Valentine Recipes: ਫ਼ਰਵਰੀ ਮਹੀਨੇ ਦਾ ਪਿਆਰ ਦਾ ਹਫ਼ਤਾ (Valentine week) ਚੱਲ ਰਿਹਾ ਹੈ। ਇਸ ਪਿਆਰ ਭਰੇ ਹਫ਼ਤੇ ਵਿੱਚ ਲੋਕ ਆਪਣੇ ਪਿਆਰ ਕਰਨ ਵਾਲਿਆਂ ਨੂੰ ਖ਼ਾਸ ਤੋਹਫ਼ੇ ਦਿੰਦੇ ਹਨ। ਅੱਜ ਪ੍ਰਪੋਜ਼ ਡੇ ਹੈ। ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਇਸ ਖ਼ਾਸ ਦਿਨ ਮੌਕੇ ਉਸਨ ਪ੍ਰਪੋਜ਼ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਇੱਕ ਖ਼ੂਬਸੂਰਤ ਆਈਡੀਆ ਲੈ ਕੇ ਆਏ ਹਾਂ।
ਤੁਸੀਂ ਪ੍ਰਪੋਜ਼ ਕਰਨ ਲਈ ਆਪਣੇ ਪਿਆਰ ਵਾਸਤੇ ਸ਼ਾਹੀ ਟੁਕੜਾ ਬਣਾ ਸਕਦੇ ਹੋ। ਇਹ ਤੁਹਾਡੇ ਪਿਆਰੇ ਨੂੰ ਬਹੁਤ ਹੀ ਪਸੰਦ ਆਵੇਗਾ। ਇਸਦੇ ਨਾਲ ਤੁਹਾਡਾ ਪਿਆਰ ਦਾ ਰਿਸ਼ਤਾ ਹੋਰ ਵਧੇਰੇ ਮਜ਼ਬੂਤ ਹੋਵੇਗਾ। ਇਸਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਕਿ ਸ਼ਾਹੀ ਟੁਕੜਾ ਦੀ ਰੈਸਿਪੀ ਕੀ ਹੈ-
ਸ਼ਾਹੀ ਟੁਕੜਾ ਬਣਾਉਣ ਲਈ ਲੋੜੀਂਦੀ ਸਮੱਗਰੀ-
ਸ਼ਾਹੀ ਟੁਕੜਾ ਬਣਾਉਣ ਲਈ ਤੁਹਾਨੂੰ 4 ਕੱਪ ਦੁੱਧ, ਬਰੈੱਡ, 2 ਚਮਚ ਕੰਡੈਂਸਡ ਮਿਲਕ, ਇਲਾਇਚੀ ਪਾਊਡਰ, 4 ਚਮਚ ਦੇਸੀ ਘਿਓ, ਅੱਧਾ ਕੱਪ ਖੰਡ, ਕੇਸਰ, ਬਦਾਮ, ਪਿਸਤੇ, ਸੁੱਕੇ ਗੁਲਾਬ ਦੀਆਂ ਪੱਤੀਆਂ ਆਦਿ ਦੀ ਲੋੜ ਪਵੇਗੀ।
ਸ਼ਾਹੀ ਟੁਕੜਾ ਬਣਾਉਣ ਦੀ ਰੈਸਿਪੀ
ਸ਼ਾਹੀ ਟੁਕੜਾ ਬਣਾਉਣ ਲਈ ਸਭ ਤੋਂ ਪਹਿਲਾਂ ਰਬੜੀ ਤਿਆਰ ਕਰ ਲਓ। ਇਸਦੇ ਲਈ ਕਿਸੇ ਨਾਨ ਸਟਿੱਕ ਪੈਨ ਵਿੱਚ ਦੁੱਧ ਉਬਲਣ ਲਈ ਰੱਖ ਦਿਓ। ਜਦੋਂ ਦੁੱਧ ਉੱਪਰ ਮਲਾਈ ਆ ਜਾਵੇ ਤਾਂ ਇਸਨੂੰ ਚਮਚ ਦੀ ਮਦਦ ਨਾਲ ਪਾਸੇ ਹਟਾ ਦਿਓ ਤੇ ਦੁੱਧ ਨੂੰ ਹਲਾਉਂਦੇ ਰਹੋ। ਇਸਨੂੰ ਉਦੋਂ ਤੱਕ ਵਾਰ ਵਾਰ ਕਰੋ ਜਦੋਂ ਤੱਕ ਦੁੱਧ ਥੋੜਾ ਜਿਹਾ ਨਹੀਂ ਰਹਿ ਜਾਂਦਾ।
