ਸ਼ਿਵਮ ਮਹਾਜਨ
ਲੁਧਿਆਣਾ: ਪੰਜਾਬ 'ਚ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਪੱਧਰ 'ਤੇ ਪਹੁੰਚ ਗਿਆ ਹੈ। ਕਈ ਸ਼ਹਿਰਾਂ ਵਿੱਚ ਤਾਂ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ (AQI) 271 ਨੂੰ ਪਾਰ ਕਰ ਗਿਆ ਹੈ।
ਇਸ ਨਾਲ ਕਈ ਸ਼ਹਿਰਾਂ ਦਾ AQI 200 ਦਾ ਅੰਕੜਾ ਪਾਰ ਕਰ ਗਿਆ ਹੈ। ਲੁਧਿਆਣਾ ਦੇ ਦੂਰ ਦੁਰਾਡੇ ਪਿੰਡਾਂ ਦੇ ਵਿਚਾਲੇ ਦੁਪਹਿਰ ਤੋਂ ਬਾਅਦ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੁਪਹਿਰ ਸਮੇਂ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ 300 ਨੂੰ ਵੀ ਪਾਰ ਕਰ ਜਾਂਦਾ ਹੈ।
ਅਜਿਹੇ ਵਾਤਾਵਰਨ ਵਿਚ ਸਾਹ ਲੈਣਾ ਰੋਗੀਆਂ ਦੇ ਲਈ ਘਾਤਕ ਸਾਬਿਤ ਹੋ ਸਕਦਾ ਹੈ ਅਤੇ ਸਿਹਤਯਾਬ ਵਸਨੀਕ ਨੂੰ ਵੀ ਬਿਮਾਰੀਆਂ ਘੇਰ ਸਕਦੀਆਂ ਹਨ ਅਤੇ ਉਸ ਨੂੰ ਵੀ ਸਰੀਰ ਵਿੱਚ ਤਾਪ ਆਉਣਾ,ਖੰਘ ਲੱਗਣਾ,ਖਾਂਸੀ ਆਦਿ ਵਰਗੀ ਬੀਮਾਰੀਆਂ ਹੋ ਸਕਦੀਆਂ ਹਨ। ਦੂਜੇ ਪਾਸੇ ਸੂਬੇ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟ ਹਵਾ ਪ੍ਰਦੂਸ਼ਣ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਜੇਕਰ ਇਹੀ ਸਥਿਤੀ ਰਹੀ ਅਤੇ ਮੀਂਹ ਨਾ ਪਿਆ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ।
ਬੁੱਧਵਾਰ ਨੂੰ ਪੰਜਾਬ 'ਚ ਇਸ ਸੀਜ਼ਨ 'ਚ ਹੁਣ ਸਭ ਤੋਂ ਵੱਧ 3,634 ਥਾਵਾਂ 'ਤੇ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਤੱਕ ਪੰਜਾਬ ਵਿੱਚ 17,846 ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਨੂੰ ਕੇਸਾਂ ਦੀ ਕੁੱਲ ਗਿਣਤੀ 21,480 ਹੋ ਗਈ। ਪਿਛਲੇ ਸਾਲ 2 ਨਵੰਬਰ ਤੱਕ ਇਹ ਗਿਣਤੀ 18,580 ਸੀ। ਯਾਨੀ 2021 ਦੇ ਮੁਕਾਬਲੇ 2900 ਮਾਮਲੇ ਜ਼ਿਆਦਾ ਹਨ। ਜੇਕਰ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਦੇ ਹਨ ਤਾਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੂਬੇ ਵਿੱਚ ਹਰ ਰੋਜ਼ ਅਧਿਕਾਰੀਆਂ ਨੂੰ ਬੰਧਕ ਬਣਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਪੁਲਿਸ ਨੇ ਅਜੇ ਤੱਕ ਕਿਸੇ ਵੀ ਕਿਸਾਨ ਖ਼ਿਲਾਫ਼ ਕਾਰਵਾਈ ਨਹੀਂ ਕੀਤੀ।ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ.ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਧੂੰਏਂ ਦਾ ਪ੍ਰਭਾਵ ਹੈ। ਪੱਛਮੀ ਗੜਬੜੀ ਕਾਰਨ ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਬੱਦਲ ਛਾਏ ਹੋਏ ਹਨ। ਇਸ ਕਾਰਨ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਧੂੰਏਂ ਅਤੇ ਬੱਦਲਾਂ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਇਸ ਹਫ਼ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ 'ਚ ਅਗਲੇ ਕੁਝ ਦਿਨਾਂ ਤੱਕ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Air, Air pollution, Ludhiana, Punjab