ਜ਼ਿੰਦਗੀ ਤੇ ਦੁਨੀਆਂ ਵਿੱਚ ਲੋਕ ਮਾੜੇ ਹਾਲਾਤਾਂ ਸਾਹਮਣਾ ਬੜੀ ਹਿੰਮਤ ਨਾਲ ਕਰਦੇ ਹਨ। ਪਰ ਜੋ ਹਿੰਮਤ ਹਾਰ ਜਾਂਦੇ ਹਨ ਉਹ ਖੁਦਕੁਸ਼ੀ ਦਾ ਰਾਹ ਚੁਣਦੇ ਹਨ। ਖੁਦਕੁਸ਼ੀਆਂ ਨੂੰ ਰੋਕਣ ਲਈ ਕਈ ਸੁਸਾਇਟੀਆਂ ਤੇ ਸਰਕਾਰਾਂ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੀਆਂ ਹਨ। ਤਾਂ ਜੋ ਲੋਕਾਂ ਨੂੰ ਇਸ ਰਸਤੇ 'ਤੇ ਜਾਣ ਤੋਂ ਰੋਕਿਆ ਜਾਵੇ। ਪਰ ਜੇਕਰ ਮਾਹਰਾਂ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਿਕ ਖੁਦਕੁਸ਼ੀ ਇੱਕ ਮਾਨਸਿਕ ਖਰਾਬੀ ਹੈ। ਜਿਸ ਦੀ ਰੋਕਥਾਮ ਦੀ ਸੰਭਾਵਨਾ ਹੈ ਤੇ ਥੋੜੀ ਜਿਹੀ ਕੋਸ਼ਿਸ਼ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ।
ਪਿਛਲੇ ਕੁਝ ਸਾਲਾਂ ਤੋਂ ਖੁਦਕੁਸ਼ੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਦਾ ਇੱਕ ਕਾਰਨ ਇਕੱਲਾਪਨ ਵੀ ਹੋ ਸਕਦਾ ਹੈ। ਕਿਸੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਨਾ ਕਰਨਾ ਤੇ ਮਨ ਵਿੱਚ ਹੀ ਕਿਸੇ ਛਿਕਵੇ ਨੂੰ ਰੱਖ ਲੈਣਾ ਪਰੇਸ਼ਾਨੀ ਬਣ ਜਾਂਦਾ ਹੈ।
ਜਦੋਂ ਉਹ ਪਰੇਸ਼ਾਨੀ ਵੱਧ ਜਾਂਦੀ ਹੈ ਤਾਂ ਲੋਕ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਮਾਨਸਿਕ ਸਿਹਤ ਵਿੱਚ ਜੇਕਰ ਕੋਈ ਵਿਗਾੜ ਹੈ ਤਾਂ ਉਸ ਨੂੰ ਸੁਧਾਰਿਆ ਜਾ ਸਕਦਾ ਹੈ। ਜ਼ਿਆਦਾਤਰ ਲੋਕਾਂ ਦੇ ਵਿੱਚ ਹੀ ਰਹਿਣ ਵਾਲੇ ਵਿਅਕਤੀ ਦੇ ਦਿਮਾਗ ਵਿੱਚ ਖੁਦਕੁਸ਼ੀ ਦਾ ਵਿਚਾਰ ਚੱਲ ਰਿਹਾ ਹੁੰਦਾ ਹੈ ਤੇ ਕਿਸੇ ਨੂੰ ਇਸ ਦੀ ਭਣਕ ਤੱਕ ਨਹੀਂ ਲੱਗਦੀ। ਇਸ ਲਈ ਜ਼ਰੂਰੀ ਹੈ ਕਿ ਅਜਿਹੇ ਕਿਸੇ ਵੀ ਹਾਲਾਤ ਵਾਲੇ ਵਿਅਕਤੀ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਬਲਕਿ ਕਿਸੇ ਦੇ ਵਿਵਹਾਰ ਵਿੱਚ ਕੋਈ ਬਦਲਾਅ ਜਾਂ ਮਾਯੂਸੀ ਲੱਗਦੀ ਹੈ ਤਾਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਕਿਸੇ ਦੀ ਪਰੇਸ਼ਾਨੀ ਨੂੰ ਸੁਣ ਲੈਣ ਨਾਲ ਵੀ ਮਨ ਦਾ ਬੋਝ ਹਲਕਾ ਹੋ ਸਕਦਾ ਹੈ। ਖੁਦਕੁਸ਼ੀ ਕਰਨ ਦੇ ਵਿਚਾਰ ਬਣਨ ਦੇ ਨਾਲ ਕਈ ਵਾਰ ਉਕਤ ਵਿਅਕਤੀ ਆਪਣੇ ਆਪ ਨੂੰ ਸਭ ਰਿਸ਼ਤਿਆਂ ਤੇ ਸਮਾਜਿਕ ਗਤੀਵਿਧੀਆਂ ਤੋਂ ਦੂਰ ਕਰ ਲੈਂਦਾ ਹੈ।
ਅਜਿਹੇ 'ਚ ਉਸ ਵਿਅਕਤੀ ਨੂੰ ਕਿਸੇ ਦੀ ਬਹੁਤ ਜ਼ਰੂਰਤ ਹੋ ਸਕਦੀ ਹੈ ਜੋ ਉਸ ਨੂੰ ਸਮਝ ਸਕੇ ਤੇ ਸੰਭਾਲ ਸਕੇ। ਕਿਸੇ ਵਿਅਕਤੀ ਦੇ ਦਿਮਾਗ ਵਿੱਚ ਚੱਲ ਰਹੇ ਖੁਦਕੁਸ਼ੀ ਦੇ ਵਿਚਾਰ ਨੂੰ ਪਛਾਣਨਾ ਇੰਨਾ ਵੀ ਔਖਾ ਨਹੀਂ ਹੁੰਦਾ, ਵੈਬਐਮਡੀ ਦੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਲੱਛਣਾਂ ਤੇ ਵਿਅਕਤੀ ਵਿਵਹਾਰ ਤੋਂ ਖੁਦਕੁਸ਼ੀ ਦਾ ਵਿਚਾਰ ਰੱਖਣ ਵਾਲੇ ਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਉਸ ਨੂੰ ਇਸ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ।
ਇਨ੍ਹਾਂ ਲੱਛਣਾਂ ਤੋਂ ਹੋ ਸਕਦੀ ਹੈ ਖੁਦਕੁਸ਼ੀ ਕਰਨ ਵਾਲੇ ਦੀ ਪਛਾਣ
ਲੋਕਾਂ ਤੋਂ ਦੂਰੀ ਬਣਾਉਣਾ : ਖੁਦਕੁਸ਼ੀ ਤੋਂ ਪਹਿਲਾਂ ਅਕਸਰ ਵਿਅਕਤੀ ਸਭ ਤੋਂ ਦੂਰੀ ਬਣਾਉਣਾ ਸ਼ੁਰੂ ਕਰਦਾ ਹੈ। ਅਜਿਹੇ ਵਿੱਚ ਉਸ ਵਿਅਕਤੀ ਨੂੰ ਸਮਝਣਾ ਔਖਾ ਹੁੰਦਾ ਹੈ। ਕਿਉਂਕਿ ਇਸ ਸਥਿਤੀ ਵਿੱਚ ਵਿਅਕਤੀ ਕਿਸੇ ਨੂੰ ਵੀ ਮਿਲਣਾ ਪਸੰਦ ਨਹੀਂ ਕਰਦਾ ਤੇ ਨਾ ਹੀ ਕਿਸੇ ਨਾਲ ਆਪਣੀ ਮਨ ਦੀ ਗੱਲ ਸਾਂਝੀ ਕਰਦਾ ਹੈ। ਅਜਿਹੇ ਵਿਵਹਾਰ ਨੂੰ ਵੀ ਖੁਦਕੁਸ਼ੀ ਦਾ ਲੱਛਣ ਮੰਨਿਆ ਜਾ ਸਕਦਾ ਹੈ।
