ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਯਾਗਰਾਜ ਵਿਚ ਡੇਂਗੂ ਨਾਲ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਸ਼ਹਿਰ ਦੇ ਇਕ ਕਾਲਜ ਦੇ ਅਧਿਆਪਕ ਦੀ ਕਲਾਸ ਰੂਮ ਵਿੱਚ ਪੜ੍ਹਾਉਂਦੇ ਸਮੇਂ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਡੇਂਗੂ ਤੋਂ ਪੀੜਤ ਸੀ। ਮਾਮਲਾ ਸਿਵਲ ਲਾਈਨ ਇਲਾਕੇ ਦੇ ਸੇਂਟ ਜੋਸੇਫ ਕਾਲਜ ਦਾ ਹੈ। 32 ਸਾਲਾ ਅਧਿਆਪਕ ਅਲਫਰੇਡ ਸੁਮਿਤ ਕੁਮਾਰ ਕੁਜੂਰ ਕੁਝ ਦਿਨ ਪਹਿਲਾਂ ਡੇਂਗੂ ਦੀ ਲਪੇਟ ਵਿੱਚ ਆਇਆ ਸੀ।
ਉਹ ਇੰਟਰ ਦੇ ਬੱਚਿਆਂ ਨੂੰ ਕਾਮਰਸ ਪੜ੍ਹਾਉਂਦਾ ਸੀ। ਵੀਰਵਾਰ ਦੁਪਹਿਰ ਨੂੰ ਵੀ ਉਹ 11ਵੀਂ ਜਮਾਤ ਦੇ ਬੱਚਿਆਂ ਨੂੰ ਕਾਮਰਸ ਦਾ ਵਿਸ਼ਾ ਪੜ੍ਹਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਜਦੋਂ ਤੱਕ ਲੋਕ ਕੁਝ ਸਮਝ ਨਹੀਂ ਪਾਉਂਦੇ, ਉਸ ਦੀ ਜਮਾਤ ਵਿੱਚ ਹੀ ਮੌਤ ਹੋ ਗਈ। ਡੇਂਗੂ ਨਾਲ ਅਧਿਆਪਕ ਦੀ ਮੌਤ ਤੋਂ ਬਾਅਦ ਸਕੂਲ 'ਚ ਹੜਕੰਪ ਮਚ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਦੋ ਦਿਨ ਦੀ ਛੁੱਟੀ ਕਰ ਦਿੱਤੀ ਗਈ। ਅਧਿਆਪਕ ਦੀ ਮੌਤ ਤੋਂ ਬਾਅਦ ਸਕੂਲ ਹੁਣ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਹੀ ਖੁੱਲ੍ਹਣਗੇ।
ਸੇਂਟ ਜੋਸਫ਼ ਕਾਲਜ ਦੇ ਪ੍ਰਿੰਸੀਪਲ ਫਾਦਰ ਥਾਮਸ ਕੁਮਾਰ ਅਨੁਸਾਰ ਕ੍ਰਿਸਚੀਅਨ ਕਲੋਨੀ ਦੇ ਰਹਿਣ ਵਾਲੇ ਅਲਫਰੇਡ ਸੁਮਿਤ ਕੁਮਾਰ ਕੁਜੂਰ ਨੇ ਤਿੰਨ ਮਹੀਨੇ ਪਹਿਲਾਂ ਸਕੂਲ ਵਿੱਚ ਜੁਆਇਨ ਕੀਤਾ ਸੀ। ਉਸ ਦੀ ਮਾਂ ਮੋਰਿਨ ਕੁਜੂਰ ਵੀ ਇਸੇ ਸਕੂਲ ਵਿੱਚ ਹਿੰਦੀ ਪੜ੍ਹਾਉਂਦੀ ਸੀ, ਪਰ ਹੁਣ ਉਹ ਸੇਵਾਮੁਕਤ ਹੋ ਚੁੱਕੀ ਹੈ।
ਕਾਮਰਸ ਅਧਿਆਪਕ ਸੁਮਿਤ ਕੁਮਾਰ ਪਿਛਲੇ ਕਈ ਦਿਨਾਂ ਤੋਂ ਬੁਖਾਰ ਤੋਂ ਪੀੜਤ ਸੀ ਅਤੇ ਉਹ ਡੇਂਗੂ ਤੋਂ ਪੀੜਤ ਪਾਇਆ ਗਿਆ ਸੀ। ਉਸ ਦੇ ਪਲੇਟਲੈਟਸ 25 ਹਜ਼ਾਰ ਤੱਕ ਹੇਠਾਂ ਆ ਗਏ ਸਨ। ਉਹ ਕਈ ਦਿਨਾਂ ਤੋਂ ਛੁੱਟੀ 'ਤੇ ਸੀ। ਬੱਚਿਆਂ ਦਾ ਕਾਮਰਸ ਕੋਰਸ ਪਛੜ ਰਿਹਾ ਸੀ, ਇਸ ਲਈ ਵੀਰਵਾਰ ਨੂੰ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਣ ਉਤੇ ਉਹ ਸਕੂਲ ਵਾਪਸ ਪਰਤਿਆ।
ਪ੍ਰਿੰਸੀਪਲ ਫਾਦਰ ਥਾਮਸ ਕੁਮਾਰ ਅਨੁਸਾਰ ਸੁਮਿਤ ਦਾ ਅੰਤਿਮ ਸੰਸਕਾਰ ਅੱਜ ਮਯੂਰਾਬਾਦ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਸ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ। ਉਸ ਦੀ ਪਤਨੀ ਵੀ ਐਸਐਮਸੀ ਕਾਲਜ ਵਿੱਚ ਅਧਿਆਪਕ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Allahabad, Dengue, Government schools