ਕਰਨ ਵਰਮਾ
ਮੋਹਾਲੀ- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਕਣਕ ਦੀ ਫ਼ਸਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਕਿ ਤਾਪਮਾਨ ਦੇ ਵਧਣ ਕਾਰਨ ਕਣਕ ਦੇ ਝਾੜ ਤੇ ਕੋਈ ਅਸਰ ਪੈਣ ਦੀ ਸੰਭਾਵਨਾ ਹੈ ਕਿ ਨਹੀਂ। ਪਿੰਡ ਸਤਾਬਗੜ ਵਿਖੇ ਕਿਸਾਨ ਦੀਦਾਰ ਸਿੰਘ ਵੱਲੋਂ ਬੀਜੀ ਕਣਕ ਦੀ ਫ਼ਸਲ ਦਾ ਨਿਰੀਖਣ ਕਰਦੇ ਹੋਏ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਤਾਪਮਾਨ ਦੇ ਵਧਣ ਤੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਿਰੰਤਰ ਕਣਕ ਦੀ ਫ਼ਸਲ ਦਾ ਨਿਰੀਖਣ ਕੀਤਾ ਜਾਵੇ ਅਤੇ ਲੋੜ ਅਨੁਸਾਰ ਮੌਸਮ ਨੂੰ ਵੇਖ ਕੇ ਹਲਕਾ ਪਾਣੀ ਲਗਾਇਆ ਜਾਵੇ ਤਾਂ ਜੋ ਸੋਕੇ ਕਾਰਨ ਝਾੜ ਤੇ ਕੋਈ ਮਾੜਾ ਅਸਰ ਨਾ ਪਵੇ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਦੀ ਹਾਲਤ ਨਾਰਮਲ ਹੈ,ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਫ਼ਸਲ ਤੇ ਨਹੀਂ ਹੈ। ਕੁੱਝ ਕਿਸਾਨਾਂ ਵੱਲੋਂ ਫ਼ਸਲ ਦੇ ਸਿੱਟਿਆਂ ਤੇ ਜਾਮਣੀ ਭੂਰੇ ਰੰਗ ਦੇ ਦਾਗ਼ ਧੱਬੇ ਪੈ ਜਾਣ ਬਾਰੇ ਦੱਸਣ ਤੇ ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਇਹ ਕੋਈ ਉੱਲੀ ਰੋਗ ਬਿਮਾਰੀ ਦਾ ਹਮਲਾ ਨਹੀਂ ਹੈ, ਇਹ ਮੌਸਮ ਵਿੱਚ ਇੱਕ ਦਮ ਆਈ ਤਬਦੀਲੀ ਅਤੇ ਵੱਧ ਤਾਪਮਾਨ ਹੋ ਜਾਣ ਕਰਕੇ ਹੈ,ਜੋ ਕਣਕ ਦੇ ਦਾਣਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ, ਕਿਸਾਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ, ਕਿਉਂ ਕਿ ਅੰਦਰੋਂ ਦਾਣਾ ਠੀਕ ਹੋਵੇਗਾ।
ਇਹ ਮੇਨ ਮੌਸਮ ਦੇ ਚੇਂਜ ਹੋਣ ਕਰਕੇ ਹੋਏ ਹਨ ਨਾ ਕਿ ਕੋਈ ਬਿਮਾਰੀ ਕਰਕੇ, ਇਸ ਤੇ ਹੁਣ ਕਿਸੇ ਵੀ ਕਿਸਮ ਦੀ ਖੇਤੀ ਰਸਾਇਣ ਦੀ ਸਪਰੇਅ ਵਗ਼ੈਰਾ ਨਾ ਕੀਤੀ ਜਾਏ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਰੱਖਕੇ ਹੀ ਮਾਹਿਰਾਂ ਦੀ ਸਲਾਹ ਅਨੁਸਾਰ ਕੋਈ ਸਪਰੇਅ ਵਗ਼ੈਰਾ ਕੀਤੀ ਜਾਵੇ। ਇਸ ਮੌਕੇ ਕਿਸਾਨ ਦੀਦਾਰ ਸਿੰਘ,ਪ੍ਰੇਮ ਸਿੰਘ ਪ੍ਰਭਜੋਤ ਸਿੰਘ ਅਤੇ ਵਿਭਾਗ ਦੇ ਕਮਲਦੀਪ ਸਿੰਘ ਏ.ਟੀ.ਐਮ ਵਗ਼ੈਰਾ ਹਾਜ਼ਰ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Farming tips, Mohali, Punjab