ਵਿਵਹਾਰ ਵਿੱਚ ਬਦਲਾਅ : ਲੋਕ ਇਸ ਸਥਿਤੀ ਆਪਣਾ ਨਜ਼ਰੀਆ ਤੇ ਲੋਕਾਂ ਦਾ ਨਜ਼ਰੀਆ ਵੱਖਰਾ ਸਮਝਦੇ ਹਨ। ਉਨ੍ਹਾਂ ਦੀ ਚਾਲ, ਉਨ੍ਹਾਂ ਦੇ ਬੋਲਚਾਲ, ਲੋਕਾਂ ਨੂੰ ਮਿਲਣ ਦਾ ਤਰੀਕਾ ਬਦਲ ਜਾਂਦਾ ਹੈ। ਜ਼ਿਆਦਾ ਚੁੱਪ ਰਹਿਣਾ ਜਾਂ ਮਾਯੂਸੀ ਵਿੱਚ ਰਹਿਣਾ ਤੇ ਹੌਲੀ ਤੁਰਨਾ ਵੀ ਖੁਦਕੁਸ਼ੀ ਦੇ ਸ਼ੁਰੂਆਦੀ ਚਿੰਨ੍ਹ ਹੋ ਸਕਦੇ ਹਨ।
ਖੁੱਦ ਨੂੰ ਨੁਕਸਾਨ ਪਹੁੰਚਾਉਣਾ : ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਕਿਸੇ ਦਾ ਜਾਂ ਆਪਣਾ ਨੁਕਸਾਨ ਕਰ ਬੈਠਦੇ ਹਨ। ਜ਼ਿਆਦਾਤਰ ਲੋਕ ਪਰੇਸ਼ਾਨੀ ਵਿੱਚ ਖੁੱਦ ਦੀ ਜਾਨ ਨੂੰ ਜੋਖਣ ਵਿੱਚ ਪਾ ਲੈਂਦੇ ਹਨ। ਇਸ ਸਥਿਤੀ ਵਿੱਚ ਅਕਸਰ ਵਿਅਕਤੀ ਕਿਸੇ ਵਾਹਨ ਨੂੰ ਤੇਜ਼ ਰਫਤਾਰ ਨਾਲ ਜਾਂ ਗਲਤ ਢੰਗ ਨਾਲ ਚਲਾਉਂਦਾ ਹੈ ਜਾਂ ਨਸ਼ੇ ਦਾ ਸੇਵਨ ਕਰਨਾਂ ਸ਼ੁਰੂ ਕਰ ਦਿੰਦਾ ਹੈ। ਲੋਕ ਅਜਿਹੇ ਕਈ ਕੰਮ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਨੁਕਸਾਨ ਹੋ ਸਕੇ।
ਗਹਿਰਾ ਸਦਮਾ: ਕਈ ਵਾਰ ਵਿਅਕਤੀ ਕਿਸੇ ਮਾੜੀ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਨੂੰ ਉਹ ਕਦੇ ਭੁਲਾ ਨਹੀਂ ਸਕਦਾ। ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਹੈ। ਕਈ ਵਾਰ ਕਿਸੇ ਅਜ਼ੀਜ਼ ਦੀ ਮੌਤ ਵੀ ਇਨਸਾਨ ਨੂੰ ਗਹਿਰਾ ਸਦਮਾ ਦੇ ਜਾਂਦੀ ਹੈ ਜਿਸ ਨਾਲ ਵਿਅਕਤੀ ਟੁੱਟ ਜਾਂਦਾ ਹੈ ਤੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ਕਈ ਕਾਰਨ ਹੋ ਸਕਦੇ ਹਨ ਜਿਸ ਨਾਲ ਵਿਅਕਤੀ ਖੁੱਦ ਨੂੰ ਬੇਬਸ ਮਹਿਸੂਸ ਕਰਨ ਲੱਗਦਾ ਹੈ। ਇਸ ਸਥਿਤੀ ਵਿੱਚ ਖੁਦਕੁਸ਼ੀ ਦੇ ਵਿਚਾਰ ਆਉਣਾ ਸੁਭਾਵਿਕ ਹੋ ਸਕਦਾ ਹੈ।
