ਸ਼ਿਵਮ ਮਹਾਜਨ
ਲੁਧਿਆਣਾ ਜ਼ਿਲ੍ਹੇ ਦੇ ਇਸ ਖਾਸ ਬੁਲਿਟਨ ਦੇ ਵਿਚਾਲੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿਚਾਲੇ ਇਹ ਖ਼ਬਰਾਂ ਮੁੱਖ ਸਨ।
ਪਹਿਲੀ ਖ਼ਬਰ: 12 ਨਵੰਬਰ ਨੂੰ ਲੱਗਣਗੀਆਂ ਨੈਸ਼ਨਲ ਲੋਕ ਅਦਾਲਤਾਂ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਮਾਣਯੋਗ ਸਕੱਤਰ ਰਮਨ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 12 ਨਵੰਬਰ, 2022 ਨੂੰ ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਸਿਵਲ ਕੋਰਟਸ- ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਲੰਬਤ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ‘ਨੈਸ਼ਨਲ ਲੋਕ ਅਦਾਲਤ’ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਕੱਤਰ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਸਿਵਲ ਕੇਸ ਜਿਵੇਂ ਕਿ ਕਿਰਾਇਆ, ਬੈਂਕ ਦੀ ਰਿਕਵਰੀ, ਮਾਲ ਮਾਮਲੇ, ਬਿਜਲੀ ਅਤੇ ਪਾਣੀ ਦੇ ਬਿੱਲਾਂ (ਚੋਰੀ ਦੇ ਕੇਸਾਂ ਨੂੰ ਛੱਡ ਕੇ), ਤਨਖਾਹਾਂ ਅਤੇ ਭੱਤਿਆਂ ਅਤੇ ਸੇਵਾ ਮੁਕਤ ਲਾਭਾਂ ਨਾਲ ਸਬੰਧਤ ਮਾਮਲੇ, ਜੰਗਲਾਤ ਐਕਟ ਦੇ ਕੇਸ, ਤਬਾਹੀ ਮੁਆਵਜ਼ਾ, ਫੌਜਦਾਰੀ ਮਿਕਦਾਰ ਮਾਮਲੇ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਦੇ ਅਧੀਨ ਸ਼ਿਕਾਇਤਾਂ, ਕਵਰਡ ਮਾਮਲਿਆਂ ਦੀ ਸੁਣਵਾਈ ਸਿਵਲ ਜੱਜਾਂ ਜਾਂ ਜੁਡੀਅਸ਼ੀਅਲ ਮੈਜਿਸਟਰੇਟਾਂ ਦੁਆਰਾ ਲੋਕ ਅਦਾਲਤ ਵਿੱਚ ਕੀਤੀ ਜਾਵੇਗੀ।
ਦੂਸਰੀ ਖ਼ਬਰ: ਲੁਧਿਆਣਾ ਵਿੱਚ ਵਧਿਆ ਸਵਾਈਨ ਫਲੂ ਦਾ ਪ੍ਰਕੋਪ
ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਵੱਲੋ ਸਵਾਈਨ ਫਲੂ ਦੇ ਸਬੰਧ ਵਿਚ ਐਡਵਾਈਜਰੀ ਕਰਦੇ ਹੋਏ ਕਿਹਾ ਗਿਆ ਕਿ ਦੇਸ਼ ਭਰ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ। ਸਵਾਇਨ ਫਲੂ (H1 N1) ਨਾਮ ਦੇ ਵਾਇਰਸ ਰਾਹੀਂ ਹੁੰਦਾ ਹੈ ਜੋ ਕਿ ਇਕ ਤੋਂ ਦੂਜੇ ਮਨੁੱਖ ਵਿੱਚ ਸਾਹ ਰਾਹੀਂ ਫੈਲਦਾ ਹੈ। H1 N1 ਦੇ ਲੱਛਣ ਨਿਯਮਤ ਫਲੂ ਦੇ ਲੱਛਣਾਂ ਦੀ ਨਕਲ ਕਰਦੇ ਹਨ ਜਿਵੇਂ ਕਿ ਬੁਖਾਰ, ਗਲੇ ਵਿੱਚ ਖਰਾਸ਼, ਠੰਢ ਲੱਗਣਾ, ਦਸਤ, ਉਲਟੀਆਂ ਅਤੇ ਕੁਝ ਮਾਮਲਿਆਂ ਵਿੱਚ ਹਸਪਤਾਲ ਵਿੱਚ ਭਰਤੀ ਦੀ ਲੋੜ ਹੋ ਸਕਦੀ ਹੈ।
ਸਿਵਲ ਸਰਜਨ ਡਾ. ਹਿਤਿੰਦਰ ਕੌਰ ਵੱਲੋਂ ਸਵਾਈਨ ਫਲੂ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤੇਜ਼ ਬੁਖਾਰ (101 ਤੋਂ ਉੱਤੇ), ਖਾਂਸੀ ਅਤੇ ਜ਼ੁਕਾਮ, ਖਾਂਸੀ ਅਤੇ ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ, ਛਿੱਕਾਂ ਆਉਣੀਆਂ ਜਾਂ ਨੱਕ ਵਗਣਾ, ਗਲੇ ਵਿੱਚ ਦਰਦ, ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਸਵਾਈਨ ਫਲੂ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਵਾਈਨ ਫਲੂ ਬਹੁਤ ਛੂਤਕਾਰੀ ਹੈ।ਇਹ ਬਿਮਾਰੀ ਥੁੱਕ ਅਤੇ ਬਲਗ਼ਮ ਦੇ ਕਣਾਂ ਰਾਹੀਂ ਫੈਲਦੀ ਹੈ ਜਿਵੇਂ ਕਿ ਛਿੱਕ ਜਾਂ ਖੰਘ ਆਦਿ ਰਾਹੀਂ।
ਤੀਸਰੀ ਖ਼ਬਰ: ਲੁਧਿਆਣਾ ਦੀਆਂ 5 ਪਲਾਸਟਿਕ ਕੰਪਨੀਆਂ ਨੂੰ ਬੰਦ ਕਰਨ ਦੇ ਹੁਕਮ ਜਾਰ
ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫੇ ਬਣਾਉਣ ਅਤੇ ਵਰਤਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਮੇਂ-ਸਮੇਂ ’ਤੇ ਸੈਮੀਨਾਰ ਕਰਵਾਏ ਜਾ ਰਹੇ ਹਨ। ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਲੁਧਿਆਣਾ ਦੇ ਚੀਫ਼ ਇੰਜੀਨੀਅਰ ਗੁਲਸ਼ਨ ਰਾਏ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬੋਰਡ ਦੇ ਅਧਿਕਾਰੀਆਂ ਵੱਲੋਂ ਪਲਾਸਟਿਕ ਦੇ ਲਿਫ਼ਾਫ਼ੇ ਬਣਾਉਣ ਵਾਲੀਆਂ ਕੰਪਨੀਆਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਪੰਜ ਕੰਪਨੀਆਂ ਗੈਰ-ਕਾਨੂੰਨੀ ਤੌਰ 'ਤੇ ਪਲਾਸਟਿਕ ਦੇ ਲਿਫ਼ਾਫ਼ੇ ਬਣਾਉਂਦੀਆਂ ਹੋਈਆਂ ਫੜੀਆਂ ਗਈਆਂ। ਇਸ ਕਾਰਵਾਈ ਨੇ ਕਾਰੋਬਾਰ ਵਿੱਚ ਹਲਚਲ ਮਚਾ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।