
ਪੁੱਤ ਨੇ ਕਰਵਾਇਆ ਪਿਉ ਦਾ 40 ਲੱਖ ਦਾ ਬੀਮਾ, ਫਿਰ ਦੋਸਤਾਂ ਨਾਲ ਮਿਲ ਕੇ ਮਾਰ ਦਿੱਤਾ
ਰਾਜਸਥਾਨ ਦੇ ਭਰਤਪੁਰ (Bharatpu) ਜ਼ਿਲ੍ਹੇ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਭਰਤਪੁਰ ਦੇ ਡੀਗ ਥਾਣਾ ਖੇਤਰ 'ਚ ਇਕ ਕਲਯੁਗੀ ਪੁੱਤਰ ਨੇ ਦੁਰਘਟਨਾ ਬੀਮਾ ਦਾ ਫਰਜ਼ੀ ਕਲੇਮ ਲੈਣ ਲਈ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਆਪਣੇ ਪਿਤਾ ਦਾ ਹਥੌੜੇ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਮੁਲਜ਼ਮਾਂ ਨੇ ਇਸ ਵਾਰਦਾਤ ਨੂੰ 24 ਦਸੰਬਰ ਦੀ ਦੇਰ ਰਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਸੱਚਾਈ ਸੁਣ ਕੇ ਪੁਲਿਸ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਗਈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਜਾਣਕਾਰੀ ਮੁਤਾਬਕ ਕਤਲ ਹੋਇਆ ਮੋਹਕਮ, ਡੀਗ ਦੇ ਸਦਰ ਥਾਣਾ ਖੇਤਰ ਦੇ ਪਿੰਡ ਨਗਲਾ ਭਧਈ ਦਾ ਰਹਿਣ ਵਾਲਾ ਸੀ। ਮੋਹਕਮ ਆਪਣੇ ਬੇਟੇ ਰਾਜੇਸ਼ ਨਾਲ ਫਰੀਦਾਬਾਦ ਰਹਿੰਦਾ ਸੀ। ਕਰੀਬ ਚਾਰ ਮਹੀਨੇ ਪਹਿਲਾਂ ਰਾਜੇਸ਼ ਨੇ ਆਪਣੇ ਪਿਤਾ ਮੋਹਕਮ ਦਾ ਚਾਰ ਵੱਖ-ਵੱਖ ਬੈਂਕਾਂ ਵਿੱਚ 40 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਰਵਾਇਆ ਸੀ।
ਇਸ ਤੋਂ ਬਾਅਦ ਉਸ ਨੇ ਇਸ ਬੀਮੇ ਦਾ ਫਰਜ਼ੀ ਕਲੇਮ ਖੜ੍ਹਾ ਕਰਨ ਦੀ ਯੋਜਨਾ ਬਣਾਈ। ਇਸ ਦੇ ਲਈ ਮੋਹਕਮ ਨੂੰ ਪਿੰਡ ਵਿਚ ਲਿਆਉਣ ਦੀ ਯੋਜਨਾ ਤਿਆਰ ਕੀਤੀ ਗਈ।
ਪੁਲਿਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ 24 ਦਸੰਬਰ ਨੂੰ ਰਾਜੇਸ਼ ਆਪਣੇ ਦੋਸਤਾਂ ਨਾਲ ਯੋਜਨਾਬੱਧ ਤਰੀਕੇ ਨਾਲ ਆਪਣੇ ਪਿਤਾ ਨੂੰ ਘਰ ਲਿਆ ਰਿਹਾ ਸੀ। ਸ਼ਾਮ ਨੂੰ ਰਸਤੇ ਵਿੱਚ ਰਾਜੇਸ਼ ਨੇ ਆਪਣੇ ਪਿਤਾ ਅਤੇ ਸਾਥੀਆਂ ਨੂੰ ਪਹਿਲਾਂ ਸ਼ਰਾਬ ਪਿਲਾਈ।
ਇਸ ਤੋਂ ਬਾਅਦ ਡੀਗ ਥਾਣਾ ਖੇਤਰ ਦੇ ਪਿੰਡ ਦੀਦਵਾਲੀ ਨੇੜੇ ਮੌਕਾ ਦੇਖ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਤਾ ਦਾ ਹਥੌੜੇ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਾਅਦ 'ਚ ਲਾਸ਼ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਗਿਆ ਤਾਂ ਜੋ ਇਹ ਕਿਸੇ ਹਾਦਸੇ ਦਾ ਰੂਪ ਲੈ ਸਕੇ।
ਸ਼ੱਕ ਹੋਣ ਉਤੇ ਜਦੋਂ ਪੁਲਿਸ ਨੇ ਤਿੰਨਾਂ ਨੌਜਵਾਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਸੱਚਾਈ ਦਾ ਪਰਦਾਫਾਸ਼ ਕੀਤਾ। ਤਿੰਨਾਂ ਮੁਲਜ਼ਮਾਂ ਨੇ ਮੋਹਕਮ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਹੈ। ਉਸ ਨੇ ਦੱਸਿਆ ਕਿ ਉਸ ਨੇ ਐਕਸੀਡੈਂਟਲ ਇੰਸ਼ੋਰੈਂਸ ਕਲੇਮ ਲੈਣ ਲਈ ਹੀ ਮੋਹਕਮ ਮਾਰਿਆ ਸੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।