ਦੇਸ਼ ਵਿਚ ਬਾਰਸ਼ ਨੂੰ ਲੈ ਕੇ ਪਰੇਸ਼ਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਪਿਛਲੇ 5 ਸਾਲਾਂ 'ਚ ਜਨਵਰੀ 'ਚ ਬਾਰਸ਼ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਮੌਸਮ ਵਿਭਾਗ (IMD) ਅਨੁਸਾਰ ਭਾਰਤ ਵਿੱਚ ਜਨਵਰੀ ਵਿੱਚ ਬਾਰਸ਼ ਪੰਜ ਸਾਲਾਂ ਦੇ ਹੇਠਲੇ ਪੱਧਰ 12.4 ਮਿਲੀਮੀਟਰ 'ਤੇ ਪਹੁੰਚ ਗਈ ਹੈ।
ਇਸ ਮਹੀਨੇ ਵਿੱਚ 25% ਬਾਰਸ਼ ਦੀ ਕਮੀ ਹੈ, ਅਤੇ 31 ਜਨਵਰੀ ਤੱਕ ਇਸ ਘਾਟ ਨੂੰ ਪੂਰਾ ਕਰਨ ਦੀ ਸੰਭਾਵਨਾ ਨਹੀਂ ਹੈ। ਆਈਐਮਡੀ ਦੇ ਅੰਕੜੇ ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਕਮੀ ਨੂੰ ਦਰਸਾਉਂਦੇ ਹਨ।
2019 ਤੋਂ ਭਾਰਤ ਵਿੱਚ ਜਨਵਰੀ ਮਹੀਨੇ ਵਿੱਚ ਲਗਾਤਾਰ ਸਰਦੀਆਂ ਦੀ ਚੰਗੀ ਬਾਰਿਸ਼ ਹੋਈ ਸੀ। ਇਹ 2019 ਵਿੱਚ 18.5 ਮਿਲੀਮੀਟਰ, 2020 ਵਿੱਚ 28.3 ਮਿਲੀਮੀਟਰ, 2021 ਵਿੱਚ 20.2 ਮਿਲੀਮੀਟਰ ਅਤੇ 2022 ਵਿੱਚ 39.5 ਮਿਲੀਮੀਟਰ ਰਿਕਾਰਡ ਕੀਤੀ ਗਈ ਸੀ। ਪਰ ਇਸ ਵਾਰ ਇਸ ਵਿੱਚ ਕਮੀ ਆਈ ਹੈ।
ਸਮਾਚਾਰ ਏਜੰਸੀ TOI ਦੇ ਅਨੁਸਾਰ, IMD ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਦੱਸਿਆ ਕਿ ਪੱਛਮੀ ਗੜਬੜੀ ਦੀ ਗਤੀਵਿਧੀ ਦੇ ਕਾਰਨ ਪੱਛਮ ਅਤੇ ਉੱਤਰ-ਪੱਛਮੀ ਭਾਰਤ ਵਿੱਚ ਜਨਵਰੀ ਵਿੱਚ ਬਾਰਿਸ਼ ਆਮ ਨਾਲੋਂ ਵੱਧ ਰਹੀ ਹੈ। ਹਾਲਾਂਕਿ, ਕਮਜ਼ੋਰ ਪੱਛਮੀ ਗੜਬੜੀ ਦੀ ਗਤੀਵਿਧੀ ਦੇ ਕਾਰਨ ਪਿਛਲੇ ਸਾਲ ਦਸੰਬਰ ਵਿੱਚ ਵੀ ਭਾਰਤ ਵਿੱਚ ਸਮੁੱਚੀ ਸਰਦੀਆਂ ਦੀ ਬਾਰਿਸ਼ ਹੁਣ ਤੱਕ ਆਮ ਨਾਲੋਂ ਘੱਟ ਰਹੀ ਹੈ।
ਪਿਛਲੀ ਪੱਛਮੀ ਗੜਬੜ ਕਾਰਨ ਸਿਰਫ਼ ਪੱਛਮੀ ਹਿਮਾਲੀਅਨ ਖੇਤਰ, ਪੰਜਾਬ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿੱਚ ਮੀਂਹ ਪਿਆ। ਘੱਟ ਬਾਰਿਸ਼ ਕਾਰਨ ਸਰਦੀਆਂ ਦੀਆਂ ਫਸਲਾਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਆਈਐਮਡੀ ਦੇ ਡਾਇਰੈਕਟਰ ਨੇ ਦਿੱਤੇ ਅੰਕੜੇ...
