ਕੁਨਾਲ ਧੂੜੀਆ
ਸ੍ਰੀ ਮੁਕਤਸਰ ਸਾਹਿਬ- ਫਿਰੋਜ਼ਪੁਰ ਮਾਰਗ 'ਤੇ ਸਥਿਤ ਪਿੰਡ ਬੂੜਾਗੁੱਜਰ ਦੇ ਵਾਸੀਆਂ ਨੇ ਅੱਜ ਮੁੱਖ ਮਾਰਗ 'ਤੇ ਸਰਕਾਰੀ ਸਕੂਲ ਨੇੜੇ ਸਥਿਤ ਠੇਕਾ ਸ਼ਰਾਬ ਦੇਸੀ ਦੀ ਬਰਾਂਚ ਦੇ ਬਾਹਰ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿਚ ਧਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਠੇਕਾ ਸਰਕਾਰੀ ਸਕੂਲ ਅਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੈ। ਜਿਸ ਨਾਲ ਪਿੰਡ ਵਿਚ ਕਾਫ਼ੀ ਪ੍ਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ। ਅੱਡੇ 'ਤੇ ਇਹ ਠੇਕਾ ਹੋਣ ਕਾਰਨ ਮੁੱਖ ਮਾਰਗ 'ਤੇ ਲੰਘਦੇ ਟਰਾਲੇ, ਟਰੱਕਾਂ ਦੇ ਡਰਾਇਵਰ ਅਕਸਰ ਇਸ ਠੇਕੇ ਨੇੜੇ ਵੱਡੇ ਵਾਹਨ ਖੜ੍ਹੇ ਕਰਕੇ ਸ਼ਰਾਬ ਪੀਣ ਲੱਗਦੇ ਹਨ ਜ਼ੋ ਕਈ ਵਾਰ ਹਾਦਸਿਆਂ ਦਾ ਕਾਰਨ ਬਣੇ ਹਨ। ਇਸ ਠੇਕੇ ਨੂੰ ਇਸ ਜਗ੍ਹਾ ਤੋ ਚਕਵਾਉਣ ਲਈ ਪਿੰਡ ਦੀ ਪੰਚਾਇਤ ਵੱਲੋ ਮਤੇ ਪਾ ਕੇ ਦਿੱਤੇ ਗਏ ਹਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ।ਜਿਸ ਤੇ ਉਹਨਾਂ ਨੇ 31 ਮਾਰਚ ਤੋਂ ਬਾਅਦ ਇਹ ਠੇਕਾ ਚੁੱਕੇ ਜਾਣ ਦਾ ਭਰੋਸਾ ਦਿਵਾਇਆ ਸੀ। ਪਰ ਅੱਜ ਜਿਵੇ ਹੀ 1 ਅਪ੍ਰੈਲ ਨੂੰ ਮੁੜ ਠੇਕਾ ਖੁੱਲਿਆ ਤਾਂ ਪਿੰਡ ਵਾਸੀਆਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਜਦ ਤੱਕ ਇਹ ਠੇਕਾ ਇੱਥੋਂ ਚੁੱਕਿਆ ਨਹੀਂ ਜਾਂਦਾ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਉੱਧਰ ਮੌਕੇ 'ਤੇ ਪਹੁੰਚੇ ਥਾਣਾ ਸਦਰ ਐਸ ਐਚ ਓ ਰਣਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਪ੍ਰਸਸਾਨਿਕ ਅਤੇ ਐਕਸਾਇਜ ਵਿਭਾਗ ਦੇ ਅਧਿਕਾਰੀਆਂ ਨੇ ਸਬੰਧਿਤ ਠੇਕੇਦਾਰ ਨਾਲ ਗੱਲਬਾਤ ਕੀਤੀ ਹੈ ਅਤੇ ਜਲਦ ਇਹ ਠੇਕਾ ਇੱਥੋਂ ਚੁੱਕ ਲਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Muktsar