Why Anger Increases with Age: ਬੱਚੇ ਕੱਚੀ ਮਿੱਟੀ ਦੀ ਤਰ੍ਹਾਂ ਹੁੰਦੇ ਹਨ, ਉਨ੍ਹਾਂ ਨੂੰ ਜਿਸ ਤਰ੍ਹਾਂ ਢਾਲਿਆ ਜਾਵੇ, ਉਹ ਉਸ ਤਰ੍ਹਾਂ ਦੇ ਬਣ ਜਾਂਦੇ ਹਨ। ਇਹ ਕਥਨ ਬਿਲਕੁਲ ਸਹੀ ਹੈ। ਤੁਹਾਨੂੰ ਦਸ ਦੇਈਏ ਕਿ ਬੱਚੇ ਦੀ ਉਮਰ ਵਧਣ ਦੇ ਨਾਲ ਨਾਲ ਉਸ ਦੇ ਸੁਭਾਅ ਵਿੱਚ ਬਹੁਤ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਇਨ੍ਹਾਂ ਬਦਲਾਵਾਂ ਵਿੱਚ ਗੁੱਸਾ ਕਰਨਾ ਵੀ ਸ਼ਾਮਲ ਹੈ। ਗੁੱਸਾ ਇੱਕ ਭਾਵਨਾ ਹੈ ਜੋ ਕਿਸੇ ਪ੍ਰਤੀ ਨਰਾਜ਼ਗੀ ਦਿਖਾਉਣ ਦਾ ਇੱਕ ਮਾਧਿਅਮ ਹੈ। ਬੱਚਿਆਂ ਵਿੱਚ ਗੁੱਸਾ ਆਉਣਾ ਵੀ ਇੱਕ ਆਮ ਗੱਲ ਹੈ। ਪਰ ਕਈ ਵਾਰ ਬੱਚੇ ਦੇ ਅੰਦਰ ਇੰਨਾ ਗੁੱਸਾ ਪੈਦਾ ਹੋ ਜਾਂਦਾ ਹੈ ਕਿ ਉਹ ਹਮਲਾਵਰ ਰਵੱਈਆ ਅਪਣਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹੇ 'ਚ ਉਨ੍ਹਾਂ ਦਾ ਗੁੱਸਾ ਮਾਪਿਆਂ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣਨ ਲੱਗਦਾ ਹੈ। ਵੈਸੇ ਬੱਚੇ ਨੂੰ ਗੁੱਸਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਆਓ ਇਨ੍ਹਾਂ ਉੱਤੇ ਇੱਕ ਝਾਤ ਮਾਰੀਏ...
ਪੜ੍ਹਾਈ ਜਾਂ ਪ੍ਰੀਖਿਆ ਦਾ ਪ੍ਰੈਸ਼ਰ : ਕਈ ਵਾਰ ਬੱਚੇ ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਤਣਾਅ, ਚਿੰਤਾ ਅਤੇ ਡਰ ਵਿੱਚ ਰਹਿਣ ਲੱਗਦੇ ਹਨ। ਜੇਕਰ ਬੱਚਾ ਆਪਣੀ ਪੜ੍ਹਾਈ ਤੋਂ ਸੰਤੁਸ਼ਟ ਨਹੀਂ ਹੈ ਜਾਂ ਸਕੂਲ ਦੀ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕ ਰਿਹਾ ਜਾਂ ਪ੍ਰੀਖਿਆ ਕਾਰਨ ਤਣਾਅ ਵਿੱਚ ਹੈ, ਤਾਂ ਇਹ ਉਸ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਬੱਚੇ ਚਿੜਚਿੜੇ ਹੋਣ ਲਗਦੇ ਹਨ।
