ਕਰਨ ਵਰਮਾ
ਮੋਹਾਲੀ- ਮੋਟੇ ਅਨਾਜ ਨੂੰ ਮਕਬੂਲ ਬਣਾਉਣ ਦੇ ਮੰਤਵ ਨਾਲ ਮੋਹਾਲੀ ਵਿਖੇ 15 ਜਨਵਰੀ ਨੂੰ ‘ਮਿਲੇਟਸ ਮੇਲਾ’ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਡਾ. ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਵੱਲੋਂ ਸ਼ਿਰਕਤ ਕੀਤੀ ਜਾਵੇਗੀ।
ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੇ ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਪੰਜਾਬ ਵੱਲੋਂ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਮੋਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ, ਫ਼ੇਜ਼ 6 ਵਿਖੇ ਆਉਣ ਵਾਲੀ 15 ਜਨਵਰੀ ਨੂੰ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੇਲੇ ਦਾ ਉਦੇਸ਼ ਮੋਟੇ ਅਨਾਜ ਦੇ ਫ਼ਾਇਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਇਸ ਦੀ ਵਰਤੋਂ ਨਾਲ ਸਾਡੀ ਸਿਹਤ ਚੰਗੀ ਅਤੇ ਨਰੋਈ ਹੋ ਸਕੇ। ਉਨ੍ਹਾਂ ਕਿਹਾ, ‘ਪੋਸ਼ਕ ਤੱਤਾਂ ਨਾਲ ਭਰਪੂਰ ਮੋਟਾ ਅਨਾਜ ਅੱਜ ਸਾਡੀ ਥਾਲ਼ੀ ’ਚੋਂ ਗ਼ਾਇਬ ਹੋ ਗਿਆ ਹੈ ਜਦਕਿ ਇਹ ਸਿਹਤ ਲਈ ਅਤਿਅੰਤ ਪੌਸ਼ਟਿਕ ਖ਼ੁਰਾਕ ਹੈ।’
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਆਦਰਸ਼ ਪਾਲ ਕੌਰ ਨੇ ਦੱਸਿਆ ਕਿ ਮੇਲੇ ਵਿਚ ਵੱਖ-ਵੱਖ ਸਟਾਲ ਲਗਾਏ ਜਾਣਗੇ ਜਿੱਥੇ ਮੋਟੇ ਅਨਾਜ ਤੋਂ ਬਣੇ ਖ਼ੁਰਾਕ ਪਦਾਰਥਾਂ ਦੀ ਨੁਮਾਇਸ਼ ਲਗਾਈ ਜਾਵੇਗੀ। ਫੂਡ ਸਟਾਲ, ਨੁਮਾਇਸ਼, ਮਾਹਰਾਂ ਦੀ ਵਿਚਾਰ-ਚਰਚਾ ਆਦਿ ਮੇਲੇ ਦਾ ਮੁੱਖ ਆਕਰਸ਼ਨ ਹੋਣਗੇ। ਸਿਹਤ ਅਧਿਕਾਰੀਆਂ ਮੁਤਾਬਿਕ ਯੂਨਾਈਟਿਡ ਨੈਸ਼ਨਲ ਜਨਰਲ ਅਸੈਂਬਲੀ ਨੇ ਸਾਲ 2023 ਨੂੰ ‘ਇੰਟਰਨੈਸ਼ਨਲ ਈਅਰ ਆਫ਼ ਮਿਲੇਟਸ’ ਐਲਾਨਿਆ ਹੈ ਜਿਸ ਤਹਿਤ ਭਾਰਤ ਸਰਕਾਰ ਦੀਆਂ ਹਦਾਇਤਾਂ ’ਤੇ ਸੂਬਿਆਂ ਵਿਚ ਇਹ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਦੇ ਫ਼ਾਇਦਿਆਂ ਨੂੰ ਵੇਖਦਿਆਂ ਬਾਜਰੇ ਤੇ ਮੱਕੀ ਦਾ ਪੁਰਾਣਾ ਦੌਰ ਵਾਪਸ ਆ ਰਿਹਾ ਹੈ। ਮੋਟੇ ਅਨਾਜ ਵਿਚ ਪ੍ਰੋਟੀਨ, ਫ਼ਾਇਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਜ਼ਿੰਕ ਜਿਹੇ ਕਈ ਪੋਸ਼ਕ ਤੱਤ ਹੁੰਦੇ ਹਨ। ਪੋਸ਼ਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਵਲ ਲੋਕ ਹੌਲੀ-ਹੌਲੀ ਮੁੜ ਰਹੇ ਹਨ ਅਤੇ ਆਪਣੀ ਰੋਜ਼ਾਨਾ ਖ਼ੁਰਾਕ ਵਿਚ ਸ਼ਾਮਲ ਕਰ ਰਹੇ ਹਨ।
ਸਿਵਲ ਸਰਜਨ ਨੇ ਆਮ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ਮੇਲੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਕਿ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਜਾ ਸਕੇ। ਮੇਲੇ ਵਿਚ ਲੋਕਾਂ ਦਾ ਦਾਖ਼ਲਾ ਬਿਲਕੁਲ ਮੁਫ਼ਤ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Health, Punjab