Home /mohali /

ਮੋਹਾਲੀ:  ‘ਪੰਜਾਬੀ ਭਾਸ਼ਾ ਪ੍ਰਚਾਰ ਅਤੇ ਪ੍ਰਸਾਰ’ ਵਿਸ਼ੇ ’ਤੇ ਵਿਚਾਰ ਚਰਚਾ ਆਯੋਜਿਤ

ਮੋਹਾਲੀ:  ‘ਪੰਜਾਬੀ ਭਾਸ਼ਾ ਪ੍ਰਚਾਰ ਅਤੇ ਪ੍ਰਸਾਰ’ ਵਿਸ਼ੇ ’ਤੇ ਵਿਚਾਰ ਚਰਚਾ ਆਯੋਜਿਤ

ਮੋਹਾਲੀ:  ‘ਪੰਜਾਬੀ ਭਾਸ਼ਾ : ਪ੍ਰਚਾਰ ਅਤੇ ਪ੍ਰਸਾਰ’ ਵਿਸ਼ੇ ’ਤੇ ਵਿਚਾਰ ਚਰਚਾ ਆਯੋਜਿਤ

ਮੋਹਾਲੀ:  ‘ਪੰਜਾਬੀ ਭਾਸ਼ਾ : ਪ੍ਰਚਾਰ ਅਤੇ ਪ੍ਰਸਾਰ’ ਵਿਸ਼ੇ ’ਤੇ ਵਿਚਾਰ ਚਰਚਾ ਆਯੋਜਿਤ

ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲਿਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਹੋਰ ਪੜ੍ਹੋ ...
  • Share this:

ਕਰਨ ਵਰਮਾ

ਮੋਹਾਲੀ- ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਲੜੀ ਤਹਿਤ ਮਿਤੀ 14 ਮਾਰਚ 2023 ਨੂੰ 'ਪੰਜਾਬੀ ਭਾਸ਼ਾ ਪ੍ਰਚਾਰ ਅਤੇ ਪ੍ਰਸਾਰ' ਵਿਸ਼ੇ 'ਤੇ ਪੰਜਾਬੀ ਸਾਹਿਤ ਸੱਭਿਆਚਾਰ ਮੰਚ, ਪਟਿਆਲਾ (ਰਜਿ.) ਦੇ ਸਹਿਯੋਗ ਨਾਲ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ (ਸਾਬਕਾ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਗਿਆਨ ਸਿੰਘ ਕੰਗ (ਚੇਅਰਮੈਨ,ਵਰਲਡ ਪੰਜਾਬੀ ਕਾਨਫ਼ਰੰਸ (ਰਜਿ.) ਟੋਰਾਂਟੋ) ਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਮਰੀਕ ਗਿੱਲ (ਬਾਲੀਵੁੱਡ ਫ਼ਿਲਮ ਲੇਖਕ, ਨਿਰਦੇਸ਼ਕ ਅਤੇ ਅਭਿਨੇਤਾ) ਵੱਲੋਂ ਸ਼ਿਰਕਤ ਕੀਤੀ ਗਈ।

ਪ੍ਰਮੁੱਖ ਵਕਤਾ ਵਜੋਂ ਡਾ. ਭੀਮ ਇੰਦਰ ਸਿੰਘ (ਚੇਅਰਮੈਨ, ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲਿਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਲੋਂ ਮੌਜੂਦਾ ਹਾਲਤਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੰਭਲਾ ਮਾਰਨ ਦਾ ਸੁਨੇਹਾ ਦਿੱਤਾ ਗਿਆ।

ਪ੍ਰਮੁੱਕ ਵਕਤਾ ਡਾ. ਭੀਮ ਇੰਦਰ ਸਿੰਘ ਵੱਲੋਂ ਪੰਜਾਬੀ ਭਾਸ਼ਾ ਦੇ ਨਿਕਾਸ-ਵਿਕਾਸ ਤੋਂ ਲੈ ਕੇ ਸਮਕਾਲ ਵਿੱਚ ਇਸ ਦੀ ਦਸ਼ਾ ਅਤੇ ਦਿਸ਼ਾ ਬਾਰੇ ਵਿਸਥਾਰ ਸਹਿਤ ਗੱਲ ਕੀਤੀ ਗਈ। ਉਨ੍ਹਾਂ ਆਖਿਆ ਕਿ ਭਾਸ਼ਾ ਇਕੱਲੀ ਹੀ ਨਹੀਂ ਮਰਦੀ ਸਗੋਂ ਉਸ ਦੇ ਨਾਲ ਨਾਲ ਸਭਿਆਚਾਰ, ਵਿਰਾਸਤ ਅਤੇ ਇਤਿਹਾਸ ਵੀ ਖ਼ਤਮ ਹੋ ਜਾਂਦਾ ਹੈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਮਰੀਕ ਸਿੰਘ ਗਿੱਲ ਵੱਲੋਂ ਕਿਹਾ ਗਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਭਾਸ਼ਾ ਦਫ਼ਤਰ ਪੰਜਾਬੀ ਭਾਸ਼ਾ ਦਾ ਖਜ਼ਾਨਾ ਹੈ ਅਤੇ ਮੈਂ ਅਜਿਹਾ ਮਾਡਲ ਦਫ਼ਤਰ ਬਣਾਉਣ ਲਈ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਆਖਿਆ ਕਿ ਅੱਜ ਤੱਕ ਕਿਸੇ ਵੀ ਮੁਲਕ ਨੇ ਆਪਣੀ ਮਾਤ ਭਾਸ਼ਾ ਤੋਂ ਬਗ਼ੈਰ ਤਰੱਕੀ ਨਹੀਂ ਕੀਤੀ। ਇਸ ਲਈ

