਦੁਆਰਾ ਜੀਵਨ ਦੀ ਗੁਣਵੱਤਾ, ਸਮਾਜਿਕ ਸਬੰਧਾਂ ਦੀ ਸੀਮਾ ਅਤੇ ਯੋਗਤਾ ਦਾ ਮੁਲਾਂਕਣ ਕੀਤਾ ਗਿਆ ਸੀ। ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਵਿਆਹੇ ਅਤੇ ਅਣ-ਵਿਆਹੇ ਮਰੀਜ਼ਾਂ ਵਿੱਚ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਕੋਈ ਮਹੱਤਵਪੂਰਨ ਅੰਤਰ ਨਹੀਂ ਸੀ। ਪਰ ਅਣ-ਵਿਆਹੇ ਲੋਕਾਂ ਦੇ ਸਮਾਜਿਕ ਸੰਬੰਧ ਬਣਾਉਣ ਦੀ ਯੋਗਤਾ ਅਤੇ ਸਵੈ-ਪ੍ਰਭਾਵ ਦੇ ਅੰਕੜੇ ਵਿਆਹੇ ਲੋਕਾਂ ਦੇ ਮੁਕਾਬਲੇ ਕਾਫ਼ੀ ਘੱਟ ਸਨ।
ਜ਼ਿਕਰਯੋਗ ਹੈ ਕਿ ਇੱਕ 10 ਸਾਲ ਦੇ ਫਾਲੋ-ਅੱਪ ਅਧਿਐਨ ਵਿੱਚ ਪਾਇਆ ਗਿਆ ਕਿ 679 (67%) ਮਰੀਜ਼ਾਂ ਦੀ ਮੌਤ ਹੋ ਗਈ। ਵਿਆਹੇ ਅਤੇ ਅਣ-ਵਿਆਹੇ ਦੀ ਸਥਿਤੀ ਦੀ ਤੁਲਨਾ ਕਰਦਿਆਂ ਇਹ ਅੰਕੜੇ ਸਾਹਮਣੇ ਆਏ ਕਿ ਅਣ-ਵਿਆਹੇ ਲੋਕ ਸਾਰੇ ਮਾਪਦੰਡਾਂ 'ਤੇ ਕਮਜ਼ੋਰ ਸਾਬਤ ਹੋਏ ਅਤੇ ਉਨ੍ਹਾਂ ਦੀ ਮੌਤ ਦਰ ਵੀ ਉੱਚੀ ਸੀ। ਡਾਕਟਰ ਫੈਬੀਅਨ ਕੇਰਵੇਗਨ ਦਾ ਕਹਿਣਾ ਹੈ ਕਿ ਇਸ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਦਿਲ ਦੀ ਅਸਫਲਤਾ ਵਾਲੇ ਮਰੀਜ਼ਾਂ ਦੀ ਲੰਬੀ ਉਮਰ ਵਿੱਚ ਵਿਆਹ ਅਤੇ ਸਮਾਜਿਕ ਰਿਸ਼ਤਿਆਂ ਦੇ ਪੂਰਨ ਸਹਿਯੋਗ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।