ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ: ਇਹ ਦਾਸਤਾਂ ਸ੍ਰੀ ਮੁਕਤਸਰ ਸਾਹਿਬ ਦੇ 30 ਸਾਲ ਦੇ ਨੌਜਵਾਨ ਦੀ ਹੈ। ਅੱਜ ਤੋਂ ਕਰੀਬ ਸਾਢੇ ਚਾਰ ਸਾਲ ਪਹਿਲਾ ਬੀ ਟੈਕ ਪਾਸ ਇਹ ਨੌਜਵਾਨ ਨੌਕਰੀ ਨਾ ਮਿਲਣ ਦੇ ਚੱਲਦਿਆ ਖੁਦ ਦਾ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਇੱਕ ਦਿਨ ਕੰਮ ਤੇ ਹੀ ਅਚਾਨਕ ਬਿਮਾਰ ਹੋਇਆ ਤਾਂ ਉਸ ਦਿਨ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਅੱਜ ਇਹ ਨੌਜਵਾਨ ਕਰੀਬ ਸਾਢੇ ਚਾਰ ਸਾਲ ਤੋਂ ਹਰ ਮਹੀਨੇ ਖੂਨ ਦੇ ਇੱਕ ਤੋਂ ਦੋ ਯੂਨਿਟ ਲਵਾ ਰਿਹਾ ਹੈ ਅਤੇ ਸਰੀਰਕ ਪੱਖੋਂ ਕਮਜ਼ੋਰ ਹੋ ਚੁੱਕਾ ਹੈ।
ਵੱਖ-ਵੱਖ ਥਾਵਾਂ ਤੋਂ ਚੱਲੇ ਇਲਾਜ ਉਪਰੰਤ ਆਖਿਰ ਪੀ ਜੀ ਆਈ ਜਾ ਕੇ ਇਹ ਪਤਾ ਪਰਿਵਾਰ ਨੂੰ ਲੱਗਾ ਕਿ ਇਸ ਨੌਜਵਾਨ ਰਾਹੁਲ ਨੰ ਏ ਪਲਾਸਟਿਕ ਅਨੀਮੀਆ ਨਾਮ ਦੀ ਬਿਮਾਰੀ ਹੈ। ਇਸ ਬਿਮਾਰੀ ਵਿਚ ਨਾ ਤਾਂ ਪੀੜਿਤ ਦੇ ਆਪਣਾ ਖੂਨ ਬਣਦਾ ਹੈ ਅਤੇ ਨਾਂ ਹੀ ਪਲੇਟਲੇਟਸ ਬਣਦੇ ਹਨ। ਵਿਅਕਤੀ ਨੂੰ ਬਿਗਾਨੇ ਖੂਨ ਦੇ ਸਹਾਰੇ ਹੀ ਜੀਣਾ ਪੈਂਦਾ ਹੈ। ਬੀਤੇ ਕਾਫ਼ੀ ਸਮੇਂ ਤੋਂ ਇਸ ਬਿਮਾਰੀ ਨਾਲ ਪੀੜਿਤ ਹੋਣ ਦੇ ਚੱਲਦਿਆ ਰਾਹੁਲ ਦੀ ਬੋਨ ਮੈਰੋ ਬਿਲਕੁਲ ਕੰਮ ਕਰਨਾ ਬੰਦ ਕਰ ਗਈ ਹੈ।
ਛੋਟਾ ਭਰਾ ਸਾਹਿਲ ਦੱਸਦਾ ਹੈ ਕਿ ਉਹ ਪੀ ਜੀ ਆਈ ਦੇ ਡਾਕਟਰਾਂ ਦੀ ਸਲਾਹ ਨਾਲ ਬੋਨ ਮੈਰੋ ਟਰਾਂਸਪਲਾਟ ਲਈ ਖੁਦ ਤਿਆਰ ਹੋਇਆ ਪਰ ਜਦ ਟੈਸਟ ਕੀਤੇ ਗਏ ਤਾਂ ਉਹਨਾਂ ਦੀ ਬੋਨ ਮੈਰੋ ਸਿਰਫ਼ 50 ਪ੍ਰਤੀਸ਼ਤ ਹੀ ਮੈਚ ਹੋਈ ਜਿਸ ਕਾਰਨ ਟਰਾਂਸਪਲਾਟ ਨਹੀਂ ਹੋ ਸਕੀ। ਸਾਹਿਲ ਅਨੁਸਾਰ ਹੁਣ ਇਸਦਾ ਇੱਕ ਹੀ ਇਲਾਜ ਹੈ ਅਤੇ ਉਹ ਇਲਾਜ ਹੈ ਯੂ ਐਸ ਏ ਤੋਂ ਆਉਣ ਵਾਲੀ ਏ ਟੀ ਜੀ ਇੰਜੈਕਸ਼ਨ ਕਿੱਟ ਜਿਸਦੀ ਕੀਮਤ ਕਰੀਬ 5 ਤੋਂ 7 ਲੱਖ ਰੁਪਏ ਹੈ। ਸਾਹਿਲ ਅਨੁਸਾਰ ਬੀਤੇ ਕਰੀਬ 5 ਸਾਲ ਤੋਂ ਇਸ ਬਿਮਾਰੀ ਨਾਲ ਜੂਝਣ ਦੇ ਚੱਲਦਿਆ ਘਰ ਦੇ ਆਰਥਿਕ ਹਾਲਤ ਬਹੁਤ ਕਮਜੋਰ ਹਨ।
ਜੋ ਪੈਸਾ ਸੀ ਉਹ ਬੀਤੇ ਸਮੇ ਵਿਚ ਬਿਮਾਰੀ 'ਤੇ ਹੀ ਲੱਗ ਗਿਆ, ਰਾਹੁਲ ਤਾਂ ਘਰ ਬਿਮਾਰੀ ਨੇ ਬਿਠਾਇਆ ਹੀ ਪਰ ਨਾਲ ਹੀ ਰਾਹੁਲ ਦੇ ਇਲਾਜ ਲਈ ਅਤੇ ਸਾਂਭ ਸੰਭਾਲ ਲਈ ਬੀਤੇ ਕਰੀਬ 1 ਸਾਲ ਤੋ ਸਹਿਲ ਨੂੰ ਵੀ ਆਪਣੀ ਐਮ ਆਰ ਦੀ ਨੌਕਰੀ ਛੱਡਣੀ ਪਈ। ਹੁਣ ਪੀ ਜੀ ਆਈ ਦੇ ਡਾਕਟਰਾਂ ਨੇ 20 ਦਿਨ ਦਾ ਸਮਾਂ ਦਿੱਤਾ ਹੈ ਅਤੇ ਪਰਿਵਾਰ ਨੇ ਸਰਕਾਰੀ, ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜ਼ੋ ਰਾਹੁਲ ਦੇ ਏ ਟੀ ਜੀ ਕਿੱਟ ਦੇ ਇੰਜੈਕਸ਼ਨ ਲਵਾਏ ਜਾ ਸਕਣ ਅਤੇ ਉਹ ਆਪਣੀ ਜਿੰਦਗੀ ਜੀ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Muktsar, Punjab