ਮਾਯੂਸੀ ਜਾਂ ਉਦਾਸੀ: ਵਿਅਕਤੀ ਦੇ ਵਿਵਹਾਰ ਵਿੱਚ ਅਚਾਨਕ ਆਈ ਤਬਦੀਲੀ ਵੀ ਖੁਦਕੁਸ਼ੀ ਦੇ ਵਿਚਾਰ ਨੂੰ ਜ਼ਾਹਰ ਕਰ ਸਕਦੀ ਹੈ। ਲੰਬੇ ਸਮੇਂ ਤੱਕ ਉਦਾਸ ਜਾਂ ਮਾਯੂਸ ਰਹਿਣਾ ਜਾਂ ਇਕਦਮ ਗੁੱਸਾ ਕਰਨਾ ਜਾਂ ਹਾਵੀ ਹੋ ਜਾਣਾ ਵੀ ਖੁਦਕੁਸ਼ੀ ਦੇ ਲੱਛਣ ਹੋ ਸਕਦੇ ਹਨ।
ਨਿਰਾਸ਼ਾਵਾਦੀ ਹੋਣਾ : ਕਈ ਵਾਰ ਕਿਸੇ ਤਰ੍ਹਾਂ ਦਾ ਕੰਮ ਨਾ ਹੋਣ ਜਾਂ ਇੱਛਾ ਪੂਰੀ ਨਾ ਹੋਣ ਕਾਰਨ ਵੀ ਇਨਸਾਨ ਨਿਰਾਸ਼ ਹੋ ਜਾਂਦਾ ਹੈ ਤੇ ਖੁੱਦ ਨੂੰ ਲਾਚਾਰ ਮਹਿਸੂਸ ਕਰਦਾ ਹੈ। ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ। ਕਿਸੇ ਚੀਜ਼ ਨੂੰ ਲੈ ਕੇ ਨਿਰਾਸ਼ ਰਹਿਣਾ ਵੀ ਖੁਦਕੁਸ਼ੀ ਦਾ ਸਬੱਬ ਬਣ ਸਕਦਾ ਹੈ।
ਨੀਂਦ ਨਾ ਆਉਣਾ : ਪਰੇਸ਼ਾਨ ਵਿਅਕਤੀ ਅਕਸਰ ਹਰ ਸਮੇਂ ਹੀ ਸੋਚਾਂ ਵਿੱਚ ਡੁੱਬਿਆ ਰਹਿੰਦਾ ਹੈ। ਜਿਸ ਕਾਰਨ ਉਹ ਰਾਤ ਨੂੰ ਵੀ ਸੌਂਣ ਵਿੱਚ ਅਸਮੱਰਥ ਹੁੰਦਾ ਹੈ। ਅਜਿਹੇ ਪਰੇਸ਼ਾਨੀ ਹੋਰ ਵੀ ਵੱਧ ਸਕਦੀ ਹੈ ਤੇ ਮਾਨਸਿਕ ਦਬਾਅ ਵੀ ਵੱਧ ਸਕਦਾ ਹੈ।
ਖਾਮੋਸ਼ੀ ਵਿੱਚ ਰਹਿਣਾ : ਵਿਅਕਤੀ ਦਾ ਕਿਸੇ ਇੱਕ ਸਮੇਂ ਤੋਂ ਬਾਅਦ ਖਾਮੋਸ਼ ਹੋ ਜਾਣਾ ਜਾਂ ਚੁੱਪ-ਚੁੱਪ ਰਹਿਣਾ ਵੀ ਡਿਪਰੈਸ਼ਨ ਦਾ ਕਾਰਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਵਿਅਕਤੀ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਬੁਰੇ ਖਿਆਲ ਆ ਸਕਦੇ ਹਨ। ਇੱਥੋਂ ਤੱਕ ਕਿ ਵਿਅਕਤੀ ਜ਼ਿੰਦਗੀ ਨੂੰ ਖਤਮ ਕਰਨ ਬਾਰੇ ਵੀ ਸੋਚ ਸਕਦਾ ਹੈ।