ਇਸ ਤੋਂ ਬਾਅਦ ਇਸ ਬਚੇ ਹੋਏ ਦੁੱਧ ਵਿੱਚ 2 ਚਮਚ ਕੰਡੈਂਸਡ ਮਿਲਕ ਪਾਓ ਤੇ ਲਗਭਗ 15 ਮਿੰਟ ਪਕਾਓ। ਇਸ ਦੌਰਾਨ ਪਾਸੇ ਹਟਾਈ ਮਿਲਾਈ ਨੂੰ ਵੀ ਦੁੱਧ ਦੇ ਵਿੱਚ ਮਿਲਾ ਲਓ। ਇਸਦੇ ਵਿੱਚ ਇਲਾਇਚੀ ਪਾਊਡਰ ਪਾਓ ਤੇ ਠੰਡਾ ਹੋਣ ਲਈ ਫ਼ਰਿੱਜ ਵਿੱਚ ਰੱਖ ਦਿਓ।
ਇਸ ਤੋਂ ਮਗਰੋਂ ਤੁਸੀਂ ਬ੍ਰੈੱਡ ਲਓ ਤੇ ਇਨ੍ਹਾਂ ਦੇ ਕਿਨਾਰਿਆਂ ਨੂੰ ਕੱਟ ਦਿਓ। ਤੇ ਹਰੇਕ ਬ੍ਰੈੱਡ ਨੂੰ ਤਿਕੋਣੇ ਆਕਾਰ ਦੇ ਦੋ ਹਿੱਸਿਆ ਵਿੱਚ ਕੱਟੋ। ਦੇਸੀ ਘਿਓ ਲਗਾ ਕੇ ਇਹਨਾਂ ਨੂੰ ਤਵੇ ਉੱਤੇ ਸੁਨਹਿਰੀ ਹੋਣ ਤੱਕ ਭੁੰਨੋ ਤੇ ਪਾਸੇ ਰੱਖ ਦਿਓ।
ਹੁਣ ਖੰਡ ਦੀ ਚਾਸ਼ਨੀ ਤਿਆਰ ਕਰੋ। ਇਸਦੇ ਲਈ ਇੱਕ ਚੌਥਾਈ ਕੱਪ ਪਾਣੀ ਵਿੱਚ ਅੱਧਾ ਕੱਪ ਖੰਡ ਪਾ ਇਸਨੂੰ ਗਰਮ ਕਰੋ ਤੇ ਇੱਕ ਤਾਰ ਦੀ ਚਾਸ਼ਨੀ ਬਣਨ ਤੱਕ ਪਕਾਓ। ਇਸ ਵਿੱਚ ਇਲਾਇਚੀ ਪਾਊਡਰ ਤੇ ਥੋੜਾ ਜਿਹਾ ਕੇਸਰ ਪਾਓ।
ਭੁੰਨੇ ਹੋਏ ਬ੍ਰੈੱਡ ਦੇ ਟੁਕੜਿਆਂ ਨੂੰ ਚਾਸ਼ਨੀ ਵਿੱਚ ਡਬੋ ਕੇ ਕੱਢੋ ਤੇ ਸਰਵ ਕਰਨ ਵਾਲੇ ਭਾਂਡੇ ਵਿੱਚ ਰੱਖੋ। ਫਿਰ ਇਸ ਉੱਤੇ ਰਬੜੀ ਪਾ ਦਿਓ ਅਤੇ ਇਸਨੂੰ ਬਾਰੀਕ ਕੱਟੇ ਸੁੱਕੇ ਮੇਵਿਆਂ, ਗੁਲਾਬ ਦੀਆਂ ਪੱਤੀਆਂ ਤੇ ਚਾਂਦੀ ਵਰਕ ਨਾਲ ਗਾਰਨਿਸ਼ ਕਰੋ। ਇਸ ਤਰ੍ਹਾਂ ਤੁਹਾਡਾ ਸ਼ਾਹੀ ਟੁਕੜਾ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।