ਕੁਨਾਲ ਧੂੜੀਆ,
ਸ੍ਰੀ ਮੁਕਤਸਰ ਸਾਹਿਬ- ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਉਪਲਬਧਤਾ ਸਬੰਧੀ ਇੱਕ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ 'ਚ ਕੀਤੀ ਗਈ। ਇਸ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਡੀ.ਐਮ. ਮਾਰਕਫੈਡ, ਐਫ਼.ਐਸ.ਓ. ਮਾਰਕਫੈਡ, ਏਰੀਆ ਮੈਨੇਜ਼ਰ ਇਫ਼ਕੋ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਇੰਨ:), ਸ੍ਰੀ ਮੁਕਤਸਰ ਸਾਹਿਬ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਅੰਦਰ ਲੋੜੀਂਦੀ ਯੂਰੀਆ ਖਾਦ ਦਾ ਕਾਫ਼ੀ ਹਿੱਸਾ ਪ੍ਰਾਪਤ ਹੋ ਚੁੱਕਿਆ ਹੈ ਅਤੇ ਜ਼ਿਲ੍ਹੇ ਅੰਦਰ ਯੂਰੀਆ ਖਾਦ ਸਬੰਧੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ।
ਕਿਸਾਨ ਆਪਣੇ ਪਿੰਡ ਨਾਲ ਸਬੰਧਿਤ ਸਹਿਕਾਰੀ ਸਭਾ ਜਾਂ ਪ੍ਰਾਈਵੇਟ ਖਾਦ ਡੀਲਰਾਂ ਤੋਂ ਯੂਰੀਆ ਖਾਦ ਪ੍ਰਾਪਤ ਕਰ ਸਕਦੇ ਹਨ। ਇਸ ਸਮੇਂ ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਪਾਈ ਜਾ ਰਹੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੇ ਸੀਜ਼ਨ ਦੌਰਾਨ ਜੋ ਯੂਰੀਆ 2 ਤੋਂ 3 ਕਿਸ਼ਤਾਂ ਵਿੱਚ ਦਿੱਤੀ ਜਾਣੀ ਹੈ ਉਸ ਨੂੰ ਇੱਕੋ ਸਮੇਂ ਖ੍ਰੀਦ ਕੇ ਸਟੋਰ ਨਾ ਕੀਤਾ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਕਣਕ ਦੀ ਫ਼ਸਲ ਨੂੰ 110 ਕਿਲੋਗ੍ਰਾਮ ਯੂਰੀਆ ਪਾਉਣ ਦੀ ਸਿਫਾਰਸ਼ ਹੈ। ਸਿਫਾਰਸ਼ ਅਨੁਸਾਰ ਖਾਦ ਪਾਉਣ ਤੋਂ ਬਾਅਦ ਵੀ ਜੇਕਰ ਨਾਈਟਰੋਜ਼ਨ ਤੱਤ ਦੀ ਘਾਟ ਜਾਪਦੀ ਹੈ ਤਾਂ ਉਸ ਦੀ ਪੂਰਤੀ ਨੈਨੋ ਯੂਰੀਆ ਰਾਹੀਂ ਕੀਤੀ ਜਾਵੇ।
ਸਿਫਾਰਸ਼ ਤੋਂ ਵੱਧ ਯੂਰੀਆ ਖਾਦ ਪਾਉਣ ਨਾਲ ਫ਼ਸਲ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਵੱਧ ਲੱਗਦੀਆਂ ਹਨ, ਵੱਧ ਖਾਦਾਂ ਪਾਉਣ ਨਾਲ ਫ਼ਸਲ ਦਾ ਕੱਦ ਜਿ਼ਆਦਾ ਵਧ ਜਾਂਦਾ ਹੈ ਅਤੇ ਫ਼ਸਲ ਡਿੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਕਾਰਨ ਇਸ ਦਾ ਮਨੁੱਖੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਉਹਨਾਂ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਵੱਲੋਂ ਖੇਤੀ ਇਨਪੁਟਸ ਖਰੀਦਣ ਸਮੇਂ ਉਨ੍ਹਾਂ ਨੂੰ ਪੱਕਾ ਬਿੱਲ ਦਿੱਤਾ ਜਾਵੇ, ਬਿੱਲ ਉਪਰ ਕਿਸਾਨ ਦਾ ਨਾਂ, ਪਿਤਾ ਦਾ ਨਾਂ, ਪਿੰਡ ਦਾ ਨਾਂ ਅਤੇ ਮੋਬਾਇਲ ਨੰਬਰ ਦਰਜ਼ ਕੀਤਾ ਜਾਵੇ। ਸਟਾਕ ਰਜਿਸਟਰ ਅਤੇ ਸਟਾਕ ਬੋਰਡ ਐਕਟ ਅਨੁਸਾਰ ਭਰਿਆ ਜਾਵੇ ਅਤੇ ਖਾਦ ਮੰਨਜ਼ੂਰਸੁ਼ਦਾ ਗੋਦਾਮ ਵਿੱਚ ਹੀ ਰੱਖੀ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Fertilizer, Muktsar, Punjab