ਰੋਜ਼ਾਨਾ ਦੀ ਐਕਸਰਸਾਈਜ਼ (exercise) ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੀ ਹੈ। ਅੱਜ ਕੱਲ੍ਹ ਸਾਡਾ ਜੀਵਨ ਬਹੁਤ ਹੀ ਆਰਾਮ ਪਸੰਦ ਹੁੰਦਾ ਜਾ ਰਿਹਾ ਹੈ। ਤਕਨਾਲੌਜੀ ਦੇ ਵਿਕਾਸ ਨੇ ਸਾਡੀ ਸਰੀਰਕ ਗਤੀਵਿਧੀ ਬਹੁਤ ਹੀ ਘਟਾ ਦਿੱਤੀ ਹੈ। ਅਜਿਹੇ ਵਿਚ ਭੋਜਨ ਨਾਲ ਸਰੀਰ ਵਿਚ ਪੈਦਾ ਹੋਣ ਵਾਲੀ ਕੈਲਰੀਜ਼ ਨੂੰ ਬਰਨ ਕਰਨ ਲਈ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਐਕਸਰਸਾਈਜ਼ ਲਈ ਤੁਸੀਂ ਆਮ ਵਾੱਕ ਤੋਂ ਲੈ ਕੇ ਗਰਾਊਂਡ ਦੀ ਗਤੀਵਿਧੀ ਤੇ ਜਿੰਮ ਆਦਿ ਕਰ ਸਕਦੇ ਹੋ। ਇਕ ਆਪਸ਼ਨ ਹੈ ਯੋਗਾ।
ਯੋਗਾ ਨੂੰ ਅੱਜ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਯੋਗਾ ਭਾਰਤ ਵਿਚ ਪੈਦਾ ਹੋਈ ਸਰੀਰਕ ਕਿਰਿਆਵਾਂ ਦੀ ਗਤੀਵਿਧੀ ਹੈ ਪਰ ਇਸਦੇ ਚੰਗੇ ਨਤੀਜਿਆਂ ਨੂੰ ਦੇਖਦਿਆਂ ਦੁਨੀਆਂ ਭਰ ਵਿਚ ਇਸਨੂੰ ਅਪਣਾਇਆ ਜਾ ਰਿਹਾ ਹੈ। ਯੋਗਾ ਸਾਡੀ ਸਰੀਰ ਨੂੰ ਚੰਗੀ ਸ਼ੇਪ ਦੇਣ ਦੇ ਨਾਲੋ ਨਾਲ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਲਈ ਜੇਕਰ ਤੁਸੀਂ ਮੋਟਾਪੇ ਤੋਂ ਜਾਂ ਸਰੀਰ ਦੇ ਵਿਗੜ ਰਹੇ ਆਕਾਰ ਨੂੰ ਲੈ ਕੇ ਚਿੰਤਤ ਹੋ ਤਾਂ ਯੋਗਾ ਤੁਹਾਡੀ ਲਈ ਬਹੁਤ ਕਾਰਗਰ ਹੋਵੇਗਾ। ਅੱਜ ਅਸੀਂ ਪੇਟ ਦੀ ਚਰਬੀ ਨੂੰ ਘੱਟ ਕਰਨ ਵਾਲੇ ਯੋਗਾ ਆਸਨ ਦੱਸਣ ਜਾ ਰਹੇ ਹਾਂ।
ਯੋਗ ਆਸਨ ਦੀ ਸ਼ੁਰੂਆਤ
ਕੋਈ ਯੋਗ ਆਸਨ ਕਰਨ ਤੋਂ ਪਹਿਲਾਂ ਵਾਰਮਅੱਪ ਕਰਨਾ ਜ਼ਰੂਰੀ ਹੁੰਦਾ ਹੈ। ਇਸ ਲਈ ਪਹਿਲਾਂ ਚੌਂਕੜੀ ਮਾਰ ਕੇ ਬੈਠੋ। ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਆਪਸ ਵਿਚ ਲਾੱਕ ਕਰਕੇ ਸਿਰ ਤੋਂ ਉੱਤੇ ਵੱਲ ਉਠਾਓ ਅਤੇ ਕਮਰ, ਮੌਢਿਆਂ, ਹੱਥਾਂ ਬਾਹਾਂ ਨੂੰ ਸਟ੍ਰੈਚ ਕਰੋ। ਵੀਹ ਤੱਕ ਗਿਣਤੀ ਕਰੋ ਤੇ ਹੌਲੀ ਹੌਲੀ ਆਰਾਮ ਦੀ ਸਥਿਤੀ ਵਿਚ ਆਓ। ਲੰਮੇ ਸਾਹ ਲਵੋ ਤੇ ਆਪਣਾ ਪੂਰਾ ਧਿਆਨ ਸਾਹਾਂ ਉੱਤੇ ਕੇਂਦਰਿਤ ਕਰੋ। ਇਸ ਤੋਂ ਬਾਦ ਆਪਣੀਆਂ ਲੱਤਾਂ ਅੱਗੇ ਵੱਲ ਫੈਲਾਓ। ਆਪਣੇ ਪੈਰਾਂ ਨੂੰ ਅੱਗੇ ਪਿੱਛੇ ਸਟ੍ਰੈਚ ਕਰੋ। ਲੱਤਾਂ ਨੂੰ ਹਿਲਾਓ। ਫੇਰ ਪੰਜਿਆਂ ਨੂੰ ਘੜੀ ਦੀ ਗਤੀ ਵਾਂਗ ਗੋਲ ਘੁਮਾਓ।
