Home /News /national /

ਭਾਜਪਾ ਵੱਲੋਂ ਹਰਿਆਣਾ ਵਿਚ ਘੜੀ ਸੀ ਮੇਰੇ ਉਤੇ ਹਮਲੇ ਦੀ ਸਾਜ਼ਿਸ: ਟਿਕੈਤ

ਭਾਜਪਾ ਵੱਲੋਂ ਹਰਿਆਣਾ ਵਿਚ ਘੜੀ ਸੀ ਮੇਰੇ ਉਤੇ ਹਮਲੇ ਦੀ ਸਾਜ਼ਿਸ: ਟਿਕੈਤ

  • Share this:

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅਲਵਰ ਦੀ ਘਟਨਾ ਮਗਰੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਮਗਰੋਂ ਸ਼ਾਂਤ ਰਹਿਣ। ਉਨ੍ਹਾਂ ਕਿਹਾ ਕਿ ਹਮਲੇ ਦੀ ਸਾਜ਼ਿਸ਼ ਭਾਜਪਾ ਵੱਲੋਂ ਹਰਿਆਣਾ ਵਿੱਚ ਘੜੀ ਗਈ ਸੀ। ਉਨ੍ਹਾਂ ਕਿਹਾ ਕਿ ਹਮਲੇ ਨਾਲ ਜੁੜੇ ਲੋਕ ‘ਏਬੀਵੀਪੀ’ ਦੇ ਸਰਗਰਮ ਕਾਰਕੁਨ ਹਨ ਅਤੇ ਸੰਸਦ ਮੈਂਬਰ ਬਾਲਕ ਨਾਥ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੇ ਕਰੀਬੀ ਹਨ।

ਉਨ੍ਹਾਂ ਕਿਹਾ ਕਿ ਹਮਲੇ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵਿੱਚ ਚਰਚਾ ਕੀਤੀ ਜਾਵੇਗੀ। ਸ੍ਰੀ ਟਿਕੈਤ ਨੇ ਕਿਹਾ ਕਿ ਅਜਿਹੀਆਂ ਸਾਜ਼ਿਸ਼ਾਂ ਤੋਂ ਉਹ ਡਰਨ ਵਾਲੇ ਨਹੀਂ ਹਨ ਅਤੇ ਕਿਸਾਨ ਅੰਦੋਲਨ ਦੇ ਪ੍ਰੋਗਰਾਮ ਬਾਦਸਤੂਰ ਜਾਰੀ ਰਹਿਣਗੇ। ਉਨ੍ਹਾਂ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੋੋਰਚੇ ਦੇ ਆਗੂਆਂ ਨਾਲ ਸੜਕਾਂ ’ਤੇ ਅਜਿਹੀਆਂ ਘਟਨਾਵਾਂ ਅੱਗੇ ਵਾਪਰੀਆਂ ਤਾਂ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸੜਕਾਂ ’ਤੇ ਚੱਲਣਾ ਮੁਸ਼ਕਲ ਬਣਾ ਦੇਵਾਂਗੇ।

ਦੱਸ ਦਈਏ ਕਿ ਦਿੱਲੀ ਦੇ ਗਾਜ਼ੀਪੁਰ ਮੋਰਚੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਕਾਫ਼ਲੇ ਉਪਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ’ਚ ਉਹ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੂੰ ਦੂਜੀ ਕਾਰ ’ਚ ਅਗਲੇ ਮੁਕਾਮ ਵੱਲ ਰਵਾਨਾ ਕੀਤਾ ਗਿਆ। ਹਮਲੇ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਦਾ ਕਾਫ਼ਲਾ ਅਲਵਰ ਦੇ ਹਰਸੋਲਾ ਤੋਂ ਬਾਂਸੁਰ ਨੂੰ ਜਾ ਰਿਹਾ ਸੀ। ਸਥਾਨਕ ਪੁਲਿਸ ਨੇ ਇਕ ਵਿਦਿਆਰਥੀ ਆਗੂ ਸਮੇਤ ਚਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਕੁਝ ਲੋਕਾਂ ਨੇ ਟਿਕੈਤ ਦੇ ਕਾਫ਼ਲੇ ’ਤੇ ਪੱਥਰ ਮਾਰੇ ਅਤੇ ਡੰਡੇ ਵੀ ਚਲਾਏ।

ਸ੍ਰੀ ਟਿਕੈਤ ਨੇ ਹਮਲੇ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦਿਆਂ ਸੋਸ਼ਲ ਮੀਡੀਆ ਉਪਰ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਤਾਰਪੁਰ ਚੌਰਾਹੇ ’ਤੇ ਭਾਜਪਾ ਦੇ ਗੁੰਡਿਆਂ ਨੇ ਉਨ੍ਹਾਂ ਦੇ ਕਾਫ਼ਲੇ ਉਪਰ ਹਮਲਾ ਕੀਤਾ। ਆਪਣੀ ਭੰਨੀ ਹੋਈ ਕਾਰ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਦੀਆਂ ਤਸਵੀਰਾਂ ਹਨ।

Published by:Gurwinder Singh
First published:

Tags: Kisan andolan, Rakesh Tikait BKU