ਹਰਿਆਣਾ ਦੇ ਪ੍ਰਾਈਵੇਟ ਸਕੂਲਾਂ ਦੇ 12.5 ਲੱਖ ਵਿਦਿਆਰਥੀ ਹੋਏ 'ਗੁੰਮ', ਡਾਇਰੈਕਟੋਰੇਟ ਸਕੂਲ ਸਿੱਖਿਆ ਵੱਲੋਂ ਫਿਕਰਮੰਦੀ

News18 Punjabi | Trending Desk
Updated: July 3, 2021, 11:28 AM IST
share image
ਹਰਿਆਣਾ ਦੇ ਪ੍ਰਾਈਵੇਟ ਸਕੂਲਾਂ ਦੇ 12.5 ਲੱਖ ਵਿਦਿਆਰਥੀ ਹੋਏ 'ਗੁੰਮ', ਡਾਇਰੈਕਟੋਰੇਟ ਸਕੂਲ ਸਿੱਖਿਆ ਵੱਲੋਂ ਫਿਕਰਮੰਦੀ
ਹਰਿਆਣਾ ਦੇ ਪ੍ਰਾਈਵੇਟ ਸਕੂਲਾਂ ਦੇ 12.5 ਲੱਖ ਵਿਦਿਆਰਥੀ ਹੋਏ 'ਗੁੰਮ', ਡਾਇਰੈਕਟੋਰੇਟ ਸਕੂਲ ਸਿੱਖਿਆ ਵੱਲੋਂ ਫਿਕਰਮੰਦੀ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਮੌਜੂਦਾ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਦੇ ਲਗਭਗ ਤਿੰਨ ਮਹੀਨਿਆਂ ਬਾਅਦ ਵੀ ਹਰਿਆਣਾ ਦੇ ਪ੍ਰਾਈਵੇਟ ਸਕੂਲਾਂ ਦੇ 12.5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਨਹੀਂ ਲਿਆ, ਜਿਸ ਤੋਂ ਬਾਅਦ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਬੱਚੇ ਸ਼ਾਇਦ ਸਕੂਲ ਛੱਡ ਗਏ ਹਨ।

ਨਿੱਜੀ ਸਕੂਲਾਂ ਵੱਲੋਂ ਹਰਿਆਣਾ ਦੇ ਸਿੱਖਿਆ ਵਿਭਾਗ ਨੂੰ ਸੌਂਪੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 28 ਜੂਨ ਤੱਕ 2021-22 ਵਿੱਦਿਅਕ ਸੈਸ਼ਨ ਲਈ 17.31 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜਦੋਂਕਿ ਪਿਛਲੇ ਸਾਲ ਇਹ 29.83 ਲੱਖ ਸੀ। ਰਾਜ ਵਿੱਚ 14,500 ਸਰਕਾਰੀ ਅਤੇ 8,900 ਨਿੱਜੀ ਸਕੂਲ ਹਨ।

ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ ਦੇ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਸ ਹਫ਼ਤੇ, “ਨਿੱਜੀ ਸਕੂਲਾਂ ਵਿਚ ਪੜ੍ਹ ਰਹੇ 12.51 ਲੱਖ ਵਿਦਿਆਰਥੀਆਂ ਦੇ (ਵੇਰਵਿਆਂ) ਨੂੰ ਐਮਆਈਐਸ (ਮੈਨੇਜਮੈਂਟ ਇਨਫਰਮੇਸ਼ਨ ਸਿਸਟਮ) 'ਤੇ ਅੱਪਡੇਟ ਨਹੀਂ ਕੀਤਾ ਗਿਆ ਹੈ। ਤੁਹਾਨੂੰ ਇਨ੍ਹਾਂ 12.51 ਲੱਖ ਵਿਦਿਆਰਥੀਆਂ ਦੇ ਅੰਕੜਿਆਂ ਨੂੰ ਅੱਪਡੇਟ ਕਰਨ ਲਈ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ / ਪ੍ਰਬੰਧਕਾਂ ਨਾਲ ਮੀਟਿੰਗਾਂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਸਕੂਲ ਛੱਡਣ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਕੁੱਝ ਬੱਚਿਆਂ ਨੂੰ ਫ਼ੀਸਾਂ ਦੇ ਮੁੱਦੇ 'ਤੇ ਸਕੂਲ ਖ਼ੁਦ ਦਾਖਲ ਨਹੀਂ ਕਰ ਰਿਹਾ, ਅਤੇ ਕੁੱਝ ਨੂੰ ਸਰਕਾਰੀ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ, ਅਜਿਹੇ ਵੀ ਹਨ ਜੋ ਤਾਲਾਬੰਦੀ ਦੌਰਾਨ ਆਨਲਾਈਨ ਮੋਡ ਤੱਕ ਪਹੁੰਚ ਹੀ ਨਹੀਂ ਪਾਏ। ਅਧਿਕਾਰੀ ਨੇ ਦੱਸਿਆ “ਵਿਦਿਆਰਥੀ, ਖ਼ਾਸਕਰ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣਾ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਇਲਾਵਾ ਮਹਾਂਮਾਰੀ ਦੌਰਾਨ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ।”

ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਸਾਲ ਅਤੇ ਆਖ਼ਰੀ ਵਿੱਦਿਅਕ ਸੈਸ਼ਨ ਵਿੱਚ ਦਾਖਲ ਹੋਏ ਬੱਚਿਆਂ ਦੀ ਗਿਣਤੀ ਵਿੱਚ ਹੋਏ ‘ਵੱਡੇ ਫ਼ਰਕ’ ਤੋਂ ਹੈਰਾਨ ਹਨ। ਅਸੀਂ ਮਾਮਲੇ ਦੀ ਜਾਂਚ ਕਰਵਾਵਾਂਗੇ। ”

ਪਿੰਡ ਫ਼ਤਿਹਾਬਾਦ ਦੇ ਇੱਕ ਪ੍ਰਾਈਵੇਟ ਸਕੂਲ ਦੀ ਮੈਨੇਜਮੈਂਟ ਦੇ ਮੈਂਬਰ, ਰਾਮ ਮੇਹਰ ਨੇ ਕਿਹਾ, “ਆਮ ਧਾਰਨਾ ਹੈ ਕਿ ਸਕੂਲ ਇਸ ਸਾਲ ਵੀ ਨਹੀਂ ਖੁੱਲ੍ਹਣਗੇ। ਇਨ੍ਹਾਂ ਸਥਿਤੀਆਂ ਵਿੱਚ ਕੁੱਝ ਨਿੱਜੀ ਸਕੂਲ ਵਿਦਿਆਰਥੀ, ਮੁੱਖ ਤੌਰ ਤੇ ਜੂਨੀਅਰ ਕਲਾਸਾਂ ਤੋਂ, ਚੱਲ ਰਹੇ ਸੈਸ਼ਨ ਲਈ ਕਿਸੇ ਵੀ ਸਕੂਲ ਵਿੱਚ ਸ਼ਾਮਲ ਨਹੀਂ ਹੋਏ ਹਨ।" ਫ਼ਤਿਹਾਬਾਦ ਜ਼ਿਲ੍ਹੇ ਦੇ ਚੌਬਾਰਾ ਪਿੰਡ ਦੇ ਮਜ਼ਦੂਰ ਰਾਜੇਸ਼ ਚੌਬਾਰਾ ਨੇ ਕਿਹਾ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਨ ਜੋ ਆਮਦਨ ਦੇ ਘਾਟੇ ਕਾਰਨ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕੇ।“ ਵੱਡੀ ਗਿਣਤੀ ਕਾਮੇ, ਖ਼ਾਸਕਰ ਉਸਾਰੀ ਨਾਲ ਜੁੜੇ ਕੰਮਾਂ ਵਿੱਚ ਲੱਗੇ, ਆਪਣੀ ਨੌਕਰੀ ਗੁਆ ਚੁੱਕੇ ਹਨ। ਉਨ੍ਹਾਂ ਦੇ ਬੱਚੇ ਘਰ ਬੈਠੇ ਹਨ। ” ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਨੇ ਦੱਸਿਆ ਕਿ ਘਟੇ ਹੋਏ ਕੁੱਝ ਬੱਚੇ ਪ੍ਰਵਾਸੀ ਪਰਿਵਾਰਾਂ ਨਾਲ ਸਬੰਧਿਤ ਹਨ ਜੋ ਕੰਮ ਦੀ ਘਾਟ ਕਾਰਨ ਆਪਣੇ ਜੱਦੀ ਸਥਾਨਾਂ ਤੇ ਚਲੇ ਗਏ ਹਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿਚ ਕੈਥਲ ਜ਼ਿਲ੍ਹੇ ਦੇ ਭੱਟਾ ਪਿੰਡ ਵਿਚ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਲਾਊਡ ਸਪੀਕਰਾਂ ਰਾਹੀਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭੇਜਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ।

ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਵੈੱਲਫੇਅਰ ਐਸੋਸੀਏਸ਼ਨ ਦੇ ਹਰਿਆਣਾ ਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ ਨੇ ਕਿਹਾ, “ਮੌਜੂਦਾ ਨਿਯਮਾਂ ਵਿੱਚ ਇਹ ਸਪੱਸ਼ਟ ਵਿਵਸਥਾ ਹੈ ਕਿ ਕੋਈ ਵੀ ਵਿਦਿਆਰਥੀ ਪਿਛਲੀ ਸੰਸਥਾ ਤੋਂ ਸਕੂਲ ਛੱਡਣ ਦਾ ਪ੍ਰਮਾਣ ਪੱਤਰ (ਐਸਐਲਸੀ) ਪ੍ਰਾਪਤ ਕੀਤੇ ਬਿਨਾਂ ਨਵੇਂ ਸਕੂਲ ਵਿੱਚ ਦਾਖਲਾ ਨਹੀਂ ਲੈ ਸਕਦਾ। ਪਰ ਸਰਕਾਰ ਨਿਡਰ ਹੋ ਕੇ ਇਸ ਵਿਵਸਥਾ ਦੀ ਉਲੰਘਣਾ ਕਰ ਰਹੀ ਹੈ। ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਦਾਖਲ ਕਰ ਰਹੇ ਹਨ, ਚਾਹੇ ਉਨ੍ਹਾਂ ਨੇ ਐਸਐਲਸੀ ਪ੍ਰਾਪਤ ਕੀਤੀ ਹੈ ਜਾਂ ਨਹੀਂ।”

ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਸਿੱਖਿਆ ਅਧਿਕਾਰ ਐਕਟ ਦੀਆਂ ਧਾਰਾਵਾਂ ਅਨੁਸਾਰ ਕੰਮ ਕਰ ਰਹੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ 8ਵੀਂ ਕਲਾਸ ਤੱਕ ਕਿਸੇ ਵੀ ਵਿਦਿਆਰਥੀ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਲੈਣ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ। ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਸਕੂਲ ਸਿੱਖਿਆ) ਮਹਾਵੀਰ ਸਿੰਘ ਨੇ ਕਿਹਾ “ਅਸੀਂ ਐਸਐਲਸੀ ਦੀ ਸ਼ਰਤ ਨੂੰ ਖ਼ਤਮ ਨਹੀਂ ਕੀਤਾ ਹੈ ਅਤੇ ਸਿਰਫ਼ ਅਸਥਾਈ ਆਧਾਰ 'ਤੇ ਵਿਦਿਆਰਥੀਆਂ ਨੂੰ ਦਾਖਲ ਕੀਤਾ ਹੈ ਤਾਂ ਜੋ ਉਨ੍ਹਾਂ ਦੀ ਸਿੱਖਿਆ ਵਿਚ ਕੋਈ ਰੁਕਾਵਟ ਨਾ ਪਵੇ।”
Published by: Gurwinder Singh
First published: July 3, 2021, 11:28 AM IST
ਹੋਰ ਪੜ੍ਹੋ
ਅਗਲੀ ਖ਼ਬਰ