ਭਾਰਤ ਸਰਕਾਰ ਨੇ ਬੀਤੇ ਸ਼ਨੀਵਾਰ ਨੂੰ ਕਣਕ ਦੇ ਨਿਰਯਾਤ 'ਤੇ ਪਾਬੰਦੀ ਦਾ ਐਲਾਨ ਕੀਤਾ ਸੀ। ਇਸ ਦਾ ਕਾਰਨ ਘਰੇਲੂ ਮੰਡੀ 'ਚ ਕਣਕ ਦੀਆਂ ਕੀਮਤਾਂ 'ਤੇ ਕੰਟਰੋਲ ਹੋਣਾ ਦੱਸਿਆ ਗਿਆ। ਹਾਲਾਂਕਿ ਹੁਣ ਮਿਸਰ ਦੇ ਸਪਲਾਈ ਮੰਤਰੀ ਅਲੀ ਮੋਸੇਲੀ ਨੇ ਕਿਹਾ ਹੈ ਕਿ ਇਸ ਪਾਬੰਦੀ ਦਾ ਮਿਸਰ ਅਤੇ ਭਾਰਤ ਵਿਚਾਲੇ ਹੋਏ ਸਮਝੌਤੇ 'ਤੇ ਕੋਈ ਅਸਰ ਨਹੀਂ ਪਵੇਗਾ। ਭਾਰਤ ਮਿਸਰ ਨੂੰ ਕਣਕ ਦਾ ਨਿਰਯਾਤ ਕਰੇਗਾ।
ਤੁਹਾਨੂੰ ਦੱਸ ਦੇਈਏ ਕਿ ਮਿਸਰ ਦੇ ਸਪਲਾਈ ਮੰਤਰੀ ਅਲੀ ਮੋਸੇਲੀ ਦੇ ਅਨੁਸਾਰ ਮਿਸਰ ਅਤੇ ਭਾਰਤ ਵਿੱਚ ਹੋਏ ਸਮਝੋਤੇ ਵਿੱਚ ਮਿਸਰ ਭਾਰਤ ਤੋਂ 5 ਲੱਖ ਟਨ ਕਣਕ ਖਰੀਦਣ ਲਈ ਸਹਿਮਤ ਹੋ ਗਿਆ ਹੈ। ਮਿਸਰ ਕਣਕ ਦੇ ਸਭ ਤੋਂ ਵੱਡੇ ਆਯਾਤਕਾਰਾਂ ਵਿੱਚੋਂ ਇੱਕ ਹੈ। ਰੂਸ-ਯੂਕਰੇਨ ਯੁੱਧ ਦੇ ਕਾਰਨ ਵਪਾਰ ਦੇ ਕਈ ਮਾਰਗ ਬੰਦ ਹੋ ਗਏ ਹਨ, ਇਸ ਲਈ ਹੁਣ ਮਿਸਰ ਕਾਲੇ ਸਾਗਰ ਰਾਹੀਂ ਅਨਾਜ ਦੇ ਵਿਕਲਪਾਂ ਦੀ ਖੋਜ ਕਰ ਰਿਹਾ ਹੈ। ਮਿਸਰ ਦੇ ਸਪਲਾਈ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਨੇ ਸਪਲਾਈ ਵਸਤੂਆਂ ਲਈ ਜਨਰਲ ਅਥਾਰਟੀ ਨੂੰ ਦੇਸ਼ਾਂ ਅਤੇ ਕੰਪਨੀਆਂ ਤੋਂ ਸਿੱਧਾ ਅਨਾਜ ਖਰੀਦਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਿਸਰ ਨਾ ਸਿਰਫ਼ ਭਾਰਤ ਨਾਲ ਸਗੋਂ ਕਜ਼ਾਕਿਸਤਾਨ, ਅਰਜਨਟੀਨਾ ਅਤੇ ਫਰਾਂਸ ਨਾਲ ਵੀ ਅਨਾਜ ਦੇ ਆਯਾਤ ਨੂੰ ਲੈ ਕੇ ਗੱਲਬਾਤ ਕਰ ਰਿਹਾ ਹੈ।
ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫਾ ਮਦਬੌਲੀ ਨੇ ਕਿਹਾ ਸੀ ਕਿ ਦੇਸ਼ ਕੋਲ 4 ਮਹੀਨਿਆਂ ਦਾ ਰਣਨੀਤਕ ਅਨਾਜ ਅਤੇ 6 ਮਹੀਨਿਆਂ ਦਾ ਖਾਣ ਵਾਲੇ ਤੇਲ ਦਾ ਭੰਡਾਰ ਹੈ।
ਭਾਰਤ ਨੇ ਕਣਕ ਦੇ ਨਿਰਯਾਤ 'ਤੇ ਕਿਉਂ ਲਗਾਈ ਪਾਬੰਦੀ?
ਭਾਰਤ ਦੇ ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਹੈ ਕਿ ਵਿਸ਼ਵਵਿਆਪੀ ਮੰਗ ਵਧ ਰਹੀ ਹੈ ਅਤੇ ਵੱਖ-ਵੱਖ ਦੇਸ਼ ਪਾਬੰਦੀਆਂ ਲਗਾ ਰਹੇ ਹਨ। ਕੀਮਤਾਂ ਧਾਰਨਾਵਾਂ ਦੁਆਰਾ ਨਿਰਧਾਰਤ ਕੀਤੀਆਂ ਜਾ ਰਹੀਆਂ ਸਨ। ਸਾਨੂੰ ਭਰੋਸਾ ਹੈ ਕਿ ਹੁਣ ਧਾਰਨਾਵਾਂ ਵੀ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਕੰਮ ਕਰਨਗੀਆਂ। ਅੱਜਕੱਲ੍ਹ ਅੰਤਰ ਰਾਸ਼ਟਰੀ ਪੱਧਰ ਉੱਤੇ ਕਣਕ ਦੀਆਂ ਕੀਮਤਾਂ ਵਧ ਰਹੀਆਂ ਹਨ। ਦੂਜੇ ਦੇਸ਼ਾਂ ਦੀ ਕਣਕ 420-480 ਡਾਲਰ ਪ੍ਰਤੀ ਟਨ ਦੇ ਭਾਅ 'ਤੇ ਵਿਕ ਰਹੀ ਸੀ।
ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਵਧਦੀਆਂ ਘਰੇਲੂ ਕੀਮਤਾਂ ਨੂੰ ਕਾਬੂ ਕਰਨ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਭਾਰਤ ਨੂੰ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾਉਣੀ ਪਈ। ਸਕੱਤਰ ਮੁਤਾਬਕ ਇਹ ਫ਼ੈਸਲਾ ਯਕੀਨੀ ਤੌਰ 'ਤੇ ਕੀਮਤਾਂ ਨੂੰ ਹੇਠਾਂ ਲਿਆਉਣ 'ਚ ਮਦਦ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Central government, Indian government, Wheat