ਖੁਦਕੁਸ਼ੀ ਦੀ ਚਿਤਾਵਨੀ : ਵੈਸੇ ਤਾਂ ਇਹ ਜ਼ਰੂਰੀ ਨਹੀਂ ਹੈ ਪਰ ਜ਼ਿਆਦਾਤਰ ਖੁਦਕੁਸ਼ੀ ਦਾ ਵਿਚਾਰ ਰੱਖਣ ਵਾਲੇ ਵਿਅਕਤੀ ਖੁਦਕੁਸ਼ੀ ਤੋਂ ਪਹਿਲਾਂ ਆਪਣੇ ਕਿਸੇ ਕਰੀਬੀ ਨੂੰ ਚਿਤਾਵਨੀ ਜ਼ਰੂਰੀ ਦਿੰਦਾ ਹੈ। ਅਜਿਹਾ 50 ਫੀਸਦ ਤੋਂ 75 ਫੀਸਦ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਦੇਖਿਆ ਗਿਆ ਹੈ।
ਅਧੂਰੇ ਕੰਮਾਂ ਨੂੰ ਪੂਰਾ ਕਰਨਾ : ਜ਼ਿੰਦਗੀ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਕਈ ਵਾਰ ਵਿਅਕਤੀ ਆਪਣੀਆਂ ਅਧੂਰੀਆਂ ਜ਼ਿੰਮੇਵਾਰੀਆਂ ਜਾਂ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ ਉਹ ਜਾਣ ਤੋਂ ਪਹਿਲਾਂ ਹਰ ਕਰੀਬੀ ਨੂੰ ਪਿਆਰ ਨਾਲ ਮਿਲਦਾ ਹੈ ਤੇ ਆਪਣੇ ਕਈ ਕੰਮ ਉਨ੍ਹਾਂ ਨੂੰ ਵੀ ਸੌਂਪ ਦਿੰਦਾ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਵਿਅਕਤੀ ਖੁਦਕੁਸ਼ੀ ਬਾਰੇ ਸੋਚ ਰਿਹਾ ਹੋ ਸਕਦਾ ਹੈ।
ਅਜਿਹੇ ਖੁਦਕੁਸ਼ੀ ਦਾ ਵਿਚਾਰ ਰੱਖਣ ਵਾਲੇ ਲੋਕਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ। ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ ਜਾ ਸਕਦਾ ਹੈ।
ਉਸ ਨੂੰ ਜ਼ਿੰਦਗੀ ਜੀਓਣ ਲਈ ਪ੍ਰੇਰਿਤ ਕਰੋ ਅਤੇ ਸਹੀ ਰਾਹ ਦਿਖਾਓ।
ਉਸ ਨੂੰ ਚੁੱਪ ਨਾ ਰਹਿਣ ਦਿਓ ਸਗੋਂ ਉਸ ਨਾਲ ਗੱਲਾਂ ਕਰਦੇ ਰਹੋ।
ਉਦਾਸ ਵਿਅਕਤੀ ਦੀ ਉਦਾਸੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ।
ਉਸ ਤੋਂ ਦਵਾਈਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰੋ।
ਲੋੜ ਪੈਣ 'ਤੇ ਡਾਕਟਰ ਅਤੇ ਥੈਰੇਪਿਸਟ ਨਾਲ ਜ਼ਰੂਰ ਸੰਪਰਕ ਕਰੋ।
ਵਿਅਕਤੀ ਦੇ ਆਲੇ-ਦੁਆਲੇ ਰਹੋ ਤੇ ਉਸ ਦਾ ਧਿਆਨ ਰੱਖੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।