ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੇਤ ਦੀਆਂ 16 ਸਾਈਟਾਂ ਦੀ ਸ਼ੁਰੂਆਤ ਕੀਤੀ ਗਈ ਹੈ । ਇਨ੍ਹਾਂ ਰੇਤ ਦੀਆਂ 16 ਸਾਈਟਾਂ ਤੋਂ ਆਮ ਲੋਕ ਹੁਣ ਸਸਤੀ ਰੇਤ ਖਰੀਦ ਸਕਣਗੇ । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁਖ ਮਕਸਦ ਆਮ ਲੋਕਾਂ ਨੂੰ ਸਸਤੀ ਰੇਤ ਦੇਣਾ ਹੈ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਈਟਾਂ 'ਤੇ ਜੇ.ਸੀ.ਬੀ. ਅਤੇ ਕਰੱਸ਼ਰ ਦੀ ਵਰਤੋਂ ਨਹੀਂ ਕੀਤੀ ਜਾਵੇਗੀ । ਰੇਤ ਸਿਰਫ ਟਰੈਕਟਰ ਟਰਾਲੀ ਰਾਹੀਂ ਹੀ ਖਰੀਦੀ ਜਾ ਸਕੇਗੀ । ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਰੇਤ ਦੀਆਂ ਕੁੱਲ 50 ਸਾਈਟਾਂ ਖੋਲ੍ਹੀਆਂ ਜਾਣਗੀਆਂ।
ਆਮ ਲੋਕ ਕਿਵੇਂ ਖਰੀਦ ਸਕਣਗੇ ਸਸਤਾ ਰੇਤ?
ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਹਫ਼ਤੇ ਇੱਕ ਐਪ ਸ਼ੁਰੂ ਕੀਤੀ ਜਾਵੇਗੀ । ਇਸ ਐਪ ਦੇ ਰਾਹੀਂ ਲੋਕਾਂ ਨੰੁ ਇਹ ਜਾਣਕਾਰੀ ਮਿਲ ਸਕੇਗੀ ਕਿ ਕਿ ਕਿਹੜੀਆਂ ਥਾਵਾਂ 'ਤੇ ਰੇਤ ਮਿਲ ਸਕਦੀ ਹੈ। ਇਸ ਐਪ ਦੇ ਵਿੱਚ ਰੇਤ ਦੀ ਸਾਈਟ ਦੀ ਲੁਕੇਸ਼ਨ ਦੀ ਜਾਣਕਾਰੀ ਹੋਵੇਗੀ ਕਿ ਕਿਸ ਥਾਂ ਉੱਤੇ ਰੇਤ ਉਪਲਬਧ ਹੈ ।ਰੇਤ ਦੀ ਸਾਈਟ ਤੁਹਾਡੇ ਨੇੜੇ ਕਿੱਥੇ ਹੈ ਅਤੇ ਤੁਸੀਂ ਆਪਣੀ ਟਰੈਕਟਰ ਟਰਾਲੀ ਜਾਂ ਟਰੈਕਟਰ ਕਿਰਾਏ 'ਤੇ ਲੈ ਕੇ ਰੇਤ ਖਰੀਦ ਸਕਦੇ ਹੋ।
ਇਨ੍ਹਾਂ ਰੇਤ ਦੀਆਂ ਸਾਈਟਾਂ ਉੱਤੇ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।ਜੋ ਤੁਹਾਡੇ ਟਰੈਕਟਰ ਟਰਾਲੀ ਦੀ ਐਂਟਰੀ ਪਾ ਕੇ ਤੁਹਾਡੇ ਤੋਂ ਪੈਸੇ ਲੈਣਗੇ। ਅਧਿਕਾਰੀਆਂ ਦੇ ਵੱਲੋਂ ਇਸ ਦੀ ਜਾਣਕਾਰੀ ਵੈੱਬਸਾਈਟਾਂ 'ਤੇ ਪਾਈ ਜਾਵੇਗੀ। ਤੁਹਾਨੂੰ ਰੇਤ ਖਰੀਦਣ ਲਈ ਪਰਚੀ ਦਿੱਤੀ ਜਾਵੇਗੀ ਅਤੇ ਇਸ ਸਾਈਟਾਂ ਸਵੇਰੇ 6 ਵਜੇ ਤੋਂ ਖੁੱਲ੍ਹਣਗੀਆਂ ਇਹ ਸਾਈਟਾਂ ਸ਼ਾਮ 5 ਵਜੇ ਬੰਦ ਹੋ ਜਾਣਗੀਆਂ। ਇਸ ਸਮੇਂ ਦੌਰਾਨ ਤੁਸੀਂ ਰੇਤ ਖਰੀਦ ਸਕਦੇ ਹੋ । ਜਦਕਿ ਰਾਤ ਦੇ ਸਮੇਂ ਰੇਤ ਨਹੀਂ ਖਰੀਦੀ ਜਾ ਸਕੇਗੀ । ਇਸ ਸਮੇਂ ਪੁਲਿਸ ਦੇ ਵੱਲੋਂ ਵੀ ਨਿਗਰਾਨੀ ਰੱਖੀ ਜਾਵੇਗੀ ਅਤੇ ਪੁਲਿਸ ਦੇ ਵੱਲੋਂ ਟਰੈਕਟਰ ਟਰਾਲੀ ਦੀ ਪਰਚੀ ਚੈੱਕ ਕੀਤੀ ਜਾਵੇਗੀ ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਰੇਤ ਦੀਆਂ ਸਾਈਟਾਂ 'ਤੇ ਜੇ.ਸੀ.ਬੀ. ਅਤੇ ਕਰੱਸ਼ਰ ਨਹੀਂ ਚੱਲਣਗੇ। ਇਨ੍ਹਾਂ ਸਾਈਟਾਂ ਉੱਤੇ ਜੇਸੀਬੀ ਅਤੇ ਕਰੱਸ਼ਰ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਇਹ ਵੀ ਹਿਦਾਇਤ ਜਾਰੀ ਕੀਤੀ ਗਈ ਹੈ ਕਿ ਟਰੈਕਟਰ ਦੇ ਪਿਛਲੇ 4 ਟਾਇਰ ਹੋਣੇ ਚਾਹੀਦੇ ਹਨ, ਰੇਤ ਦੀ ਢੋਆ-ਢੁਆਈ ਕਰਦੇ ਸਮੇਂ ਟਰਾਲੀ ਦੇ ਉੱਪਰਲੇ ਹਿੱਸੇ ਨੂੰ ਤਰਪਾਲ ਨਾਲ ਢੱਕਿਆ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਦੀ ਪਾਬੰਦੀ ਤੋਂ ਬਾਅਦ ਪਿਛਲੇ ਦਿਨੀਂ ਪੰਜਾਬ ਦੇ ਵਿੱਚ ਰੇਤ ਦੇ ਭਾਅ ਅਸਮਾਨੀ ਚੜ੍ਹ ਗਏ ਸਨ। ਰੇਤਾ ਤਕਰੀਬਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਸੀ।ਰੇਤ ਦੀ ਕੀਮਤ ਇੰਨੀ ਹੋ ਗਈ ਸੀ ਕਿ 200 ਫੁੱਟ ਦੀ ਟਰਾਲੀ 7000 ਰੁਪਏ ਤੱਕ ਮਿਲ ਰਹੀ ਸੀ।ਇਸ ਤੋਂ ਪਹਿਲਾਂ ਫਾਜ਼ਿਲਕਾ ਦੇ ਵਿੱਚ ਮਾਈਨਿੰਗ ਨੂੰ ਮਨਜ਼ੂਰੀ ਮਿਲੀ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਰੇਤ ਦੀ ਟਰਾਲੀ 5000 ਤੋਂ ਲੈ ਕੇ 5500 ਤੱਕ ਮਿਲ ਰਹੀ ਹੈ। ਪਰ ਪੰਜਾਬ ਦੀ ਮੌਜੂਦਾ ਸਰਕਾਰ ਰੇਤ ਦੀਆਂ ਕੀਮਤਾਂ ਨੂੰ ਹੋਰ ਘੱਟ ਕਰਨਾ ਚਾਹੁੰਦੀ ਹੈ। ਜਿਸ ਦੇ ਲਈ ਇਸ ਲਈ ਹੁਣ 5.30 ਪੈਸੇ ਕਿਊਬਿਕ ਫੁੱਟ ਭਾਵ 200 ਫੁੱਟ ਦੀ ਟਰਾਲੀ ਲਈ 1100 ਰੁਪਏ ਦਾ ਭਾਅ ਤੈਅ ਕੀਤਾ ਗਿਆ ਹੈ ।ਪਰ ਟਰੈਕਟਰ ਟਰਾਲੀ ਅਤੇ ਲੇਬਰ ਇਸ ਤੋਂ ਅੱਡ ਹੋਵੇਗੀ । ਜੇਕਰ ਲੇਬਰ ਅਤੇ ਟਰਾਲੀ ਦੀ ਕੀਮਤ ਨੂੰ ਮਿਲਾਇਆ ਜਾਵੇ ਤਾਂ ਇਸ ਦੀ ਕੀਮਤ 2200 ਦੇ ਕਰੀਬ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CM Bhagwant mann, Punjab, Punjab government, Sand mining