ਕਉਆ ਚਾਲ-ਆਸਨ
ਇਸ ਆਸਨ ਲਈ ਮੈਟ ਦੇ ਇਕ ਪਾਸੇ ਗੋਡੇ ਮੋੜ ਕੇ ਬੈਠ ਜਾਓ। ਆਪਣੀ ਧੌਣ ਅਤੇ ਪਿੱਠ ਇਕਦਮ ਸਿੱਧੀ ਰੱਖੋ। ਹੁਣ ਇਕ ਗੋਡੇ ਨੂੰ ਹੱਥ ਨਾਲ ਦਬਾਓ ਤੇ ਦੂਜੇ ਨੂੰ ਅੱਗੇ ਵਧਾਉਂਦੇ ਹੋਏ ਚਲੋ। ਇਸੇ ਤਰ੍ਹਾਂ ਫੇਰ ਦੂਜਾ ਗੋਡਾ ਦਬਾ ਕੇ ਅੱਗੇ ਵਧੋ। ਇਹ ਇਕ ਤਰ੍ਹਾਂ ਨਾਲ ਗੋਡਿਆਂ ਭਾਰ ਚੱਲਣ ਦੀ ਕਿਰਿਆ ਹੈ। ਇਸ ਤਰ੍ਹਾਂ ਮੈਟ ਦੇ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਪੰਜ ਛੇ ਚੱਕਰ ਲਗਾਓ।
ਕਪਾਲ ਭਾਤੀ
ਆਪਣੇ ਯੋਗਾ ਮੈਟ ਉੱਤੇ ਚੌਂਕੜੀ ਮਾਰ ਕੇ ਬੈਠ ਜਾਵੋ। ਇਕ ਲੰਮਾ ਸਾਹ ਲਵੋ ਤੇ ਫੇਰ ਇਸਨੂੰ ਜ਼ੋਰ ਨੂੰ ਬਾਹਰ ਕੱਢੋ। ਅਜਿਹਾ ਮਹਿਸੂਸ ਹੋਵੇ ਕਿ ਤੁਸੀਂ ਧੱਕੇ ਨਾਲ ਸਾਹ ਬਾਹਰ ਕੱਢ ਰਹੇ ਹੋ। ਇਕ ਮਿੰਟ ਤੱਕ ਅਜਿਹਾ ਕਰਦੇ ਰਹੋ। ਗਹਿਰਾ ਸਾਹ ਭਰੋ ਤੇ ਫੇਰ ਜ਼ੋਰ ਨਾਲ ਬਾਹਰ ਵੱਲ ਕੱਢੋ। ਇਕ ਮਿੰਟ ਬਾਦ ਕੁਝ ਦੇਰ ਆਰਾਮ ਅਵਸਥਾ ਵਿਚ ਰਹਿ ਕੇ ਦੁਬਾਰਾ ਇਹ ਕਿਰਿਆ ਕਰੋ। ਆਪਣੀ ਸਮਰੱਥਾ ਅਨੁਸਾਰ ਇਹ ਕਿਰਿਆ ਦਸ ਜਾਂ ਇਸ ਤੋਂ ਵੀ ਵੱਧ ਵਾਰ ਕਰ ਸਕਦੇ ਹੋ।
ਤਾੜ ਆਸਨ
ਮੈਟ ਤੇ ਖੜੇ ਹੋ ਕੇ ਆਪਣੇ ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ ਲਾੱਕ ਕਰਕੇ ਸਿਰ ਦੇ ਉੱਪਰ ਵੱਲ ਲੈ ਜਾਓ। ਆਪਣੇ ਸਾਰੇ ਸਰੀਰ ਵਿਚ ਖਿਚਾਓ ਪੈਦਾ ਕਰੋ। ਅਜਿਹਾ ਕਰਦਿਆਂ ਅੰਦਰ ਵੱਲ ਨੂੰ ਗਹਿਰਾ ਸਾਹ ਭਰੋ। ਪੂਰਾ ਸਟ੍ਰੈਚ ਕਰਕੇ ਵੀਹ ਤੱਕ ਗਿਣਤੀ ਕਰੋ। ਫੇਰ ਹੌਲੀ ਹੌਲੀ ਸਧਾਰਨ ਅਵਸਥਾ ਵਿਚ ਆਓ। ਇਹ ਆਸਨ ਲਗਾਤਾਰ ਪੰਜ ਤੋਂ ਸੱਤ ਵਾਰ ਕਰੋ।
ਸਰੀਰ ਨੂੰ ਝੁਕਾਓ
ਸਰੀਰ ਨੂੰ ਝੁਕਾਉਣ ਤੋਂ ਭਾਵ ਹੈ ਕਿ ਜਿੱਥੇ ਖੜੇ ਹੋ ਕੇ ਅੱਪਰ ਬਾਡੀ ਨੂੰ ਝੁਕਾਉਣਾ। ਇਸ ਲਈ ਪਹਿਲਾਂ ਸਿੱਧੇ ਖੜੇ ਹੋਵੋ। ਆਪਣੀ ਢੂੰਹੀ ਵਿਚ ਕੁੱਬ ਨਾ ਪੈਣ ਦਿਉ। ਹੁਣ ਪਹਿਲਾਂ ਅੱਗੇ ਵੱਲ ਤੇ ਫੇਰ ਪਿੱਛੇ ਵੱਲ ਝੁਕੋ। ਇਸ ਤੋਂ ਬਾਦ ਖੱਬੇ ਅਤੇ ਸੱਜੇ ਪਾਸੇ ਵੱਲ ਵੀ ਝੁਕੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।