ਖੇਤੀ ਮੰਤਰੀ ਤੋਮਰ ਦੇ ਵਿਰੋਧ ਮਗਰੋਂ ਕੁਲੈਕਟਰ ਤੇ ਐੱਸਪੀ ਦਾ ਤਬਾਦਲਾ. (ਫਾਇਲ ਫੋਟੋ) ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇੱਕ ਦਿਨ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਜ਼ਿਲ੍ਹਾ ਕੁਲੈਕਟਰ ਅਤੇ ਐੱਸਪੀ ਦਾ ਤਬਾਦਲਾ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਦਾ ਕਾਰਨ ਹੜ੍ਹਾਂ ਕਾਰਨ ਬਣੇ ਹਾਲਾਤ ਨਾਲ ਨਜਿੱਠਣ ਵਿਚ ਨਕਾਮੀ ਦੱਸਿਆ ਜਾ ਰਿਹਾ ਹੈ।
ਕੇਂਦਰੀ ਮੰਤਰੀ ਤੋਮਰ ਜਦੋਂ ਸ਼ਿਓਪੁਰ ਸ਼ਹਿਰ ਦੇ ਕਰੇਸ਼ੀਆ ਬਾਜ਼ਾਰ ਦਾ ਦੌਰਾ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਹ ਖੇਤਰ ਕੇਂਦਰੀ ਮੰਤਰੀ ਦੇ ਲੋਕ ਸਭਾ ਹਲਕੇ ਮੋਰੇਨਾ ਵਿਚ ਪੈਂਦਾ ਹੈ।
ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਕੁੱਝ ਲੋਕਾਂ ਵੱਲੋਂ ਤੋਮਰ ਦੇ ਕਾਫ਼ਲੇ ਦੀਆਂ ਗੱਡੀਆਂ ’ਤੇ ਚਿੱਕੜ ਵੀ ਸੁੱਟਿਆ ਗਿਆ ਸੀ। ਜਾਰੀ ਆਦੇਸ਼ ਵਿੱਚ ਮੱਧ ਪ੍ਰਦੇਸ਼ ਸਰਕਾਰ ਨੇ ਸ਼ਿਓਪੁਰ ਜ਼ਿਲ੍ਹਾ ਕੁਲੈਕਟਰ ਰਾਕੇਸ਼ ਸ੍ਰੀਵਾਸਤਵ ਨੂੰ ਸੂਬਾ ਸਕੱਤਰੇਤ ਵਿਚ ਡਿਪਟੀ ਸਕੱਤਰ ਲਾ ਦਿੱਤਾ ਹੈ।
ਉਨ੍ਹਾਂ ਦੀ ਥਾਂ ਗਵਾਲੀਅਰ ਨਗਰ ਨਿਗਮ ਦੇ ਕਮਿਸ਼ਨਰ ਸ਼ਿਵਮ ਵਰਮਾ ਨੂੰ ਸ਼ਿਓਪੁਰ ਦਾ ਕੁਲੈਕਟਰ ਲਾਇਆ ਗਿਆ ਹੈ। ਇੱਕ ਹੋਰ ਆਦੇਸ਼ ਵਿੱਚ ਸ਼ਿਓਪੁਰ ਦੇ ਐੱਸਪੀ ਸੰਪਤ ਉਪਾਧਿਆਇ ਨੂੰ ਪੁਲਿਸ ਹੈੱਡਕੁਆਰਟਰ ਵਿੱਚ ਏਆਈਜੀ ਲਾਇਆ ਗਿਆ, ਜਦੋਂਕਿ ਗਵਾਲੀਅਰ ਦੇ ਏਆਈਜੀ ਅਨੁਰਾਗ ਸੁਜਾਨੀਆ ਨੂੰ ਸ਼ਿਓਪੁਰ ਦਾ ਐੱਸਪੀ ਨਿਯੁਕਤ ਕੀਤਾ ਗਿਆ ਹੈ।
Published by: Gurwinder Singh
First published: August 09, 2021, 12:49 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।