
31 ਦਸੰਬਰ ਤੱਕ ਕਰ ਲਓ ਇਹ ਕੰਮ, ਨਹੀਂ ਤਾਂ ਤੁਹਾਡਾ Bank Account ਹੋ ਸਕਦਾ ਹੈ ਫ੍ਰੀਜ਼
ਸਾਲ 2021 ਖਤਮ ਹੋਣ ਕਿਨਾਰੇ ਹੈ ਅਤੇ ਅਸੀਂ ਸਾਰੇ ਨਵੇਂ ਸਾਲ ਦਾ ਸੁਆਗਤ ਕਰਨ ਲਈ ਤਿਆਰ ਹਾਂ। ਨਵੇਂ ਸਾਲ ਦੀ ਚੰਗੀ ਸ਼ੁਰੂਆਤ ਲਈ ਕਈ ਇਸ ਤਰ੍ਹਾਂ ਦੇ ਕੰਮ ਹਨ ਜੋ ਤੁਹਾਨੂੰ ਸਾਲ ਦੇ ਅੰਤ ਤੋਂ ਪਹਿਲਾਂ ਪੂਰੇ ਕਰ ਲੈਣੇ ਚਾਹੀਦੇ ਹਨ। ਇਹਨਾ ਜ਼ਰੂਰੀ ਕੰਮਾਂ ਵਿਚੋਂ ਹੀ ਇਕ ਕੰਮ ਹੈ ਤੁਹਾਡੇ ਬੈਂਕ ਖਾਤੇ ਦਾ ਕੇਵਾਈਸੀ ਪੂਰਾ ਹੋਣਾ।
ਜੇਕਰ ਤੁਹਾਡਾ ਬੈਂਕ ਕੇਵਾਈਸੀ ਹੁਣ ਤੱਕ ਪੂਰਾ ਨਹੀਂ ਹੋਇਆ ਹੈ ਤਾਂ, ਨਵੇਂ ਸਾਲ ਵਿੱਚ, ਤੁਹਾਨੂੰ ਲੈਣ-ਦੇਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਦਰਅਸਲ RBI ਨੇ ਬੈਂਕ ਖਾਤੇ ਲਈ KYC ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਜਿਹਾ ਨਾ ਕਰਨ ਵਾਲੇ ਖਾਤਾਧਾਰਕਾਂ ਲਈ ਬੈਂਕਾਂ ਨੂੰ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ 1 ਜਨਵਰੀ, 2022 ਨੂੰ, ਜਿਨ੍ਹਾਂ ਖਾਤਿਆਂ ਦਾ ਕੇਵਾਈਸੀ ਅਪਡੇਟ ਨਹੀਂ ਹੋਇਆ ਹੈ, ਉਨ੍ਹਾਂ ਨੂੰ ਬੈਂਕ ਦੁਆਰਾ ਫ੍ਰੀਜ਼ ਕੀਤਾ ਜਾ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਕੇਵਾਈਸੀ ਨੂੰ ਲੈ ਕੇ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ ਜਿਸ ਕਰਕੇ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਹੁਣ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਜੇਕਰ ਤੁਸੀਂ ਆਪਣੇ ਬੈਂਕ ਖਾਤੇ ਵਿੱਚ KYC ਅਪਡੇਟ ਨਹੀਂ ਕੀਤਾ ਹੈ, ਤਾਂ ਇਹ ਕੰਮ ਤੁਰੰਤ ਕਰੋ। ਨਹੀਂ ਤਾਂ, ਤੁਸੀਂ ਨਵੇਂ ਸਾਲ ਵਿੱਚ ਆਪਣੇ ਬੈਂਕ ਖਾਤੇ ਨਾਲ ਸਬੰਧਤ ਕੋਈ ਲੈਣ-ਦੇਣ ਨਹੀਂ ਕਰ ਸਕੋਗੇ।
