ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿਚ ਇਕ ਕਾਂਸਟੇਬਲ ਨੂੰ ਕਥਿਤ ਤੌਰ ਉਤੇ ਥੱਪੜ ਮਾਰਨ ਤੇ ਉਸ ਨੂੰ ਗਾਲ੍ਹਾਂ ਕੱਢਣ ਦੇ ਦੋਸ਼ ਹੇਠ ਸਾਬਕਾ ਭਾਜਪਾ ਮੰਤਰੀ ਤੇ ਦੋ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਆਪਣੀ ਸ਼ਿਕਾਇਤ ਵਿਚ ਕਾਂਸਟੇਬਲ ਗਜਰਾਜ ਸਿੰਘ ਨੇ ਦੋਸ਼ ਲਾਇਆ ਹੈ ਕਿ ਸਾਬਕਾ ਮੰਤਰੀ ਕ੍ਰਿਸ਼ਨੇਂਦਰ ਕੌਰ ਦੀਪਾ ਨੇ ਸ਼ੁੱਕਰਵਾਰ ਉਸ ਦੇ ਥੱਪੜ ਮਾਰਿਆ। ਕਾਂਸਟੇਬਲ ਨੇ ਭਾਜਪਾ ਦੀ ਸਾਬਕਾ ਮੰਤਰੀ ਨੂੰ ਉਸ ਦੀ ਕਾਰ ਇਕ ਪੁਲਿਸ ਨਾਕੇ ’ਤੇ ਸੜਕ ਕਿਨਾਰੇ ਪਾਰਕ ਕਰਨ ਲਈ ਕਿਹਾ ਸੀ।
ਸ਼ਾਮ ਕਰੀਬ ਪੌਣੇ ਸੱਤ ਵਜੇ ਸਾਬਕਾ ਮੰਤਰੀ ਦੀ ਕਾਰ ਆਈ ਅਤੇ ਸੜਕ ਵਿਚਕਾਰ ਹੀ ਰੁਕ ਗਈ। ਲਗਾਤਾਰ ਵੱਧਦੀ ਟਰੈਫਿਕ ਨੂੰ ਦੇਖਦਿਆਂ ਉਸ ਨੇ ਸਾਬਕਾ ਮੰਤਰੀ ਕ੍ਰਿਸ਼ਨੇਂਦਰ ਕੌਰ ਦੀਪਾ ਦੀ ਕਾਰ ਨੂੰ ਅੱਗੇ ਨਿਕਲਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਗੱਡੀ ਉਸ ਦੇ ਨੇੜੇ ਆ ਕੇ ਰੁਕੀ ਅਤੇ ਫਿਰ ਸਾਬਕਾ ਮੰਤਰੀ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਸ਼ਰਾਬ ਪੀਤੀ ਹੋਈ ਸੀ। ਕੁਝ ਦੇਰ ਬਾਅਦ ਉਹ ਗਾਲ੍ਹਾਂ ਕੱਢਦੀ ਹੋਈ ਕਾਰ ਤੋਂ ਹੇਠਾਂ ਉਤਰ ਗਈ ਅਤੇ ਕਾਂਸਟੇਬਲ ਨੂੰ ਥੱਪੜ ਮਾਰ ਦਿੱਤਾ।
ਪੁਲਿਸ ਨੇ ਕਾਂਸਟੇਬਲ ਦੀ ਸ਼ਿਕਾਇਤ ਉਤੇ ਕੇਸ ਦਰਜ ਕਰ ਲਿਆ ਹੈ। ਐੱਸਐਚਓ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੀਪਾ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਰਕਾਰ ਵਿਚ ਮੰਤਰੀ ਰਹਿ ਚੁੱਕੀ ਹੈ।
ਕਾਂਸਟੇਬਲ ਨੇ ਪੁਲਿਸ ਨੂੰ ਲਿਖੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਸਾਬਕਾ ਮੰਤਰੀ ਦੀਪਾ ਦੇ ਨਾਲ ਦੋ ਹੋਰ ਵਿਅਕਤੀ ਵੀ ਸਨ। ਉਹ ਸਾਬਕਾ ਮੰਤਰੀ ਦੀ ਮੌਜੂਦਗੀ 'ਚ ਕਾਰ 'ਚੋਂ ਉਤਰ ਕੇ ਗਾਲ੍ਹਾਂ ਕੱਢਣ ਲੱਗ ਪਏ।
ਕੁਝ ਸਮਾਂ ਇਹ ਚੱਲਦਾ ਰਿਹਾ ਅਤੇ ਫਿਰ ਉਹ ਲੋਕ ਉੱਥੋਂ ਚਲੇ ਗਏ। ਇਸ ਤੋਂ ਬਾਅਦ ਕਾਂਸਟੇਬਲ ਗਜਰਾਜ ਨੇ ਇਸ ਦੀ ਸੂਚਨਾ ਆਪਣੇ ਇੰਚਾਰਜ ਪ੍ਰਭੂ ਦਿਆਲ ਨੂੰ ਦਿੱਤੀ। ਪ੍ਰਭੂ ਦਿਆਲ ਨੇ ਇਸ ਘਟਨਾ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਵੀ ਦੱਸਿਆ।
ਇਸ ਤੋਂ ਬਾਅਦ ਕੁਝ ਸਮੇਂ ਬਾਅਦ ਉਸੇ ਦਿਨ ਦੀਪਾ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ। ਗਜਰਾਜ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਹੈ ਕਿ ਸਾਬਕਾ ਮੰਤਰੀ ਨੇ ਉਸ ਦੀ ਵਰਦੀ ਨਾਲ ਵੀ ਛੇੜਛਾੜ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP Protest, Crime news