ਸ਼ਿਵਮ ਮਹਾਜਨ,
ਲੁਧਿਆਣਾ: ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ 13 ਤੋਂ 15 ਅਗਸਤ, 2022 ਤੱਕ 75ਵੇਂ ਸੁਤੰਤਰਤਾ ਦਿਵਸ ਮੌਕੇ 'ਚ ‘ਹਰ ਘਰ ਤਿਰੰਗਾ’ ਪਹਿਲਕਦਮੀ ਤਹਿਤ ਘਰਾਂ, ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਅਤੇ ਇਮਾਰਤਾਂ ‘ਤੇ ਤਿੰਨ ਲੱਖ ਰਾਸ਼ਟਰੀ ਝੰਡੇ ਲਹਿਰਾਏ ਜਾਣਗੇ। ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਨੂੰ ਵੱਡੇ ਪੱਧਰ ‘ਤੇ ਮਨਾਉਣ ਦੀ ਯੋਜਨਾ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਤਿੰਨ ਲੱਖ ਰਾਸ਼ਟਰੀ ਝੰਡੇ ਲੋਕਾਂ ਨੂੰ ਵੰਡੇ ਜਾਣਗੇ। ਉਨ੍ਹਾਂ ਨੇ ਸਮੂਹ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨੂੰ ਕਿਹਾ ਕਿ ਤਿਰੰਗੇ ਦੀ ਸੁਚਾਰੂ ਵੰਡ ਪ੍ਰਕਿਰਿਆ ਤਹਿਤ ਉਹ ਰਾਸ਼ਟਰੀ ਝੰਡੇ ਲਈ ਵਿਭਾਗ-ਵਾਰ ਡਿਮਾਂਡ ਸੂਚੀ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਿਖੇ ਜਮ੍ਹਾਂ ਕਰਵਾਉਣ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਿਰੰਗੇ ਦੀ ਵੰਡ ਕੇਂਦਰ ਵੀ ਬਣਾਏ ਜਾਣਗੇ, ਜਿੱਥੇ ਇਨ੍ਹਾਂ ਵੰਡ ਕੇਂਦਰਾਂ ਵਿੱਚ ਲੋਕਾਂ ਨੂੰ ਵੱਡੇ ਆਕਾਰ ਦਾ ਝੰਡਾ 25 ਰੁਪਏ ਵਿੱਚ, ਦਰਮਿਆਨੇ ਆਕਾਰ ਦਾ ਝੰਡਾ 18 ਰੁਪਏ ਵਿੱਚ ਅਤੇ 6×9 ਇੰਚ ਦਾ ਝੰਡਾ 9 ਰੁਪਏ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਪੰਚਾਇਤ, ਨਗਰ ਨਿਗਮ, ਪੁਲਿਸ, ਖੁਰਾਕ ਸਪਲਾਈ, ਮਾਲ, ਉਦਯੋਗ ਵਿਭਾਗ ਅਤੇ ਹੋਰਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਪ੍ਰੋਗਰਾਮ ਤਹਿਤ ਆਪਣੇ ਸਟਾਫ਼ ਮੈਂਬਰਾਂ ਦੀ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਣਾਉਣ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਵਾਸੀਆਂ ਦੀ ਹੌਸਲਾ ਅਫਜ਼ਾਈ ਕਰਕੇ ਪ੍ਰੋਗਰਾਮ ਦੀ ਸਫ਼ਲਤਾ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣ। ਉਨ੍ਹਾਂ ਨੇ ਆਮ ਜਨਤਾ ਅਤੇ ਸਮੂਹ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਘਰਾਂ ‘ਤੇ ਝੰਡੇ ਲਹਿਰਾ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਫਲੈਗ ਕੋਡ ਵਿੱਚ ਕੁਝ ਬਦਲਾਅ ਕੀਤੇ ਹਨ ਤਾਂ ਜੋ ਹਰ ਵਿਅਕਤੀ ਆਪਣੇ ਘਰ ‘ਤੇ ਝੰਡਾ ਲਹਿਰਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Independence day, Ludhiana, Punjab