ਨਵੀਂ ਦਿੱਲੀ— 'ਅਗਨੀਪਥ' ਫੌਜੀ ਭਰਤੀ ਯੋਜਨਾ ਦੇ ਵਿਰੋਧ 'ਚ ਕੁਝ ਸੰਗਠਨਾਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸੂਬਾ ਸਰਕਾਰਾਂ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। RAF ਅਤੇ GRP ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸੁਰੱਖਿਆ ਬਲਾਂ ਨੂੰ ਹਿੰਸਾ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੂੰ ਹਿੰਸਾ ਕਰਨ ਵਾਲਿਆਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਭਾਰਤ ਬੰਦ ਦੌਰਾਨ ਹਰ ਗਤੀਵਿਧੀ 'ਤੇ ਸਾਵਧਾਨੀ ਨਾਲ ਨਜ਼ਰ ਰੱਖੀ ਜਾਵੇਗੀ। ਇਸ ਤਹਿਤ ਮੋਬਾਈਲ, ਕੈਮਰੇ, ਸੀਸੀਟੀਵੀ ਨਾਲ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਡਿਜੀਟਲ ਸਬੂਤ ਇਕੱਠੇ ਕੀਤੇ ਜਾਣਗੇ।
ਹਰਿਆਣਾ ਰਾਜ ਦੀ ਫਰੀਦਾਬਾਦ ਪੁਲਿਸ ਨੇ ਭਾਰਤ ਬੰਦ ਦੇ ਮੱਦੇਨਜ਼ਰ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ 2,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣ ਲਈ 12 ਪੁਲਿਸ ਨਾਕੇ ਲਗਾਏ ਗਏ ਹਨ ਅਤੇ ਵੀਡੀਓਗ੍ਰਾਫੀ ਦਾ ਪ੍ਰਬੰਧ ਕੀਤਾ ਗਿਆ ਹੈ | ਹਰਿਆਣਾ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਅਗਨੀਪਥ ਯੋਜਨਾ ਦੇ ਖਿਲਾਫ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ ਹਨ। ਕੇਰਲ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੇ ਕਿਹਾ ਹੈ ਕਿ ਸੋਮਵਾਰ ਨੂੰ ਭਾਰਤ ਬੰਦ ਦੌਰਾਨ ਹਿੰਸਾ ਜਾਂ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਪੂਰੀ ਫੋਰਸ ਡਿਊਟੀ 'ਤੇ ਰਹੇਗੀ।
ਕੇਰਲ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਕਾਰੋਬਾਰਾਂ ਨੂੰ ਜ਼ਬਰਦਸਤੀ ਬੰਦ ਕਰਨ ਤੋਂ ਰੋਕਣ ਅਤੇ ਅਦਾਲਤਾਂ, ਰਾਜ ਬਿਜਲੀ ਬੋਰਡ (ਕੇਐਸਈਬੀ) ਅਤੇ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇਐਸਆਰਟੀਸੀ) ਦੇ ਦਫ਼ਤਰਾਂ ਦੇ ਨਾਲ-ਨਾਲ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਝਾਰਖੰਡ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਕੱਤਰ ਰਾਜੇਸ਼ ਸ਼ਰਮਾ ਨੇ ਕਿਹਾ ਹੈ ਕਿ ਕੁਝ ਸੰਗਠਨਾਂ ਵੱਲੋਂ ਭਾਰਤ ਬੰਦ ਦੇ ਐਲਾਨ ਦੇ ਮੱਦੇਨਜ਼ਰ ਸੋਮਵਾਰ ਨੂੰ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ। ਉੱਤਰ ਪ੍ਰਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਜ਼ਿਲ੍ਹੇ ਵਿੱਚ ਧਾਰਾ 144 ਪਹਿਲਾਂ ਹੀ ਲਾਗੂ ਹੈ, ਗੌਤਮ ਬੁੱਧ ਨਗਰ ਪੁਲਿਸ ਨੇ ਚੇਤਾਵਨੀ ਦਿੱਤੀ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ। ਅਗਨੀਪਥ ਯੋਜਨਾ ਦੇ ਖਿਲਾਫ ਅੰਦੋਲਨ ਦੌਰਾਨ ਯੂਪੀ ਵਿੱਚ ਵੀ ਹਿੰਸਾ ਹੋਈ। ਅਲੀਗੜ੍ਹ, ਬਲੀਆ, ਮਥੁਰਾ, ਦੇਵਰੀਆ ਸਮੇਤ ਕਈ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਅਤੇ ਰੋਡਵੇਜ਼ ਦੀਆਂ ਜਾਇਦਾਦਾਂ ਨੂੰ ਅੱਗ ਲਾ ਦਿੱਤੀ। ਪੰਜਾਬ ਦੇ ਏਡੀਜੀਪੀ (ਲਾਅ ਐਂਡ ਆਰਡਰ) ਨੇ ਸੂਬਾ ਪੁਲਿਸ ਨੂੰ ਸੋਸ਼ਲ ਮੀਡੀਆ ਗਰੁੱਪਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਰਾਹੀਂ ਕਥਿਤ ਤੌਰ 'ਤੇ ਅਗਨੀਪਥ ਸਕੀਮ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agneepath Scheme, Bharat Band, Indian Army, Protest