ਅੰਬਿਕਾਪੁਰ: ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਸੋਮਵਾਰ ਨੂੰ ਚਾਰ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਰਾਜ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮ੍ਰਿਤਕ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਮੌਤ ਹਸਪਤਾਲ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਮੌਤ ਦਾ ਕਾਰਨ ਬਿਜਲੀ ਨਾ ਹੋਣਾ ਹੈ।
ਸਵੇਰੇ 5:30 ਤੋਂ 8:30 ਵਜੇ ਦਰਮਿਆਨ ਬੱਚਿਆਂ ਦੀ ਮੌਤ
ਸਰਗੁਜਾ ਦੇ ਜ਼ਿਲ੍ਹਾ ਮੈਜਿਸਟਰੇਟ ਕੁੰਦਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਅੰਬਿਕਾਪੁਰ ਦੇ ਹਸਪਤਾਲ ਵਿੱਚ ਸਵੇਰੇ 5:30 ਤੋਂ 8:30 ਵਜੇ ਦਰਮਿਆਨ ਬੱਚਿਆਂ ਦੀ ਮੌਤ ਹੋ ਗਈ। ਕੁਮਾਰ ਨੇ ਅੱਗੇ ਦੱਸਿਆ ਕਿ ਮਰਨ ਵਾਲੇ ਚਾਰ ਬੱਚਿਆਂ ਦੀ ਹਾਲਤ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਦੇ ਸਪੈਸ਼ਲ ਨਿਊਬੋਰਨ ਕੇਅਰ ਯੂਨਿਟ (SNCU) ਵਿੱਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ 'ਚੋਂ ਦੋ ਬੱਚੇ ਵੈਂਟੀਲੇਟਰ 'ਤੇ ਸਨ।
ਬਿਜਲੀ ਨੂੰ ਲੈ ਕੇ ਵੱਖ ਵੱਖ ਰਾਇ
ਉਨ੍ਹਾਂ ਅੱਗੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਸਵੇਰੇ 1 ਵਜੇ ਤੋਂ 1:30 ਵਜੇ ਤੱਕ ਹਸਪਤਾਲ ਵਿੱਚ ਬਿਜਲੀ ਸਪਲਾਈ ਦੀ ਸਮੱਸਿਆ ਆਈ ਸੀ, ਜਿਸ ਨੂੰ ਕੁਝ ਸਮੇਂ ਵਿੱਚ ਹੀ ਠੀਕ ਕਰ ਦਿੱਤਾ ਗਿਆ। ਇਸ ਨਾਲ SNCU ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਨਹੀਂ ਹੁੰਦੀ ਕਿਉਂਕਿ ਇੱਥੇ ਇੱਕ ਵਿਕਲਪਿਕ ਬਿਜਲੀ ਸਪਲਾਈ ਸਿਸਟਮ ਹੈ। ਉਨ੍ਹਾਂ ਦੱਸਿਆ ਕਿ ਅਜੇ ਵੀ 30-35 ਬੱਚੇ ਐੱਸ.ਐੱਨ.ਸੀ.ਯੂ. ਵਿੱਚ ਹੀ ਹਨ। ਅਧਿਕਾਰੀ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਚਾਰਾਂ ਬੱਚਿਆਂ ਦੀ ਮੈਡੀਕਲ ਰਿਪੋਰਟ ਜਲਦੀ ਜਾਰੀ ਕੀਤੀ ਜਾਵੇਗੀ।
ਘਟਨਾ ਦੀ ਜਾਂਚ ਦੇ ਨਿਰਦੇਸ਼
ਇਸ ਦੌਰਾਨ ਸੂਬੇ ਦੇ ਸਿਹਤ ਮੰਤਰੀ ਟੀਐਸ ਸਿੰਘਦੇਓ ਨੇ ਸਿਹਤ ਸਕੱਤਰ ਨੂੰ ਘਟਨਾ ਦੀ ਜਾਂਚ ਲਈ ਟੀਮ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿੰਘਦੇਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਇਸ ਘਟਨਾ ਬਾਰੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਇੱਥੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਹਸਪਤਾਲ ਦੇ ਸਟਾਫ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਰਾਤ ਨੂੰ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਬਿਜਲੀ ਸਪਲਾਈ ਠੱਪ ਰਹੀ, ਜਿਸ ਕਾਰਨ ਬੱਚਿਆਂ ਦੀ ਮੌਤ ਹੋ ਗਈ। ਦੂਜੇ ਪਾਸੇ ਛੱਤੀਸਗੜ੍ਹ ਦੀ ਰਾਜਪਾਲ ਅਨੁਸੂਈਆ ਉਈਕੇ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਸਰਕਾਰ ਨੂੰ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਇਸ 'ਤੇ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chhattisgarh, Crime news, Hospital, National news