ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਵਾਸੀ ਦਿਆਲ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਮਹਿੰਦਰ ਸਿੰਘ ਦੀ ਲਾਸ਼ ਖੇਤ ਵਿਚ ਦਰੱਖਤ ਨਾਲ ਲਟਕਦੀ 13 ਸਤੰਬਰ 2019 ਨੂੰ ਮਿਲੀ ਸੀ। ਉਸ ਸਮੇਂ ਪਰਿਵਾਰ ਬਹੁਤ ਸਦਮੇ ਵਿਚ ਸੀ ਅਤੇ ਪੁਲਿਸ ਨੇ ਉਸ ਸਮੇਂ 174 ਦੀ ਕਾਰਵਾਈ ਇਸ ਮਾਮਲੇ ਵਿਚ ਕੀਤੀ। ਉਸ ਸਮੇਂ ਤੋਂ ਪਰਿਵਾਰ ਨੂੰ ਇਹ ਕਤਲ ਜਾਪ ਰਿਹਾ ਸੀ। ਜਿਸਦੇ ਚੱਲਦੇ ਇਸ ਉਪਰੰਤ ਦਿਆਲ ਸਿੰਘ ਨੇ ਇਸ ਮਾਮਲੇ ਦੀ ਜਾਂਚ ਲਈ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਪੱਤਰ ਦਿੱਤੇ।
ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੀ ਜਾਂਚ ਰਿਪੋਰਟ ਵਿਚ ਵੀ ਇਹ ਲਿਖਿਆ ਗਿਆ ਕਿ ਇਹ ਮੁੱਢਲੇ ਕਾਰਨਾਂ ਵਿਚ ਕਤਲ ਜਾਪਦਾ ਹੈ। ਦਿਆਲ ਸਿੰਘ ਨੇ ਇਹ ਰਿਪੋਰਟਾਂ ਆਰ ਟੀ ਆਈ ਰਾਹੀ ਪ੍ਰਾਪਤ ਕੀਤੀਆਂ ਅਤੇ ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਵਿਚ ਅਪੀਲ ਕਰ ਦਿੱਤੀ। ਮਾਣਯੋਗ ਅਦਾਲਤ ਦੇ ਹੁਕਮਾਂ ਤੇ ਆਖਿਰ ਕਰੀਬ ਸਾਢੇ ਤਿੰਨ ਸਾਲ ਬਾਅਦ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇਸ ਕਤਲ ਦਾ ਮਾਮਲਾ ਦਰਜ਼ ਕਰ ਲਿਆ।
ਪੁਲਿਸ ਨੇ ਇਸ ਸਬੰਧੀ ਸ਼ੰਮੀ, ਹਰਬੰਸ ਸਿੰਘ, ਜ਼ਸਪਾਲ ਸਿੰਘ, ਕੁਲਵਿੰਦਰ ਕੌਰ, ਕਮਲੇਸ਼ ਰਾਣੀ, ਗੁਰਲਾਲ ਸਿੰਘ ਤੇ ਆਈ ਪੀ ਸੀ ਦੀ ਧਾਰਾ 302, 120 ਬੀ ਤਹਿਤ ਮਾਮਲਾ 3 ਫਰਵਰੀ 2023 ਨੂੰ ਦਰਜ਼ ਕੀਤਾ ਹੈ। ਕਥਿਤ ਦੋਸ਼ੀ ਅਜੇ ਪੁਲਿਸ ਗ੍ਰਿਫਤ ਤੋਂ ਬਾਹਰ ਹਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸਨੂੰ ਇਨਸਾਫ਼ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਪਰ ਹੁਣ ਐਫ ਆਈ ਆਰ ਦਰਜ਼ ਹੋਣ ਤੋਂ ਬਾਅਦ ਉਸਨੂੰ ਉਮੀਦ ਹੈ ਕਿ ਕਥਿਤ ਦੋਸ਼ੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ ਅਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Crime news, Muktsar