ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਅਬੋਹਰ ਰੋਡ ਸਥਿਤ ਨਗਰ ਕੌਂਸਲ ਦਫਤਰ ਦੇ ਸਾਹਮਣੇ ਬਣੀ ਮਾਰਕਿਟ ਵਿੱਚ ਲੰਬੇ ਸਮੇਂ ਤੋਂ ਆ ਰਹੀ ਕੂੜੇ ਦੀ ਸਮੱਸਿਆ। ਕੂੜੇ ਦੀ ਸਮੱਸਿਆ ਕਾਰਨ ਦੁਕਾਨਦਾਰਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਦੱਸਿਆ ਕਿ ਨੇੜੇ ਦੇ ਲੋਕਾਂ ਵੱਲੋਂ ਘਰਾਂ ਦਾ ਕੂੜਾ ਇਸ ਮਾਰਕਿਟ ਵਿੱਚ ਸੁੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਚੁੱਕੀ ਹੈ ਕਿ ਇਸ ਜਗ੍ਹਾ ਉੱਤੇ ਕੂੜਾ ਨਾ ਸੁੱਟਿਆ ਜਾਵੇ ਪਰ ਫਿਰ ਵੀ ਲੋਕਾਂ ਵੱਲੋਂ ਇਸ ਗੱਲ 'ਤੇ ਅਸਰ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਕਈ ਵਾਰ ਸੂਚਿਤ ਕਰ ਚੁੱਕੇ ਹਨ ਕਿ ਇਸ ਜਗ੍ਹਾ ਤੋਂ ਕੂੜਾ ਹਟਵਾਇਆ ਜਾਵੇ ਅਤੇ ਇਸ ਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਜਗ੍ਹਾ ਤੋਂ ਕੂੜਾ ਹਟਵਾਇਆ ਜਾਵੇ ਅਤੇ ਮਾਰਕੀਟ ਦੇ ਬਾਹਰ ਗੇਟ ਦੀ ਮੁਰੰਮਤ ਕਰਵਾਈ ਜਾਵੇ। ਇਸ ਸੰਬੰਧ ਵਿਚ ਜਦ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਜਨੀਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਨ੍ਹਾਂ ਵੱਲੋਂ ਜਲਦ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।