ਉਨ੍ਹਾਂ ਨੇ ਪੰਜਾਬੀ ਨੂੰ ਬਚਾਉਣ ਲਈ ਉਪਰਾਲੇ ਕਰਨ ਦੀ ਗੁਜ਼ਾਰਿਸ਼ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਗਿਆਨ ਸਿੰਘ ਕੰਗ ਨੇ ਕਿਹਾ ਕਿ ਅਜਿਹੇ ਸਮਾਗਮ ਕਰਵਾਉਣ ਵਾਲੇ ਪੰਜਾਬ ਦੇ ਹੀਰੇ ਕਹੇ ਜਾ ਸਕਦੇ ਹਨ ਜੋ ਪੰਜਾਬੀ ਮਾਂ ਬੋਲੀ ਨੂੰ ਅਗਾਂਹ ਲੈ ਕੇ ਜਾਣ ਵਿੱਚ ਸਹਿਯੋਗ ਦਿੰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬੀਆਂ ਨੇ ਵਿਸ਼ਵ ਕਾਨਫ਼ਰੰਸ ਕਰਵਾਉਣ ਦੀ ਜੋ ਸੇਵਾ ਮੇਰੇ ਜਿੰਮੇ ਲਾਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਆਖਿਆ ਗਿਆ ਕਿ ਜਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਵਿਚਾਰ ਸਾਂਝੇ ਕਰ ਸਕਦੇ ਹਾਂ ਉੱਨੇ ਪ੍ਰਭਾਵਸ਼ਾਲੀ ਢੰਗ ਨਾਲ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕਰ ਸਕਦੇ। ਇਸ ਲਈ ਪੰਜਾਬੀ ਸਾਹਿਤ ਅਤੇ ਭਾਸ਼ਾ ਦੀ ਬਿਹਤਰੀ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ।

ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ. ਸ਼ਿੰਦਰਪਾਲ ਸਿੰਘ ਵੱਲੋਂ ਆਖਿਆ ਗਿਆ ਕਿ ਇਹ ਪੰਜਾਬੀ ਦੀ ਖ਼ੂਬਸੂਰਤੀ ਹੈ ਕਿ ਪੰਜਾਬੀ ਬੰਦਾ ਹਰ ਭਾਸ਼ਾ ਆਸਾਨੀ ਨਾਲ ਬੋਲ ਲੈਂਦਾ ਹੈ। ਡਾ. ਸੁਸ਼ੀਲ ਦੁਸਾਂਝ ਵੱਲੋਂ ਕਿਹਾ ਗਿਆ ਕਿ ਪੰਜਾਬੀ ਭਾਸ਼ਾ ਨੂੰ ਉੱਚਾ ਚੁੱਕਣ ਦੀ ਲੜਾਈ ਜੇਕਰ ਹਰ ਆਮ ਪੰਜਾਬੀ ਦੀ ਲੜਾਈ ਬਣ ਜਾਵੇ ਤਾਂ ਇਸ ਨੂੰ ਸਿਖਰ ਤੇ ਪਹੁੰਚਾਉਣਾ ਕੋਈ ਮੁਸ਼ਕਲ ਨਹੀਂ। ਡਾ. ਕੰਵਰ ਜਸਮਿੰਦਰਪਾਲ ਸਿੰਘ ਵੱਲੋਂ ਕਿਹਾ ਗਿਆ ਕਿ ਅਜਿਹੇ ਸਮਾਗਮ ਮਾਂ-ਬੋਲੀ ਨੂੰ ਨਵੀਆਂ ਲੀਹਾਂ 'ਤੇ ਲਿਜਾਣ ਵਾਲਾ ਨਿਵੇਕਲਾ ਅਤੇ ਉਚੇਚਾ ਕਦਮ ਹੈ।

ਇਸ ਸਮਾਗਮ ਮੌਕੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕੈਨੇਡਾ ਤੋਂ ਪਹੁੰਚੇ ਸ਼੍ਰੀ ਗਿਆਨ ਸਿੰਘ ਕੰਗ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ, ਬੁਲਾਰਿਆਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Published by:Drishti Gupta
First published:

Tags: Mohali, Punjab