ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸ ਦੇ ਤਹਿਤ ਕਮਿਸ਼ਨਰ ਫੂਡ ਸੇਫ਼ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਖਾਣ ਪੀਣ ਵਾਲੀਆਂ ਵਸਤਾਂ ਦੇ ਵੱਖ ਵੱਖ ਟੈਸਟਾਂ ਦੀ ਸਹੂਲਤ ਨਾਲ ਲੈਸ ਫੂਡ ਟੈਸਟਿੰਗ ਆਨ ਵੀਲ ਵੈਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀ। ਜਿਸ ਨੂੰ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਹਰੀ ਝੰਡੀ ਦੇ ਕੇ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਇਹ ਵੈਨ ਜ਼ਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਵਿੱਚ 20 ਦਿਨਾ ਤੱਕ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਟੈਸਟ ਕਰੇਗੀ। ਜਿਸ ਵਿੱਚ ਕੋਈ ਵੀ ਵਿਅਕਤੀ ਪੰਜਾਹ ਰੁਪਏ ਦੇ ਕੇ ਮਸਾਲਿਆਂ, ਦੁੱਧ, ਦੁੱਧ ਤੋਂ ਬਣੀਆਂ ਵਸਤੂਆਂ, ਪਾਣੀ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਦਾਲਾਂ ਆਦਿ ਦੀ ਜਾਂਚ ਮੌਕੇ 'ਤੇ ਹੀ ਕਰਵਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਵੈਨ ਦਾ ਮੁੱਖ ਮੰਤਵ ਲੋਕਾਂ ਨੂੰ ਖਾਣ ਪੀਣ ਵਾਲੀਆਂ ਸ਼ੁੱਧ ਅਤੇ ਮਿਆਰੀ ਪੱਧਰ ਦੀਆਂ ਵਸਤਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਮਿਲਾਵਟਖੋਰੀ ਨੂੰ ਸਮਾਜ ਵਿੱਚੋਂ ਖਤਮ ਕਰਨਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਵੱਖ ਵੱਖ ਦੁਕਾਨਾਂ, ਢਾਬੇ, ਹੋਟਲਾਂ, ਰੈਸਟੋਰੈਂਟਾਂ, ਦੋਧੀਆਂ ਦੇ ਦੁੱਧ ਦੇ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲੈਕੇ ਜਾਂਚ ਲਈ ਭੇਜੇ ਜਾਂਦੇ ਹਨ ਅਤੇ ਜਿਨ੍ਹਾਂ ਦੇ ਸੈਂਪਲ ਫੇਲ੍ਹ ਜਾ ਮਿਸ ਬਰਾਂਡਿਡ ਹੁੰਦੇ ਹਨ।
ਉਨ੍ਹਾਂ ਵਿਰੁੱਧ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਘਰਾਂ ਵਿੱਚ ਵਰਤੀਆਂ ਜਾ ਰਹੀਆਂ ਖਾਣ ਪੀਣ ਦੀਆਂ ਵਸਤਾਂ ਦੀ ਜਾਂਚ ਨੂੰ ਜਰੂਰੀ ਸਮਝਦਿਆਂ ਇਸ ਵੈਨ ਰਾਹੀਂ ਰਿਹਾਇਸ਼ੀ ਇਲਾਕਿਆਂ ਵਿੱਚ ਆਪਣਾ ਟੂਰ ਕਰਕੇ ਲੋਕਾਂ ਦੇ ਘਰਾਂ ਵਿੱਚੋਂ ਸੈਂਪਲ ਲੇ ਕੇ ਉਸਦੀ ਮੌਕੇ 'ਤੇ ਹੀ ਮਿਆਰ ਦੀ ਜਾਂਚ ਕਰਨੀ ਅਤੇ ਸਬੰਧਿਤ ਨੂੰ ਇਸ ਬਾਰੇ ਜਾਣਕਾਰੀ ਅਤੇ ਜਾਗਰੂਕ ਕਰਨਾ ਹੈ ਤਾਂ ਜੋ ਖਪਤਕਾਰ ਨੂੰ ਇਹ ਜਾਣਕਾਰੀ ਹੋ ਸਕੇ ਕਿ ਉਹ ਜਿਸ ਦੁਕਾਨ ਤੋਂ ਸਮਾਨ ਖਰੀਦ ਰਿਹਾ ਹੈ ਕੀ ਉਸ ਨੂੰ ਮਿਆਰੀ ਪੱਧਰ ਦਾ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Muktsar, Muktsar news