ਸ਼ਿਵਮ ਮਹਾਜਨ
ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਈ। ਇਸ ਤਹਿਤ ਪੁਲਿਸ ਨੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਚੈਕਿੰਗ ਮੁਹਿੰਮ ਚਲਾਈ। ਲੁਧਿਆਣਾ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਹ ਚੈਕਿੰਗ ਕੀਤੀ ਜਾ ਰਹੀ ਹੈ।
ਡੀਜੀਪੀ ਗੌਰਵ ਯਾਦਵ ਖੁਦ ਲੁਧਿਆਣਾ ਪਹੁੰਚੇ ਅਤੇ ਉਨ੍ਹਾਂ ਦੀ ਅਗਵਾਈ ਹੇਠ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਵੱਲੋਂ ਸਲੇਮ ਟਾਬਰੀ ਦੇ ਪੀਰੂ ਬੰਦਾ ਇਲਾਕੇ ਅਤੇ ਅੰਬੇਡਕਰ ਨਗਰ ਦੀ ਘੋੜਾ ਕਲੋਨੀ ਵਿੱਚ ਚੈਕਿੰਗ ਕੀਤੀ।
ਘੋੜਾ ਕਲੋਨੀ ਵਿੱਚ ਛਾਪੇਮਾਰੀ ਦੀ ਸੂਚਨਾ ਪਹਿਲਾਂ ਹੀ ਤਸਕਰਾਂ ਤੱਕ ਪਹੁੰਚ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਚਿੱਟਾ ਵੇਚਣ ਵਾਲੇ ਸਮੱਗਲਰ ਸਮੇਂ ਸਿਰ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕਰਨ ਵਿੱਚ ਸਫਲ ਹੋ ਗਏ। ਛਾਪੇਮਾਰੀ ਵਿੱਚ ਕਰੀਬ 200 ਪੁਲਿਸ ਮੁਲਾਜ਼ਮ ਅਤੇ 8 ਤੋਂ 10 ਸੀਨੀਅਰ ਅਧਿਕਾਰੀ ਸ਼ਾਮਲ ਸਨ। ਪੁਲਿਸ ਨੇ ਸਲੇਮ ਟਾਬਰੀ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ।
ਛਾਪੇਮਾਰੀ ਦੌਰਾਨ ਕਲੋਨੀ ਨੂੰ ਸੀਲ ਕਰ ਦਿੱਤਾ ਗਿਆ। ਕਿਸੇ ਨੂੰ ਵੀ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਡੀਜੀਪੀ ਯਾਦਵ ਦੇ ਆਉਣ ਤੋਂ ਪਹਿਲਾਂ ਹੀ ਕਲੋਨੀ ਵਿੱਚ ਤਲਾਸ਼ੀ ਜਾਰੀ ਸੀ ਪਰ ਤਲਾਸ਼ੀ ਦੌਰਾਨ ਪੁਲਿਸ ਦੇ ਹੱਥ ਖਾਲੀ ਰਹੇ। ਇਸ ਦੇ ਨਾਲ ਹੀ ਕਲੋਨੀ ਦੇ ਲੋਕਾਂ ਨੇ ਵੀ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਨੇ ਘੋੜਾ ਕਲੋਨੀ ਵਿੱਚੋਂ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। 2 ਵਿਅਕਤੀਆਂ ਕੋਲੋਂ 6-6 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਗੰਨ ਕਲਚਰ ਨੂੰ ਬੜ੍ਹਾਵਾ ਨਹੀਂ ਆਉਣ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਜਿਨ੍ਹਾਂ ਲੋਕਾਂ ਨੇ ਲਾਇਸੈਂਸ ਲਏ ਹਨ, ਉਨ੍ਹਾਂ ਦੀ ਵੈਰੀਫਿਕੇਸ਼ਨ ਦੁਬਾਰਾ ਕੀਤੀ ਜਾਵੇ। ਕ੍ਰਾਈਮ ਡਾਟਾ ਆਨਲਾਈਨ ਕੀਤਾ ਗਿਆ ਹੈ, ਉਸ ਤੋਂ ਬਾਅਦ ਹੀ ਪੂਰੇ ਪੰਜਾਬ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।