ਅਸੀਂ ਸਾਰੇ ਜਾਣਦੇ ਹਾਂ ਕਿ ਵਿੱਤੀ ਲੈਣ-ਦੇਣ ਲਈ KYC ਦੀ ਲੋੜ ਹੁੰਦੀ ਹੈ। ਇਸ ਨਾਲ ਬੈਂਕ ਗਾਹਕਾਂ ਬਾਰੇ ਅਪਡੇਟ ਜਾਣਕਾਰੀ ਪ੍ਰਾਪਤ ਕਰਦਾ ਰਹਿੰਦਾ ਹੈ। ਉੱਚ ਜੋਖਮ ਵਾਲੇ ਖਾਤਾ ਧਾਰਕਾਂ ਨੂੰ ਹਰ ਦੋ ਸਾਲਾਂ ਵਿੱਚ ਕੇਵਾਈਸੀ ਕਰਵਾਉਣੀ ਪੈਂਦੀ ਹੈ ਜਦੋਂ ਕਿ ਘੱਟ ਜੋਖਮ ਵਾਲੇ ਖਾਤਾ ਧਾਰਕਾਂ ਨੂੰ 10 ਸਾਲਾਂ ਵਿੱਚ ਇੱਕ ਵਾਰ ਕੇਵਾਈਸੀ ਕਰਨਾ ਪੈਂਦਾ ਹੈ। ਲੰਬੇ ਸਮੇਂ ਤੋਂ ਬੰਦ ਬੈਂਕ ਖਾਤਿਆਂ ਨੂੰ ਮੁੜ ਸ਼ੁਰੂ ਕਰਨ ਲਈ ਕੇਵਾਈਸੀ ਅੱਪਡੇਟ ਦੀ ਵੀ ਲੋੜ ਹੁੰਦੀ ਹੈ। ਆਰਬੀਆਈ ਨੇ ਇਸ ਸਾਲ ਮਈ ਵਿੱਚ ਇਸ ਮਾਮਲੇ ਨੂੰ ਲੈ ਕੇ ਸਾਰੇ ਬੈਂਕਾਂ ਨੂੰ ਇੱਕ ਸਰਕੂਲਰ ਭੇਜਿਆ ਸੀ।
ਇਸ ਜਾਰੀ ਕੀਤੇ ਸਰਕੂਲਰ ਵਿੱਚ, ਆਰਬੀਆਈ ਨੇ ਕਿਹਾ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ ਨਾਲ ਸਬੰਧਤ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਸਥਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਗਾਹਕ ਖਾਤਿਆਂ ਦੇ ਸਬੰਧ ਵਿੱਚ ਜਿੱਥੇ ਕੇਵਾਈਸੀ ਨੂੰ ਅਪਡੇਟ ਕੀਤਾ ਜਾਣਾ ਹੈ ਅਤੇ ਉਹ ਲੰਬਿਤ ਹੈ, ਅਜਿਹੇ ਖਾਤਿਆਂ ਤੇ ਸਿਰਫ ਇਸ ਕਾਰਨ ਕਰਕੇ 31 ਦਸੰਬਰ 2021 ਤੱਕ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ।
ਕੇਵਾਈਸੀ ਨੂੰ ਅੱਪਡੇਟ ਕਰਨ ਦੀ ਲੋੜ ਸਿਰਫ਼ ਬੈਂਕਾਂ ਲਈ ਹੀ ਨਹੀਂ, ਸਗੋਂ ਹਰ ਨਿਯੰਤ੍ਰਿਤ ਵਿੱਤੀ ਸੰਸਥਾ ਲਈ ਹੈ ਕਿਉਂਕਿ ਇਹ ਮਨੀ ਲਾਂਡਰਿੰਗ ਵਿਰੋਧੀ ਕਾਨੂੰਨਾਂ ਦਾ ਹਿੱਸਾ ਹੈ। ਇਨ੍ਹਾਂ ਇਕਾਈਆਂ ਵਿੱਚ ਵਿੱਤ ਕੰਪਨੀਆਂ, ਮਿਉਚੁਅਲ ਫੰਡ, ਬ੍ਰੋਕਿੰਗ ਹਾਊਸ ਅਤੇ ਡਿਪਾਜ਼ਿਟਰੀਆਂ ਵੀ ਸ਼ਾਮਲ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।