ਦੇਸ਼ ਵਿੱਚ ਆਏ ਦਿਨ ਘੋਟਾਲਿਆਂ ਦਾ ਪਤਾ ਲੱਗ ਰਿਹਾ ਹੈ। ਦੇਸ਼ ਦੀ ਵਿੱਤੀ ਸਥਿਤੀ ਇਸ ਵੇਲੇ ਨਾਜ਼ੁਕ ਚੱਲ ਰਹੀ ਹੈ, ਇਸ ਦੌਰਾਨ ਜੇ ਹਜ਼ਾਰਾਂ ਕਰੋੜਾਂ ਰੁਪਏ ਦੇ ਬੈਂਕ ਘਪਲੇ ਦਾ ਪਤਾ ਲੱਗੇ ਤਾਂ ਆਮ ਆਦਮੀ ਨੂੰ ਤਾਂ ਧੱਕਾ ਹੀ ਲੱਗੇਗਾ। ਦੇਸ਼ ਵਿੱਚ ਇੱਕ ਵਾਰ ਫਿਰ ਇੱਕ ਵੱਡਾ ਬੈਂਕ ਘੋਟਾਲਾ ਸਾਹਮਣੇ ਆਇਆ ਹੈ। ਇਸ ਘਪਲੇ 'ਚ 17 ਬੈਂਕਾਂ ਨਾਲ 34,615 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਸ ਬੈਂਕ ਧੋਖਾਧੜੀ ਦੇ ਦੋਸ਼ ਵਿੱਚ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ (DHFL) ਦੇ ਸਾਬਕਾ ਚੇਅਰਮੈਨ ਕਪਿਲ ਵਧਾਵਨ, ਡਾਇਰੈਕਟਰ ਧੀਰਜ ਵਧਾਵਨ ਅਤੇ ਰਿਐਲਟੀ ਸੈਕਟਰ ਦੀਆਂ ਛੇ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ 'ਤੇ ਯੂਨੀਅਨ ਬੈਂਕ ਆਫ ਇੰਡੀਆ (Union Bank of India) ਦੀ ਅਗਵਾਈ ਵਾਲੇ 17 ਬੈਂਕਾਂ ਦੇ ਕੰਸੋਰਟੀਅਮ ਨਾਲ 34,615 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।
ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਸੀਬੀਆਈ ਨੇ 11 ਫਰਵਰੀ 2022 ਨੂੰ ਯੂਨੀਅਨ ਬੈਂਕ ਆਫ਼ ਇੰਡੀਆ (Union Bank of India)ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ। ਵਧਾਵਨ ਭਰਾ ਇਸ ਸਮੇਂ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਦੇ ਘੇਰੇ ਵਿੱਚ ਹਨ। ਕੇਸ ਦਰਜ ਹੋਣ ਤੋਂ ਬਾਅਦ ਸੀਬੀਆਈ ਦੇ 50 ਤੋਂ ਵੱਧ ਅਧਿਕਾਰੀਆਂ ਦੀ ਟੀਮ ਮੁੰਬਈ ਵਿੱਚ ਮੁਲਜ਼ਮਾਂ ਦੇ 12 ਟਿਕਾਣਿਆਂ ਦੀ ਤਲਾਸ਼ੀ ਲੈ ਰਹੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ: ਬੈਂਕ ਨੇ ਦੋਸ਼ ਲਾਇਆ ਹੈ ਕਿ ਕੰਪਨੀ ਨੇ 2010 ਤੋਂ 2018 ਦਰਮਿਆਨ ਬੈਂਕਾਂ ਦੇ ਇੱਕ ਸੰਘ ਤੋਂ ਵੱਖ-ਵੱਖ ਪ੍ਰਬੰਧਾਂ ਤਹਿਤ 42,871 ਕਰੋੜ ਰੁਪਏ ਕਰਜ਼ੇ ਵਜੋਂ ਲਏ ਸਨ। ਪਰ ਮਈ, 2019 ਤੋਂ ਕਰਜ਼ੇ ਦੀ ਮੁੜ ਅਦਾਇਗੀ ਵਿੱਚ ਡਿਫਾਲਟ ਹੋਣਾ ਸ਼ੁਰੂ ਕਰ ਦਿੱਤਾ। ਉਧਾਰ ਦੇਣ ਵਾਲੇ ਬੈਂਕਾਂ ਨੇ ਵੱਖ-ਵੱਖ ਸਮੇਂ 'ਤੇ ਕੰਪਨੀ ਦੇ ਖਾਤਿਆਂ ਨੂੰ NPA ਘੋਸ਼ਿਤ ਕੀਤਾ।
ਜਨਵਰੀ 2019 ਵਿੱਚ ਜਾਂਚ ਸ਼ੁਰੂ ਹੋਣ ਤੋਂ ਬਾਅਦ, ਕ੍ਰੈਡਿਟਰਾਂ ਦੀ ਕਮੇਟੀ ਨੇ ਫਰਵਰੀ 2019 ਵਿੱਚ KPMG ਨੂੰ 1 ਅਪ੍ਰੈਲ, 2015 ਤੋਂ 31 ਦਸੰਬਰ, 2018 ਤੱਕ DHFL ਦਾ ਵਿਸ਼ੇਸ਼ ਸਮੀਖਿਆ ਆਡਿਟ ਕਰਨ ਲਈ ਨਿਯੁਕਤ ਕੀਤਾ।
ਆਡਿਟ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ DHFL ਪ੍ਰਮੋਟਰਾਂ ਨਾਲ ਸਮਾਨਤਾ ਵਾਲੀਆਂ 66 ਸੰਸਥਾਵਾਂ ਨੂੰ 29,100.33 ਕਰੋੜ ਰੁਪਏ ਦਿੱਤੇ ਗਏ ਹਨ। ਇਸ ਵਿੱਚੋਂ 29,849 ਕਰੋੜ ਰੁਪਏ ਬਕਾਇਆ ਹਨ। ਬੈਂਕ ਦਾ ਦੋਸ਼ ਹੈ ਕਿ ਬੈਂਕ ਤੋਂ ਲਏ ਪੈਸੇ ਨੂੰ ਸੰਸਥਾਵਾਂ ਅਤੇ ਵਿਅਕਤੀਆਂ ਨੇ ਜ਼ਮੀਨਾਂ ਅਤੇ ਜਾਇਦਾਦਾਂ ਵਿੱਚ ਨਿਵੇਸ਼ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Bank fraud, Business, Businessman