ਹਾਰਮੋਨਲ ਬਦਲਾਅ : ਜਦੋਂ ਬੱਚੇ ਕਿਸ਼ੋਰ ਅਵਸਥਾ ਵਿੱਚ ਜਾਂਦੇ ਹਨ, ਤਾਂ ਉਨ੍ਹਾਂ ਦੇ ਸਰੀਰ ਵਿੱਚ ਕਈ ਹਾਰਮੋਨਲ ਬਦਲਾਅ ਹੁੰਦੇ ਹਨ ਅਤੇ ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਉਹ ਹਰ ਸਮੇਂ ਚਿੜਚਿੜੇ ਮਹਿਸੂਸ ਕਰਦੇ ਹਨ ਅਤੇ ਹਰ ਗੱਲ 'ਤੇ ਪਰੇਸ਼ਾਨ ਰਹਿੰਦੇ ਹਨ। ਜੇਕਰ ਮਾਤਾ-ਪਿਤਾ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਅਤੇ ਉਨ੍ਹਾਂ ਦੀ ਮਦਦ ਕਰਨ ਤਾਂ ਉਹ ਭਾਵਨਾਤਮਕ ਤੌਰ 'ਤੇ ਆਪਣੇ ਆਪ ਨੂੰ ਠੀਕ ਕਰ ਸਕਣਗੇ ਅਤੇ ਆਰਾਮ ਮਹਿਸੂਸ ਕਰਨਗੇ।
ਪਰਿਵਾਰਕ ਮਾਹੌਲ : ਜੇਕਰ ਘਰ ਦਾ ਮਾਹੌਲ ਤਣਾਅ ਭਰਿਆ ਹੋਵੇ ਅਤੇ ਘਰ ਦੇ ਮੈਂਬਰ ਆਪਸ ਵਿੱਚ ਲੜਦੇ ਰਹਿਣ ਤਾਂ ਇਸ ਦਾ ਅਸਰ ਬੱਚੇ ਦੀ ਮਾਨਸਿਕਤਾ 'ਤੇ ਤੇਜ਼ੀ ਨਾਲ ਪੈਂਦਾ ਹੈ। ਇਸ ਲਈ, ਬੱਚੇ ਦੇ ਸਾਹਮਣੇ ਕਦੇ ਵੀ ਉੱਚੀ ਆਵਾਜ਼ ਵਿੱਚ ਜਾਂ ਹਮਲਾਵਰ ਢੰਗ ਨਾਲ ਨਾ ਲੜੋ।
ਦੋਸਤੀ ਵਿੱਚ ਸਮੱਸਿਆ : ਕਈ ਵਾਰ ਬੱਚੇ ਦੋਸਤਾਂ ਵਿਚਕਾਰ ਤਣਾਅ ਜਾਂ ਕਿਸੇ ਨਿੱਜੀ ਸਮੱਸਿਆ ਕਾਰਨ ਭਾਵਨਾਤਮਕ ਤੌਰ 'ਤੇ ਦੁਖੀ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਬੱਚੇ ਆਪਣੀਆਂ ਭਾਵਨਾਵਾਂ ਨੂੰ ਸਹੀ ਢੰਗ ਨਾਲ ਪ੍ਰਗਟ ਨਾ ਕਰ ਸਕਣ ਜਾਂ ਅੰਤਰਮੁਖੀ ਹੋਣ ਕਾਰਨ ਕਾਫੀ ਗੁੱਸੈਲ ਤੇ ਝਗੜਾਲੂ ਹੋ ਜਾਂਦੇ ਹਨ।
ਕਿਸੇ ਵੱਲੋਂ ਤੰਗ ਕੀਤਾ ਜਾਣਾ : ਕਿਸੇ ਗੱਲ ਨੂੰ ਲੈ ਕੇ ਚਿੰਤਤ ਹੋਣ ਜਾਂ ਕਿਸੇ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਕਾਰਨ ਬੱਚਾ ਤਣਾਅ ਵਿਚ ਰਹਿਣ ਲੱਗ ਪੈਂਦਾ ਹੈ ਅਤੇ ਆਪਣੀ ਗੱਲ ਸਾਂਝੀ ਨਾ ਕਰ ਸਕਣ ਕਾਰਨ ਅਤੇ ਬੇਵੱਸ ਮਹਿਸੂਸ ਕਰਨ ਕਾਰਨ ਉਹ ਝਗੜਾਲੂ ਹੋਣਾ ਸ਼ੁਰੂ ਕਰ ਦਿੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child, Children, Lifestyle, Parenting, Parenting Tips