ਬਾਰਸ਼ ਬਾਰੇ ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਬਾਰਸ਼ ਮੰਗਲਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਇਹ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬਰਸਾਤ ਮਹੀਨੇ ਦੌਰਾਨ ਹੁਣ ਤੱਕ ਪਏ ਘਾਟੇ ਨੂੰ ਪੂਰਾ ਨਹੀਂ ਕਰ ਸਕੇਗੀ। ਦੂਜੇ ਪਾਸੇ ਜੇਕਰ ਦਸੰਬਰ ਦੀ ਗੱਲ ਕਰੀਏ ਤਾਂ ਦਸੰਬਰ 2022 ਵਿੱਚ ਵੀ 13.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ, ਜੋ ਦਸੰਬਰ 2016 ਤੋਂ ਬਾਅਦ ਸਭ ਤੋਂ ਘੱਟ ਮਾਸਿਕ ਮਾਤਰਾ ਸੀ। ਦੱਸਿਆ ਗਿਆ ਕਿ ਬਰਸਾਤ ਦੀ ਘਾਟ ਸਰਦੀਆਂ ਦੀਆਂ ਫਸਲਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ICAR-ਭਾਰਤੀ ਖੇਤੀ ਖੋਜ ਸੰਸਥਾਨ ਦੇ ਵਿਗਿਆਨੀ ਰਾਜਬੀਰ ਯਾਦਵ ਨੇ TOI ਨੂੰ ਦੱਸਿਆ ਕਿ ਭਾਰਤ ਵਿੱਚ ਕਣਕ ਦੇ ਜ਼ਿਆਦਾਤਰ ਖੇਤਰ (95 ਪ੍ਰਤੀਸ਼ਤ ਤੋਂ ਵੱਧ) ਸਿੰਚਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦਰਮਿਆਨੀ ਬਾਰਸ਼ ਨਾਲ ਠੰਢ ਦਾ ਸਮਾਂ ਵਧੇਗਾ, ਜੋ ਕਣਕ ਦੀ ਫ਼ਸਲ ਦੀ ਪੈਦਾਵਾਰ ਲਈ ਵਰਦਾਨ ਸਾਬਤ ਹੋਵੇਗਾ। ਯਾਦਵ ਨੇ ਕਿਹਾ ਕਿ ਸਮੇਂ ਸਿਰ ਅਤੇ ਹਲਕੀ ਸਰਦੀ ਦੀ ਬਾਰਿਸ਼ ਸਿੰਚਾਈ 'ਤੇ ਲਾਗਤ ਦੀ ਬੱਚਤ ਕਰਕੇ ਕਣਕ ਦੀ ਪੈਦਾਵਾਰ ਲਈ ਸਹਾਇਕ ਹੈ, ਜੋ ਖਾਸ ਤੌਰ 'ਤੇ ਉਨ੍ਹਾਂ ਕਿਸਾਨਾਂ ਲਈ ਮਦਦਗਾਰ ਹੈ ਜਿਨ੍ਹਾਂ ਕੋਲ ਸਿੰਚਾਈ ਦੀ ਘੱਟ ਸਹੂਲਤ ਹੈ।
ਰਾਜਬੀਰ ਯਾਦਵ ਨੇ ਦੱਸਿਆ ਕਿ ਬਰਸਾਤੀ ਪਾਣੀ ਵਿੱਚ ਨਾਈਟ੍ਰੇਟ ਵੀ ਹੁੰਦਾ ਹੈ, ਜੋ ਕਿ ਫ਼ਸਲ ਦੇ ਵਾਧੇ ਲਈ ਲਾਹੇਵੰਦ ਹੈ। ਜਦੋਂ ਸਰਦੀਆਂ ਖੁਸ਼ਕ ਹੁੰਦੀਆਂ ਹਨ, ਤਾਂ ਫਸਲਾਂ 'ਤੇ ਠੰਡ ਦਾ ਪ੍ਰਕੋਪ ਵੱਧ ਜਾਂਦਾ ਹੈ। ਕੁਝ ਦਿਨ ਪਹਿਲਾਂ ਬਰਸਾਤ ਦੀ ਕਮੀ ਅਤੇ ਅੱਤ ਦੀ ਠੰਡ ਕਾਰਨ ਸਰ੍ਹੋਂ ਦੀ ਫਸਲ ਠੰਡ ਨਾਲ ਪ੍ਰਭਾਵਿਤ ਹੋਈ ਸੀ। ਇਸ ਨਾਲ ਸਰ੍ਹੋਂ ਦੀ ਫ਼ਸਲ ਨੂੰ ਕੁਝ ਨੁਕਸਾਨ ਹੋਇਆ ਹੈ, ਖਾਸ ਕਰਕੇ ਰਾਜਸਥਾਨ ਅਤੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture department, Farmer, Farmer suicide, Punjab farmers