ਨਵੀਂ ਦਿੱਲੀ- ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਕਈ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚਕਾਰ ਖੇਡ ਮੰਤਰਾਲੇ ਨੇ ਵੱਡੀ ਕਾਰਵਾਈ ਕੀਤੀ ਹੈ। ਮੰਤਰਾਲੇ ਨੇ ਕੁਸ਼ਤੀ ਫੈਡਰੇਸ਼ਨ (WFI) ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ, ਤੋਮਰ ਦੇ ਖਿਲਾਫ ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਉਨ੍ਹਾਂ ਨੇ ਬ੍ਰਿਜ ਭੂਸ਼ਣ ਸਿੰਘ ਦਾ ਸਮਰਥਨ ਕਰਦਿਆਂ ਧਰਨੇ 'ਤੇ ਬੈਠੇ ਪਹਿਲਵਾਨਾਂ ਦੇ ਇਰਾਦਿਆਂ 'ਤੇ ਸਵਾਲ ਉਠਾਏ ਸਨ।
ਵਿਨੋਦ ਤੋਮਰ ਨੇ ਕੁਸ਼ਤੀ ਮਹਾਸੰਘ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਬਚਾਅ ਕਰਦਿਆਂ ਉਨ੍ਹਾਂ 'ਤੇ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਸੀ ਕਿ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਲਈ ਡਬਲਯੂਐੱਫਆਈ ਦੇ ਪ੍ਰਧਾਨ ਵਿਰੁੱਧ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।
ਤੋਮਰ ਨੇ ਕਿਹਾ ਸੀ, 'ਇਲਜ਼ਾਮ ਬੇਬੁਨਿਆਦ ਹਨ। ਤਿੰਨ-ਚਾਰ ਦਿਨ ਹੋ ਗਏ ਹਨ (ਧਰਨੇ 'ਤੇ ਬੈਠੇ ਪਹਿਲਵਾਨਾਂ ਨੇ) ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ। ਮੈਂ ਪਿਛਲੇ 12 ਸਾਲਾਂ ਤੋਂ ਉਨ੍ਹਾਂ ਨਾਲ ਜੁੜਿਆ ਹੋਇਆ ਹਾਂ ਅਤੇ ਮੈਂ ਕਦੇ ਵੀ ਅਜਿਹੀ ਕੋਈ ਘਟਨਾ ਜਾਂ ਦੋਸ਼ ਨਹੀਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਖੇਡ ਮੰਤਰਾਲੇ ਵੱਲੋਂ ਉਨ੍ਹਾਂ ਖਿਲਾਫ ਜਾਂਚ ਪੈਡਿੰਗ ਰਹਿਣ ਤੱਕ ਡਬਲਯੂਐਫਆਈ ਦੇ ਪ੍ਰਧਾਨ ਨੇ ਇਹ ਅਹੁਦਾ ਛੱਡ ਦਿੱਤਾ ਹੈ।
ਤੋਮਰ ਨੇ ਕਿਹਾ, 'ਉਨ੍ਹਾਂ ਦੇ ਖਿਲਾਫ ਚੱਲ ਰਹੀ ਜਾਂਚ ਖਤਮ ਹੋਣ ਤੱਕ ਉਹਨਾਂ ਨੇ ਆਪਣੇ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਅਸਤੀਫਾ ਨਹੀਂ ਦਿੱਤਾ ਹੈ, ਪਰ ਆਪਣੇ ਆਪ ਨੂੰ WFI ਦੇ ਰੋਜ਼ਾਨਾ ਦੇ ਮਾਮਲਿਆਂ ਤੋਂ ਦੂਰ ਕਰ ਲਿਆ ਹੈ। ਭਾਰਤੀ ਪਹਿਲਵਾਨਾਂ ਨੇ ਸ਼ੁੱਕਰਵਾਰ ਦੇਰ ਰਾਤ ਸਰਕਾਰ ਤੋਂ ਕਾਰਵਾਈ ਦੀ ਗਾਰੰਟੀ ਮਿਲਣ ਤੋਂ ਬਾਅਦ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਕਿ WFI ਮੁਖੀ ਅਤੇ ਹੋਰ ਉੱਚ ਅਧਿਕਾਰੀਆਂ ਵਿਰੁੱਧ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਧਰਨੇ 'ਤੇ ਬੈਠੇ ਸਟਾਰ ਪਹਿਲਵਾਨਾਂ ਨਾਲ ਦੇਰ ਰਾਤ ਤੱਕ ਗੱਲਬਾਤ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਓਲੰਪੀਅਨ ਐਮਸੀ ਮੈਰੀਕਾਮ ਦੀ ਅਗਵਾਈ ਵਾਲੀ ਸੱਤ ਮੈਂਬਰੀ 'ਨਿਗਰਾਨੀ ਕਮੇਟੀ' ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਦੋਸ਼ਾਂ ਦੀ ਜਾਂਚ ਮੁਕੰਮਲ ਨਹੀਂ ਕਰ ਲੈਂਦੀ, ਉਤੋਂ ਤੱਕ ਉਹ WFI ਦੇ ਰੋਜ਼ਾਨਾ ਦੇ ਮਾਮਲਿਆਂ ਤੋਂ ਦੂਰ ਰਹਿਣਗੇ। ਖੇਡ ਮੰਤਰੀ ਨੇ ਦੱਸਿਆ ਸੀ ਕਿ ਜਾਂਚ ਕਮੇਟੀ ਨੂੰ ਆਪਣੀ ਰਿਪੋਰਟ ਦੇਣ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anurag Thakur, Central government, Delhi, Haryana, Wrestling