ਸਿਰਫ ਦਿੱਲੀ ਹੀ ਨਹੀਂ, ਦੇਸ਼ ਭਰ ਦੇ ਪਟਾਕਾ (Firecrackers) ਕਾਰੋਬਾਰੀਆਂ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਆਦੇਸ਼ ਨਾਲ ਵੱਡਾ ਝਟਕਾ ਲੱਗਾ ਹੈ। ਐਨਜੀਟੀ ਦੇ ਅਨੁਸਾਰ, ਨਾ ਸਿਰਫ ਦਿੱਲੀ-ਐਨਸੀਆਰ ਬਲਕਿ ਦੇਸ਼ ਭਰ ਦੇ ਉਨ੍ਹਾਂ ਸਾਰੇ ਸ਼ਹਿਰਾਂ ਵਿੱਚ ਪਟਾਕੇ ਚਲਾਉਣ ਉਤੇ ਪਾਬੰਦੀ ਹੋਵੇਗੀ ਜੋ ਐਨਜੀਟੀ ਦੇ ਤਾਜ਼ਾ ਹੁਕਮਾਂ ਦੇ ਦਾਇਰੇ ਵਿੱਚ ਆਉਣਗੇ।
ਇਨ੍ਹਾਂ ਸ਼ਹਿਰਾਂ ਵਿਚ ਪਟਾਕੇ ਸਿਰਫ ਦੀਵਾਲੀ 'ਤੇ ਹੀ ਨਹੀਂ ਬਲਕਿ ਕ੍ਰਿਸਮਸ ਅਤੇ ਨਵੇਂ ਸਾਲ 'ਤੇ ਵੀ ਨਹੀਂ ਚੱਲਣਗੇ। ਵਿਆਹ ਸਮਾਗਮਾਂ ਦੇ ਸਮੇਂ ਵੀ ਪਟਾਕੇ ਚਲਾਉਣ ਦੀ ਮਨਾਹੀ ਹੋਵੇਗੀ। ਐਨਜੀਟੀ ਦੇ ਅਨੁਸਾਰ, ਕਿਸੇ ਵੀ ਸ਼ਹਿਰ ਵਿੱਚ ਪਟਾਕੇ ਚਲਾਉਣ ਉਤੇ ਪਾਬੰਦੀ ਲਗਾਉਣ ਦਾ ਇਹ ਅਧਾਰ ਬਣੇਗਾ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ(ਐਨਸੀਆਰ) ਵਿੱਚ 9 ਨਵੰਬਰ ਅੱਧੀ ਰਾਤ ਤੋਂ ਲੈ ਕੇ 30 ਨਵੰਬਰ ਅੱਧੀ ਰਾਤ ਤਕ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਐਨਜੀਟੀ ਦੇ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਸਪਸ਼ਟ ਕੀਤਾ ਹੈ ਕਿ ਇਹ ਪਾਬੰਦੀ ਮੁਲਕ ਦੇ ਹਰ ਉਸ ਸ਼ਹਿਰ ਅਤੇ ਕਸਬੇ ਵਿੱਚ ਲਾਗੂ ਹੋਵੇਗੀ ਜਿਥੇ ਨਵੰਬਰ ਦੇ ਮਹੀਨੇ (ਬੀਤੇ ਵਰ੍ਹੇ ਦੇ ਉਪਲਬਧ ਅੰਕੜਿਆਂ ਅਨੁਸਾਰ) ਵਿੱਚ ਹਵਾ ਦਾ ਪੱਧਰ ‘ਖਰਾਬ’ ਜਾਂ ‘ਅਤਿ ਖਰਾਬ’ ਪੱਧਰ ’ਤੇ ਪੁੱਜ ਗਿਆ ਸੀ।
ਬੈਂਚ ਨੇ ਕਿਹਾ ਕਿ ਉਨ੍ਹਾਂ ਸ਼ਹਿਰਾਂ ਜਾਂ ਕਸਬਿਆਂ ਜਿਥੇ ਹਵਾ ਦਾ ਪੱਧਰ ‘ਦਰਮਿਆਨਾ’ ਜਾਂ ਉਸ ਤੋਂ ਹੇਠਾਂ ਦਰਜ ਕੀਤਾ ਗਿਆ, ਉਥੇ ਸਿਰਫ ਗ੍ਰੀਨ ਪਟਾਕੇ ਵੇਚੇ ਜਾ ਸਕਦੇ ਹਨ ਅਤੇ ਦੀਵਾਲੀ, ਛੱਠ, ਨਵੇਂ ਵਰ੍ਹੇੇ/ ਕਿ੍ਸਮਸ ਦੀ ਪੂਰਵ ਸੰਧਿਆ ਵਰਗੇ ਹੋਰਨਾਂ ਮੌਕਿਆਂ ’ਤੇ ਪਟਾਕੇ ਚਲਾਉਣ ਦਾ ਸਮਾਂ ਦੋ ਘੰਟੇ ਤਕ ਹੀ ਸੀਮਤ ਹੋਵੇਗੀ। ਇਸ ਦੇ ਇਲਾਵਾ ਐਨਜੀਟੀ ਨੇ ਸਭਨਾਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਰ ਤਰ੍ਹਾਂ ਦੇ ਹਵਾ ਪ੍ਰਦੂਸ਼ਣ ’ਤੇ ਕੰਟਰੋਲ ਕਰਨ ਲਈ ਪਹਿਲ ਕਰਨ ਦਾ ਹੁਕਮ ਦਿੱਤਾ ਹੈ, ਕਿਉਂਕਿ ਪ੍ਰਦੂਸ਼ਣ ਨਾਲ ਸੰਭਾਵਿਤ ਤੌਰ ’ਤੇ ਕੋਵਿਡ-19 ਕੇਸਾਂ ਵਿੱਚ ਵਾਧਾ ਹੋ ਸਕਦਾ ਹੈ।
ਐਨਜੀਟੀ ਦਾ ਕਹਿਣਾ ਹੈ ਕਿ ਜਿਨ੍ਹਾਂ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਆਮ ਜਾਂ ਵਧੀਆ ਹੈ, ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੈਅ ਸਮੇਂ ਵਿਚ ਗਰੀਨ ਪਟਾਕੇ ਚਲਾਏ ਜਾ ਸਕਦੇ ਹਨ। ਮੌਸਮ ਵਿਗਿਆਨੀ ਮੰਨਦੇ ਹਨ ਕਿ 0 ਤੋਂ 50 ਦੇ ਵਿਚਕਾਰ ਹਵਾ ਦੀ ਗੁਣਵੱਤਾ ਇੰਡੈਕਸ (ਏਕਿਯੂਆਈ) 'ਚੰਗਾ', 51 ਅਤੇ 100 ਦੇ ਵਿਚਕਾਰ 'ਸੰਤੋਸ਼ਜਨਕ', 101 ਤੋਂ 200 ਦੇ ਵਿਚਕਾਰ 'ਮੱਧਮ', 201 ਅਤੇ 300 ਵਿਚਕਾਰ 'ਮਾੜਾ' 301 ਅਤੇ 400 ਦੇ ਵਿਚਕਾਰ 'ਬਹੁਤ ਬੁਰਾ' ਅਤੇ 401 ਅਤੇ 500 ਦੇ ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cracker, Diwali 2020