ਹੇਮ ਰਾਜ ਬੱਬਰ ਤੇ ਰਜਨੀਸ਼ ਬਾਂਸਲ
ਲੁਧਿਆਣਾ : ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ਦੇ ਪ੍ਰਾਈਵੇਟ ਸਕੂਲ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ, ਜਿਸ ਨੂੰ ਪਿੰਡ ਵਿੱਚ ਮਾਧੋ ਵਾਲਾ ਸਕੂਲ ਵੀ ਕਹਿੰਦੇ ਹਨ। ਇਸ ਸਕੂਲ ਦੇ ਦਸਵੀਂ ਦੇ 27 ਵਿਦਿਆਰਥੀਆਂ ਦੇ ਭਵਿੱਖ ਨਾਲ ਸਕੂਲ ਪ੍ਰਬੰਧਕਾਂ ਵੱਲੋਂ ਪੂਰੀ ਤਰ੍ਹਾਂ ਖਿਲਵਾੜ ਕੀਤਾ ਗਿਆ ਹੈ।
ਦਰਅਸਲ ਸਕੂਲ ਪ੍ਰਬੰਧਕਾਂ ਵੱਲੋਂ ਦਸਵੀਂ ਦੇ ਇਨ੍ਹਾਂ 27 ਵਿਦਿਆਰਥੀਆਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਰਜਿਸਟਰੇਸ਼ਨ ਹੀ ਨਹੀਂ ਕਰਵਾਈ ਗਈ ਤੇ ਜਿੱਥੇ ਬੀਤੇ ਸ਼ੁੱਕਰਵਾਰ ਇਸੇ ਸਮੱਸਿਆ ਕਰਕੇ ਵਿਦਿਆਰਥੀ ਆਪਣਾ ਪਹਿਲਾ ਪੇਪਰ ਨਹੀਂ ਦੇ ਪਾਏ, ਉਥੇ ਹੀ ਅੱਜ ਆਪਣਾ ਦੂਜਾ ਅੰਗਰੇਜੀ ਦਾ ਪੇਪਰ ਦੇਣ ਤੋਂ ਵੀ ਵਾਂਝੇ ਰਹਿ ਗਏ। ਰਜਿਸਟਰੇਸ਼ਨ ਨਾ ਹੋਣ ਕਰਕੇ ਬੋਰਡ ਵੱਲੋਂ ਇਨ੍ਹਾਂ 27 ਵਿਦਿਆਰਥੀਆਂ ਦੇ ਰੋਲ ਨੰਬਰ ਹੀ ਜਾਰੀ ਨਹੀਂ ਹੋ ਸਕੇ ਤੇ ਸਕੂਲ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਫਰਜ਼ੀ ਰੋਲ ਨੰਬਰ ਸਿੰਪਲ ਪਰਚੀਆਂ ਉੱਤੇ ਲਿਖ ਦਿੱਤੇ।
ਅੱਜ ਇਸੇ ਸਮੱਸਿਆ ਨੂੰ ਲੈ ਕੇ ਸਾਰੇ ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਨਾਲ ਮਿਲਕੇ ਸਕੂਲ ਅੱਗੇ ਨਾਰ੍ਹੇਬਾਜੀ ਵੀ ਕੀਤੀ ਗਈ, ਪਰ ਸਕੂਲ ਪਰਬੰਧਕਾਂ ਨੇ ਸਕੂਲ ਦਾ ਗੇਟ ਹੀ ਨਹੀਂ ਖੋਲ੍ਹਿਆ ਤੇ ਵਿਦਿਆਰਥੀ ਅਤੇ ਮੌਕੇ ਉੱਤੇ ਪਹੁੰਚੀ ਪੁਲਿਸ ਵੀ ਗੇਟ ਖੜਕਾ ਖੜਕਾ ਕੇ ਥੱਕ ਗਈ।
ਇਸ ਮੌਕੇ ਸਾਰੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੇ ਮੰਗ ਕੀਤੀ ਕਿ ਬੱਚਿਆਂ ਦਾ ਇੱਕ ਸਾਲ ਖ਼ਰਾਬ ਕਰਨ ਵਾਲੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇ ਤੇ ਬੱਚਿਆਂ ਦਾ ਸਾਲ ਖ਼ਰਾਬ ਹੋਣ ਤੋਂ ਵੀ ਬਚਾਇਆ ਜਾਵੇ।
ਇਸ ਮੌਕੇ ਉੱਤੇ ਪਹੁੰਚੇ ਜਗਰਾਓ ਦੇ DSP ਹਰਜੀਤ ਸਿੰਘ ਨੇ ਕਿਹਾ ਕਿ ਉਨਾਂ ਨੂੰ ਮਾਪਿਆਂ ਦੀ ਸ਼ਿਕਾਇਤ ਮਿਲੀ ਸੀ, ਜਿਸ ਕਰਕੇ ਅੱਜ ਓਹ ਵੀ ਇੱਥੇ ਪਹੁੰਚੇ ਸਨ ਤੇ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਪੂਰੇ ਮਾਮਲੇ ਉੱਤੇ ਬੱਚੇ ਤੇ ਮਾਪੇ ਜਿਲ੍ਹੇ ਦੇ ਏਡੀਸੀ ਅਮਿਤ ਸਰੀਨ ਨੂੰ ਵੀ ਮਿਲੇ, ਤੇ ਬੱਚਿਆਂ ਦਾ 29 ਮਾਰਚ ਨੂੰ ਹੋਣ ਵਾਲਾ ਪੰਜਾਬੀ B ਪੇਪਰ ਦਿਵਾਇਆ ਜਾਵੇ ਤਾਂ ਜੋ ਬੱਚਿਆਂ ਦਾ ਸਾਲ ਖ਼ਰਾਬ ਹੋਣ ਤੋਂ ਬਚ ਸਕੇ। ਇਸ ਮੌਕੇ ADC ਅਮਿਤ ਸਰੀਨ ਨੇ ਕਿਹਾ ਕਿ ਉਨਾਂ ਦੀ ਸਿੱਖਿਆ ਬੋਰਡ ਨਾਲ ਇਸ ਮਾਮਲੇ ਉੱਤੇ ਗੱਲ ਚੱਲ ਰਹੀ ਹੈ ਤੇ ਉਹਨਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਬੱਚਿਆਂ ਦਾ ਅਗਲਾ ਪੇਪਰ ਦਿਵਾਇਆ ਜਾਵੇ ਤੇ ਸਕੂਲ ਖ਼ਿਲਾਫ਼ ਵੀ ਜੋ ਬਣਦੀ ਕਾਰਵਾਈ ਹੈ, ਓਹ ਵੀ ਜਰੂਰ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child, Exams, Jagraon, Ludhiana news