ਲੁਧਿਆਣਾ: Ludhiana Newborn baby thrown video: ਸ਼ਹਿਰ ਦੇ ਦੁੱਗਰੀ ਇਲਾਕੇ ਵਿੱਚ ਇੱਕ ਬੇਹੱਦ ਖੌਫਨਾਕ ਘਟਨਾ ਵਾਪਰੀ ਹੈ, ਜਿਥੇ ਇੱਕ ਨਵਜੰਮੀ ਮਾਸੂਮ ਬੱਚੀ ਨੂੰ ਛੱਤ ਤੋਂ ਸੁੱਟ ਦਿੱਤਾ ਗਿਆ। ਮਾਮਲੇ ਦੁੱਗਰੀ ਇਲਾਕੇ ਦੇ ਨਿਤੀਸ਼ ਵਿਹਾਰ ਦਾ ਹੈ, ਜਦੋਂ ਗਲੀ ਵਿੱਚ ਰੋ ਰਹੀ ਬੱਚੀ ਨੂੰ ਆਸ ਪਾਸ ਦੇ ਲੋਕਾਂ ਨੇ ਲਾਵਾਰਸ ਹਾਲਤ ਵਿੱਚ ਵੇਖ ਕੇ ਤੁਰੰਤ ਹਸਪਤਾਲ ਦਾਖਲ ਕਰਵਾਇਆ।
ਬੱਚੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਿਸ ਨੂੰ ਬੇਬੀ ਕੇਅਰ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚੀ ਛੱਤ ਤੋਂ ਡਿੱਗੀ। ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ, ਜਿਸ ਪਿੱਛੋਂ ਪੁਲਿਸ ਬੱਚੇ ਦੇ ਮਾਪਿਆਂ ਬਾਰੇ ਪਤਾ ਲਗਾਉਣ ਲਈ ਰਿਕਾਰਡ ਖੰਗਾਲ ਰਹੀ ਹੈ। ਹਾਲੇ ਤੱਕ ਬੱਚੀ ਨੂੰ ਕਿਸ ਨੇ ਛੱਤ ਤੋਂ ਸੁੱਟਿਆ, ਬਾਰੇ ਕੁੱਝ ਪਤਾ ਨਹੀਂ ਲੱਗਿਆ ਹੈ। ਪੁਲਿਸ ਆਸ ਪਾਸ ਦੇ ਸੀਸੀਟੀਵੀ ਫੁਟੇਜ਼ ਦੀ ਵੀ ਜਾਂਚ ਕਰ ਰਹੀ ਹੈ।
ਥਾਣਾ ਦੁੱਗਰੀ ਦੇ ਐਸਐਚਓ ਮਧੂ ਬਾਲਾ ਨੇ ਦੱਸਿਆ ਕਿ ਪੁਲਿਸ ਨੇ ਬੱਚੀ ਬਾਰੇ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਅਰੰਭ ਦਿੱਤੀ ਹੈ ਅਤੇ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਵਜੰਮੀ ਬੱਚੀ ਹੈ ਅਤੇ ਇੱਕ ਦਿਨ ਦੀ ਵੀ ਨਹੀਂ ਹੋਈ ਹੈ, ਜਿਸ ਦੀ ਸੰਭਾਲ ਲਈ ਇੱਕ ਮਹਿਲਾ ਕਾਂਸਟੇਬਲ ਦੀ ਡਿਊਟੀ ਵੀ ਲਗਾਈ ਗਈ ਹੈ। ਬੱਚੀ ਨੂੰ ਹਸਪਤਾਲ ਵਿਚੋਂ ਛੁੱਟੀ ਮਿਲਣ 'ਤੇ ਅਨਾਥ ਆਸ਼ਰਮ ਨੂੰ ਸੌਂਪ ਦਿੱਤਾ ਜਾਵੇਗਾ।
ਐਸਐਚਓ ਨੇ ਦੱਸਿਆ ਕਿ ਬੱਚੀ ਨੂੰ ਛੱਤ ਤੋਂ ਸੁੱਟਣ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਧਾਰਾ 317 ਤਹਿਤ ਕੇਸ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ ਅਤੇ ਮੁਲਜ਼ਮ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ, ਜਿਸ ਲਈ ਸੀਸੀਟੀਵੀ ਦੀ ਵੀ ਘੋਖ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Ludhiana news, Punjab Police