ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਖ਼ੂਨਦਾਨ (Blood Donation)ਦੇ ਲਈ ਵੱਖ ਵੱਖ ਸ਼ਹਿਰਾਂ ਦੇ ਵਿਚ ਵੱਖ ਵੱਖ ਸੁਸਾਇਟੀਆਂ ਬਣੀਆਂ ਹੋਈਆਂ ਹਨ, ਪਰ ਆਮ ਤੌਰ 'ਤੇ ਸੇਵਾ ਸੁਸਾਇਟੀਆਂ ਦਾ ਕਾਰਜ ਸ਼ਹਿਰ ਤੱਕ ਸੀਮਤ ਰਹਿੰਦਾ ਹੈ। ਪਰ ਹੁਣ ਸ੍ਰੀ ਮੁਕਤਸਰ ਸਾਹਿਬ ਦੀ ਪੀ ਬੀ 30 ਬਲੱਡ ਸੇਵਾ ਸੁਸਾਇਟੀ ਵੱਲੋਂ ਗੁਆਂਢੀ ਰਾਜਾਂ ਦੇ ਵਿੱਚ ਵੀ ਇਹ ਸੇਵਾ ਕੀਤੀ ਜਾ ਰਹੀ ਹੈ। ਦਰਅਸਲ ਬੀ ਨੈਗੇਟਿਵ ਬਲੱਡ ਗਰੁੱਪ (B- Blood Group) ਜੋ ਅਕਸਰ ਬਹੁਤ ਘੱਟ ਮਿਲਦਾ ਹੈ ਦੀ ਅਚਾਨਕ ਰਾਜਸਥਾਨ ਦੇ ਹਨੂਮਾਨਗੜ੍ਹ ਵਿੱਚ ਜ਼ਰੂਰਤ ਪੈ ਗਈ।
ਕਾਫ਼ੀ ਭੱਜ ਦੌੜ ਤੋਂ ਬਾਅਦ ਵੀ ਜਦੋਂ ਉੱਥੇ ਬੀ ਨੈਗੇਟਿਵ ਗਰੁੱਪ ਦਾ ਖੂਨਦਾਨੀ ਨਾ ਮਿਲਿਆ ਤਾਂ ਇਸ ਦੇ ਲਈ ਪੀੜਤ ਮਰੀਜ਼ ਦੇ ਰਿਸ਼ਤੇਦਾਰਾਂ ਨੇ ਪੀ ਬੀ 30 ਬਲੱਡ ਸੇਵਾ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕੀਤਾ। ਜਿਨ੍ਹਾਂ ਨੇ ਇਸ ਬਹੁਤ ਘੱਟ ਮਿਲਣ ਵਾਲੇ ਬੀ ਨੈਗੇਟਿਵ ਬਲੱਡ ਗਰੁੱਪ ਦੇ ਖੂਨਦਾਨੀ ਨੂੰ ਲੱਭਿਆ ਅਤੇ ਪਿੰਡ ਜਵਾਹਰੇਵਾਲਾ ਨਾਲ ਸੰਬੰਧਿਤ ਇੱਕ ਖੂਨਦਾਨੀ ਨੂੰ ਹਨੂਮਾਨਗੜ੍ਹ ਵਿਖੇ ਭੇਜਿਆ।
ਜਿੱਥੇ ਇਸ ਨੌਜਵਾਨ ਨੇ ਆਪਣਾ ਖ਼ੂਨਦਾਨ ਕੀਤਾ। ਇਸ ਨੌਜਵਾਨ ਦੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ 'ਤੇ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ। ਮਾਣਯੋਗ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਦੇ ਜੱਜ ਮਹੇਸ਼ ਗਰੋਵਰ ਵੱਲੋਂ ਇਨ੍ਹਾਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।
ਇਸ ਮੌਕੇ 'ਤੇ ਉਸ ਨੌਜਵਾਨ ਨੇ ਕਿਹਾ ਕਿ ਬਲੱਡ ਸੇਵਾ ਸੁਸਾਇਟੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਉਹ ਆਪਣੇ ਪੱਧਰ 'ਤੇ ਹਨੂਮਾਨਗੜ੍ਹ ਪਹੁੰਚੇ ਜਿੱਥੇ ਉਨ੍ਹਾਂ ਨੇ ਬੀ ਨੈਗੇਟਿਵ ਖ਼ੂਨਦਾਨ ਕੀਤਾ ਜੋ ਇੱਕ ਔਰਤ ਲਈ ਬਹੁਤ ਜ਼ਰੂਰੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Blood Bank, Blood donation, Inspiration, Muktsar, Positive news, Punjab