ਚੰਡੀਗੜ੍ਹ: ਫੌਜ ਵਿੱਚ 6 ਸਾਲ ਸ਼ਾਰਟ ਸ਼ੂਟਰ ਵੱਜੋਂ ਤੈਨਾਤ ਜਸਮੀਤ ਚੌਹਾਨ ਨੇ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈ ਕੇ 'ਮਿਸੇਜ ਇੰਡੀਆ' ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਇਹ ਖਿਤਾਬ ਮੁਕਾਬਲੇ ਵਿੱਚ 100 ਔਰਤਾਂ ਨੂੰ ਪਛਾੜ ਕੇ ਹਾਸਲ ਕੀਤਾ ਹੈ। ਜਸਮੀਤ ਮੌਜੂਦਾ ਸਮੇਂ ਨੈਸ਼ਨਲ ਕ੍ਰਾਈਮ ਇੰਵੈਸਟੀਗੇਸ਼ਨ ਬਿਊਰੋ ਐਨਜੀਓ ਦੀ ਪੰਜਾਬ ਸਟੇਟ ਐਡੀਸ਼ਨਲ ਡਾਇਰੈਕਟਰ ਹਨ।
ਮਿਲਣਸਾਰ ਸੁਭਾਅ ਦੀ ਮਾਲਕ ਕੈਪਟਨ ਜਸਮੀਤ ਕੌਰ ਨੇ ਇਸਤੋਂ ਬਾਅਦ ਇੱਕ ਬਹੁ-ਕੌਮੀ ਕੰਪਨੀ ਵਿੱਚ ਵੀ ਕੰਮ ਕੀਤਾ ਅਤੇ ਉਸ ਨੂੰ ਸਿਖਰ ਤੱਕ ਲੈ ਗਈ। ਉਪਰੰਤ ਉਹ ਆਰਮੀ ਵਾਇਸ ਵੈਲਫ਼ੇਅਰ ਐਸੋਸੀਏਸ਼ਨ ਨਾਲ ਜੁੜੀ ਅਤੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ। ਹੁਣ ਉਹ ਐਨਸੀਆਈਬੀ ਦੀ ਪੰਜਾਬ ਸਟੇਟ ਡਾਇਰੈਕਟਰ ਹੈ ਅਤੇ ਵੱਖ ਵੱਖ ਤਰ੍ਹਾਂ ਦੇ ਜੁਰਮਾਂ 'ਤੇ ਕੰਮ ਕਰ ਰਹੀ ਹੈ।
ਅੰਮ੍ਰਿਤਸਰ ਵਾਸੀ ਲਖਬੀਰ ਸਿੰਘ ਅਤੇ ਮਾਂ ਹਰਪ੍ਰੀਤ ਕੌਰ ਦੀ ਵੱਡੀ ਧੀ ਜਸਮੀਤ ਨੇ ਗੁੜਗਾਓ (ਗੁਰੂਗ੍ਰਾਮ) ਵਿੱਚ ਹੋਏ ਮਿਸੇਜ ਇੰਡੀਆ 2021 ਦਾ ਖਿਤਾਬ ਹਾਸਲ ਕਰ ਲਿਆ ਹੈ। ਉਹ ਬਚਪਨ ਤੋਂ ਹੀ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਸੀ। ਉਹ 2006 ਵਿੱਚ ਭਾਰਤੀ ਫੌਜ ਵਿੱਚ ਬਤੌਰ ਲੈਫਟੀਨੈਂਟ ਕਰਨਲ ਦੀ ਨੌਕਰੀ ਲਈ ਚੁਣੀ ਗਈ ਸੀ, ਜਿਥੇ ਉਸ ਨੇ 6 ਸਾਲ ਮਹਿਲਾ ਸ਼ਾਰਟ ਸ਼ੂਟਰ ਵੱਜੋਂ ਸੇਵਾ ਨਿਭਾਈ।
ਖਿਤਾਬ ਜਿੱਤਣ ਉਪਰੰਤ ਇੱਕ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਵੀ ਪ੍ਰਮਾਤਮਾ ਨੇ ਸਾਰੇ ਗੁਣਾਂ ਦੀ ਧਾਰਨੀ ਬਣਾਇਆ ਹੈ ਅਤੇ ਸਭ ਕੁੱਝ ਕਰਨ ਦੀ ਤਾਕਤ ਬਖਸ਼ੀ ਹੈ, ਜਿਹੜੀ ਕਿਸੇ ਕੋਲ ਨਹੀਂ। ਮਨੁੱਖ ਨੂੰ ਉਮੀਦ ਤੋਂ ਜ਼ਿਆਦਾ ਕਰਮ 'ਤੇ ਭਰੋਸਾ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਜਸਮੀਤ ਕੌਰ ਨੇ ਬਿਊਟੀ ਮੁਕਾਬਲਾ 2021, 100 ਔਰਤਾਂ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਜਿੱਤਿਆ ਹੈ, ਜੋ ਉਨ੍ਹਾਂ ਦੀ ਦ੍ਰਿੜ ਇੱਛਾ ਸ਼ਕਤੀ ਦਾ ਸਬੂਤ ਹੈ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਉਨ੍ਹਾਂ ਦਾ ਮੁਕਾਬਲਾ 35-50 ਸਾਲ ਦੀਆਂ ਔਰਤਾਂ ਨਾਲ ਸੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Indian Army, Inspiration, Shooter