ਦੇਸ਼ 'ਚ ਲਗਾਤਾਰ ਵੱਧ ਰਹੀ ਮਹਿੰਗਾਈ ਦਰਮਿਆਨ ਹੁਣ ਬਿਜਲੀ ਦਾ 'ਝਟਕਾ' ਲੱਗ ਸਕਦਾ ਹੈ। ਸਰਕਾਰ ਵਧਦੀ ਗਰਮੀ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ 76 ਮਿਲੀਅਨ ਟਨ ਕੋਲਾ ਦਰਾਮਦ ਕਰਨ ਦੀ ਤਿਆਰੀ ਕਰ ਰਹੀ ਹੈ। ਦਰਅਸਲ, ਦੇਸ਼ ਦੇ ਪਾਵਰ ਪਲਾਂਟਾਂ ਦੇ ਨੇੜੇ ਘਰੇਲੂ ਖਾਣਾਂ ਤੋਂ ਕੋਲੇ ਦੀ ਘਾਟ ਪੈਦਾ ਹੋ ਗਈ ਹੈ ਅਤੇ ਮੰਗ ਮੁਤਾਬਕ ਬਿਜਲੀ ਦਾ ਉਤਪਾਦਨ ਨਹੀਂ ਹੋ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਮਾਨਸੂਨ ਦੀ ਬਾਰਿਸ਼ ਕਾਰਨ ਅਗਸਤ ਅਤੇ ਸਤੰਬਰ 'ਚ ਕੋਲਾ ਉਤਪਾਦਨ ਹੋਰ ਪ੍ਰਭਾਵਿਤ ਹੋਵੇਗਾ। ਅਜਿਹੇ 'ਚ ਮੰਗ ਨੂੰ ਪੂਰਾ ਕਰਨ ਲਈ ਸਰਕਾਰੀ ਕੰਪਨੀ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਕਰੀਬ 15 ਕਰੋੜ ਟਨ ਕੋਲਾ ਦਰਾਮਦ ਕਰੇਗੀ।
ਇਸ ਤੋਂ ਇਲਾਵਾ ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਕੰਪਨੀ NTPC ਅਤੇ ਦਾਮੋਦਰ ਵੈਲੀ ਕਾਰਪੋਰੇਸ਼ਨ (DVC) ਵੀ ਕਰੀਬ 23 ਮਿਲੀਅਨ ਟਨ ਕੋਲਾ ਦਰਾਮਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਹੋਰ ਸਰਕਾਰੀ ਅਤੇ ਨਿੱਜੀ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਵੀ ਆਪਣੀ ਖਪਤ ਨੂੰ ਪੂਰਾ ਕਰਨ ਲਈ 38 ਮਿਲੀਅਨ ਟਨ ਕੋਲਾ ਦਰਾਮਦ ਕਰ ਸਕਦੀਆਂ ਹਨ। ਇਸ ਤਰ੍ਹਾਂ ਸਾਲ 2022 'ਚ ਹੀ ਦੇਸ਼ 'ਚ ਕਰੀਬ 76 ਮਿਲੀਅਨ ਟਨ ਕੋਲੇ ਦੀ ਦਰਾਮਦ ਕੀਤੀ ਜਾਵੇਗੀ, ਜੋ ਕਿ ਵਿਸ਼ਵ ਬਾਜ਼ਾਰ ਦੀ ਦਰ 'ਤੇ ਕੀਤੀ ਜਾਣੀ ਹੈ।
ਬਿੱਲ 80 ਪੈਸੇ ਪ੍ਰਤੀ ਯੂਨਿਟ ਤੱਕ ਵਧੇਗਾ
ਕੋਲੇ ਦੀ ਦਰਾਮਦ ਦਾ ਸਿੱਧਾ ਮਤਲਬ ਹੈ ਕਿ ਹੁਣ ਬਿਜਲੀ ਉਤਪਾਦਨ ਮਹਿੰਗਾ ਹੋ ਜਾਵੇਗਾ। ਜ਼ਾਹਿਰ ਹੈ ਕਿ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਇਸ ਵਧੀ ਹੋਈ ਲਾਗਤ ਦੀ ਵਸੂਲੀ ਖਪਤਕਾਰਾਂ ਤੋਂ ਕਰਨਗੀਆਂ ਅਤੇ ਉਨ੍ਹਾਂ ਦੇ ਬਿੱਲਾਂ 'ਤੇ ਬੋਝ ਵਧੇਗਾ। ਆਉਣ ਵਾਲੇ ਦਿਨਾਂ 'ਚ ਬਿਜਲੀ ਦੀ ਪ੍ਰਤੀ ਯੂਨਿਟ ਲਾਗਤ 50-80 ਪੈਸੇ ਵਧਣ ਦਾ ਅਨੁਮਾਨ ਹੈ। ਮਾਮਲੇ ਨਾਲ ਜੁੜੇ ਦੋ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਤੀ ਯੂਨਿਟ ਲਾਗਤ ਵਿੱਚ ਵਾਧਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਪਾਵਰ ਸਟੇਸ਼ਨ ਸਮੁੰਦਰੀ ਬੰਦਰਗਾਹ ਤੋਂ ਕਿੰਨੀ ਦੂਰ ਹੈ। ਇਸ ਦਾ ਮਤਲਬ ਹੈ ਕਿ ਬੰਦਰਗਾਹਾਂ ਤੋਂ ਸਟੇਸ਼ਨ ਤੱਕ ਕੋਲੇ ਦੀ ਢੋਆ-ਢੁਆਈ ਦੀ ਲਾਗਤ ਵੀ ਕੰਪਨੀਆਂ ਦੇ ਖਰਚੇ ਨੂੰ ਵਧਾਏਗੀ।
ਦਰਾਮਦ ਦਾ ਰਸਤਾ ਕਿਉਂ ਅਪਣਾਇਆ ਗਿਆ?
ਮਾਮਲੇ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ 'ਚ ਗਰਮੀ ਵਧਣ ਨਾਲ ਬਿਜਲੀ ਦੀ ਖਪਤ ਵੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਇਸ ਸਾਲ ਦੇਸ਼ 'ਚ 60 ਲੱਖ ਤੋਂ ਜ਼ਿਆਦਾ ਏਸੀ ਵਿਕ ਚੁੱਕੇ ਹਨ, ਜਦਕਿ 9 ਜੂਨ ਨੂੰ ਦੇਸ਼ ਭਰ 'ਚ ਸਭ ਤੋਂ ਜ਼ਿਆਦਾ 211 ਗੀਗਾਵਾਟ ਬਿਜਲੀ ਦੀ ਖਪਤ ਹੋਈ ਸੀ। ਭਾਵੇਂ ਮਾਨਸੂਨ ਨਾਲ ਇਸ ਵਿਚ ਕਮੀ ਆਈ ਹੈ ਪਰ 20 ਜੁਲਾਈ ਨੂੰ ਸਭ ਤੋਂ ਵੱਧ ਖਪਤ 185.65 ਗੀਗਾਵਾਟ ਸੀ। ਇਸ ਸਮੇਂ ਕੰਪਨੀਆਂ ਨੂੰ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਰੋਜ਼ਾਨਾ 21 ਲੱਖ ਟਨ ਕੋਲੇ ਦੀ ਲੋੜ ਹੁੰਦੀ ਹੈ।
ਮਾਨਸੂਨ ਕਾਰਨ ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਕੋਲਾ ਉਤਪਾਦਨ ਪ੍ਰਭਾਵਿਤ ਹੋਵੇਗਾ। ਇਸ ਲਈ ਕੰਪਨੀਆਂ ਨੂੰ ਆਪਣੀ ਮੰਗ ਪੂਰੀ ਕਰਨ ਲਈ ਦਰਾਮਦ ਦਾ ਰਸਤਾ ਅਪਣਾਉਣਾ ਪੈਂਦਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਕੋਲੇ ਦੀ ਕਮੀ 15 ਅਗਸਤ ਤੋਂ ਬਾਅਦ ਹੀ ਸ਼ੁਰੂ ਹੋਵੇਗੀ, ਪਰ ਉਮੀਦ ਹੈ ਕਿ ਇਸ ਦੀ ਭਰਪਾਈ ਦਰਾਮਦ ਰਾਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ 15 ਅਕਤੂਬਰ ਤੋਂ ਬਾਅਦ ਹਾਲਾਤ ਹੋਰ ਅਨੁਕੂਲ ਹੋ ਜਾਣਗੇ ਕਿਉਂਕਿ ਉਦੋਂ ਬਿਜਲੀ ਦੀ ਖਪਤ ਘੱਟ ਜਾਵੇਗੀ ਅਤੇ ਮਾਨਸੂਨ ਖਤਮ ਹੋਣ ਤੋਂ ਬਾਅਦ ਕੋਲੇ ਦਾ ਉਤਪਾਦਨ ਵੀ ਵਧ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Coal, Indian government, Power